July 5, 2024 7:51 pm
ਕਾਵਿ-ਸੰਗ੍ਰਹਿ

ਮੋਹਾਲੀ: ‘ਜ਼ਿੰਦਗੀ ਦੇ ਰੂ-ਬ-ਰੂ’ ਕਾਵਿ-ਸੰਗ੍ਰਹਿ ਦਾ ਲੋਕ ਅਰਪਣ ਅਤੇ ਵਿਚਾਰ ਚਰਚਾ ਕਰਵਾਈ

ਐਸ.ਏ.ਐਸ.ਨਗਰ, 18 ਦਸੰਬਰ, 2023: ਜ਼ਿਲ੍ਹਾ ਭਾਸ਼ਾ ਦਫ਼ਤਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਮੰਗਲਵਾਰ ਨੂੰ ਕੇਵਲਜੀਤ ਸਿੰਘ ‘ਕੰਵਲ’ ਦਾ ਕਾਵਿ-ਸੰਗ੍ਰਹਿ ‘ਜ਼ਿੰਦਗੀ ਦੇ ਰੂ-ਬ-ਰੂ’ ਲੋਕ ਅਰਪਣ ਅਤੇ ਵਿਚਾਰ ਚਰਚਾ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਕੇਵਲਜੀਤ ਸਿੰਘ ‘ਕੰਵਲ’ ਨੂੰ ਕਾਵਿ-ਸੰਗ੍ਰਹਿ ‘ਜ਼ਿੰਦਗੀ ਦੇ ਰੂ-ਬ-ਰੂ’ ਲਈ ਮੁਬਾਰਕਬਾਦ ਦਿੱਤੀ।

ਉਨ੍ਹਾਂ ਆਖਿਆ ਕਿ ਹਥਲੀ ਪੁਸਤਕ ਸਮੁੱਚੇ ਰੂਪ ਵਿਚ ਜ਼ਿੰਦਗੀ ਦੀ ਭਰਪੂਰਤਾ ਨੂੰ ਸਮਰਪਿਤ ਹੈ। ਡਾ. ਬੋਹਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਵੀ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।

ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਾਵਿ-ਸੰਗ੍ਰਹਿ ‘ਜ਼ਿੰਦਗੀ ਦੇ ਰੂ-ਬ-ਰੂ’ ਨੂੰ ਲੋਕ ਅਰਪਣ ਕਰਨ ਉਪਰੰਤ ਵਿਚਾਰ ਚਰਚਾ ਦੀ ਪ੍ਰਧਾਨਗੀ ਕਰ ਰਹੇ ਸ਼੍ਰੀ ਸੁਰਿੰਦਰ ਸਿੰਘ ਸੁੰਨੜ ਵੱਲੋਂ ਆਖਿਆ ਗਿਆ ਕਿ ਜ਼ਿੰਦਗੀ ਦੇ ਸਰੋਕਾਰਾਂ ਦੀ ਬਾਤ ਪਾਉਂਦੀ ਇਹ ਕਵਿਤਾ ਜ਼ਿੰਦਗੀ ਦੇ ਉਤਸਵ ਦੀ ਕਵਿਤਾ ਹੋ ਨਿਬੜਦੀ ਹੈ। ਇਸ ਵਿਚਲਾ ਕਾਵਿ-ਪਾਤਰ ਕੁਦਰਤ ਨਾਲ ਸੰਬਾਦਕੀ ਰਿਸ਼ਤਾ ਸਿਰਜਦਾ ਹੈ। ਮੁੱਖ ਮਹਿਮਾਨ ਡਾ. ਲਖਵਿੰਦਰ ਸਿੰਘ ਜੌਹਲ ਵੱਲੋਂ ਆਖਿਆ ਗਿਆ ਕਿ ਸਾਹਿਤਕਾਰ ਦਾ ਫ਼ਰਜ਼ ਹੁੰਦਾ ਹੈ ਕਿ ਉਹ ਅਜਿਹਾ ਸਮਾਜ ਬੋਧ ਪੈਦਾ ਕਰੇ ਕਿ ਪਾਠਕ ਆਪਣੇ ਆਲੇ-ਦੁਆਲੇ ਪਸਰੇ ਕੁਹਜ ਅਤੇ ਕੁਰੀਤੀਆਂ ਪ੍ਰਤੀ ਚੇਤੰਨ ਹੋ ਸਕੇ। ਇਸ ਪੁਸਤਕ ਦੇ ਲੇਖਕ ਨੇ ਹਥਲੇ ਕਾਵਿ-ਸੰਗ੍ਰਹਿ ਵਿੱਚ ਇਹ ਫ਼ਰਜ਼ ਬਾਖ਼ੂਬੀ ਨਿਭਾਇਆ ਹੈ।

ਵਿਸ਼ੇਸ਼ ਮਹਿਮਾਨ ਦਿਲਬਾਗ ਸਿੰਘ ਅਨੁਸਾਰ ਇਨ੍ਹਾਂ ਸਰਲ ਅਤੇ ਸਧਾਰਨ ਦਿੱਖ ਵਾਲੀਆਂ ਕਵਿਤਾਵਾਂ ਦੀ ਪਿੱਠਭੂਮੀ ਵਿਚ ਅਸਧਾਰਨਤਾ ਫੈਲੀ ਹੋਈ ਹੈ। ਉਨ੍ਹਾਂ ਇਹ ਵੀ ਆਖਿਆ ਕਿ ਇਨ੍ਹਾਂ ਕਵਿਤਾਵਾਂ ਵਿਚ ਗਦ ਕਵਿਤਾ ਦਾ ਗੁਣ ਸ਼ਾਮਲ ਹੈ। ਪ੍ਰਿੰ. ਬਹਾਦਰ ਸਿੰਘ ਗੋਸਲ ਵੱਲੋਂ ਆਖਿਆ ਗਿਆ ਕਿ ਇਹ ਕਵਿਤਾ ਸਮਾਜਿਕ ਸਿਸਟਮ ਵਿਰੁੱਧ ਬਾਗੀ ਸੁਰ ਅਖ਼ਤਿਆਰ ਕਰਦੀ ਹੋਈ ਨਰੋਏ ਪ੍ਰਬੰਧ ਦੀ ਸਿਰਜਣਾ ਲਈ ਯਤਨਸ਼ੀਲ ਹੈ।

ਪਰਚਾ ਲੇਖਕ ਗੁਰਜੰਟ ਸਿੰਘ ਵੱਲੋਂ ‘ਸਮਕਾਲੀ ਜੀਵਨ ਬੋਧ ਦਾ ਕਾਵਿ ਪ੍ਰਵਚਨ ‘ਜ਼ਿੰਦਗੀ ਦੇ ਰੂ-ਬ-ਰੂ’ ਵਿਸ਼ੇ ’ਤੇ ਪ੍ਰਭਾਵਪੂਰਨ ਪਰਚਾ ਪੜ੍ਹਦੇ ਹੋਏ ਕਿਹਾ ਕਿ ‘ਕੰਵਲ’ ਹਰ ਪ੍ਰਕਾਰ ਦੇ ਵਿਤਕਰੇ ਅਤੇ ਸੋਸ਼ਣ ਨੂੰ ਰੱਦਦਾ ਹੋਇਆ ਮਾਨਵਵਾਦੀ-ਸਮਾਜਵਾਦੀ ਵਿਚਾਰਧਾਰਾ ਨੂੰ ਸਥਾਪਤ ਕਰਦਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕਵੀ ਉਤਰ-ਆਧੁਨਿਕਤਾ ਦੇ ਤਲਿੱਸਮ ਵਿਚ ਜੜ੍ਹ ਹੋ ਚੁੱਕੀ ਮਨੁੱਖੀ ਚੇਤਨਾ ਨੂੰ ਝੰਜੋੜਦਾ ਹੈ। ਕੇਵਲਜੀਤ ਸਿੰਘ ‘ਕੰਵਲ’ ਵੱਲੋਂ ਆਪਣੀ ਪੁਸਤਕ ਬਾਰੇ ਆਖਿਆ ਗਿਆ ਕਿ ਸਮਾਜਿਕ ਨਾਬਰਾਬਰੀ ਅਤੇ ਪਾੜਾ ਮੈਨੂੰ ਵਿਚਲਿਤ ਕਰਦਾ ਹੈ। ਇਸੇ ਪੀੜ ਨੂੰ ਵਿਅਕਤ ਕਰਦੀ ਮੇਰੀ ਕਲਮ ਮਾਨਵਤਾ ਦਾ ਹੋਕਾ ਦਿੰਦੀ ਹੈ ਅਤੇ ਬੰਦੇ ਨੂੰ ਬੰਦਾ ਬਣੇ ਰਹਿਣ ਲਈ ਪ੍ਰੇਰਿਤ ਕਰਦੀ ਹੈ। ਇਸ ਮੌਕੇ ਉਨ੍ਹਾਂ ਵੱਲੋਂ ਆਪਣੀਆਂ ਕਈ ਕਵਿਤਾਵਾਂ ਦਾ ਪਾਠ ਵੀ ਕੀਤਾ ਗਿਆ।

ਇਨ੍ਹਾਂ ਤੋਂ ਇਲਾਵਾ ਵਿਚਾਰ ਚਰਚਾ ਵਿਚ ਸਤਬੀਰ ਕੌਰ ਅਤੇ ਬਲਕਾਰ ਸਿੰਘ ਸਿੱਧੂ ਵੱਲੋਂ ਵੀ ਆਪਣੇ ਵਿਚਾਰਾਂ ਦੀ ਸਾਂਝ ਪਾਈ ਗਈ। ਬਲਵਿੰਦਰ ਸਿੰਘ ਢਿੱਲੋਂ ਵੱਲੋਂ ਕਾਵਿ-ਸੰਗ੍ਰਹਿ ‘ਜ਼ਿੰਦਗੀ ਦੇ ਰੂ-ਬ-ਰੂ’ ਵਿੱਚੋਂ ਕਵਿਤਾ ‘ਦੋ ਬੋਹੜ’ ਦਾ ਕਵਿਤਾ-ਪਾਠ ਕੀਤਾ ਗਿਆ। ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ।

ਇਸ ਮੌਕੇ ਪ੍ਰਭਜੋਤ ਕੌਰ ਢਿੱਲੋਂ, ਕਰਨਲ ਅਮਰਜੀਤ ਸਿੰਘ ਢਿੱਲੋਂ, ਰਾਜਵਿੰਦਰ ਸਿੰਘ ਗੱਡੂ, ਡਾ. ਸੁਨੀਤਾ ਸੈਣੀ, ਬਲਕਾਰ ਸਿੰਘ ਸਿੱਧੂ, ਮਨਜੀਤਪਾਲ ਸਿੰਘ, ਗੁਰਚਰਨ ਸਿੰਘ, ਧਿਆਨ ਸਿੰਘ ਕਾਹਲੋਂ, ਡਾ. ਮਨਜੀਤ ਸਿੰਘ ‘ਮਝੈਲ’, ਕਮਲਜੀਤ ਸਿੰਘ ਬਨਵੈਤ, ਧਿਆਨ ਸਿੰਘ ਕਾਹਲੋਂ, ਰਾਜਿੰਦਰ ਰੇਨੂੰ, ਵਿੱਕੀ ਸਿੰਘ, ਦਰਸ਼ਨ ਤਿਉਣਾ, ਮਨਜੀਤ ਕੌਰ ਮੀਤ, ਜਸਪਾਲ ਸਿੰਘ ਦੇਸੂਵੀ, ਐਡਵੋਕੇਟ ਨੀਲਮ ਨਾਰੰਗ, ਭਗਤ ਰਾਮ ਰੰਗਾੜਾ ਵੱਲੋਂ ਵੀ ਸ਼ਿਰਕਤ ਕੀਤੀ ਗਈ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।