ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਅਪ੍ਰੈਲ 2025: ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ (Dr. Ravjot Singh) ਨੇ ਅੱਜ ਮਿਉਂਸਪਲ ਕਾਰਪੋਰੇਸ਼ਨ ਮੋਹਾਲੀ ਦਾ ਦੌਰਾ ਕੀਤਾ ਅਤੇ ਮੋਹਾਲੀ ਸ਼ਹਿਰ ਨਾਲ ਸੰਬੰਧਿਤ ਸਮੱਸਿਆਵਾਂ ਦਾ ਜਾਇਜ਼ਾ ਲਿਆ। ਬੈਠਕ ਨੂੰ ਸੰਬੋਧਨ ਕਰਦਿਆਂ ਡਾ. ਰਵਜੋਤ ਸਿੰਘ ਨੇ ਕਿਹਾ ਕਿ ਇਸ ਵਿਸ਼ੇਸ਼ ਦੌਰੇ ਦਾ ਉਦੇਸ਼ ਮੋਹਾਲੀ ਸ਼ਹਿਰ ਨੂੰ ਟਰਾਈਸਿਟੀ ਦਾ ਸਭ ਤੋਂ ਬੇਹਤਰੀਨ ਸ਼ਹਿਰ ਬਣਾਉਣਾ ਹੈ |
ਇਸ ਦੌਰਾਨ ਐਸ.ਏ.ਐਸ ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨਾਲ ਸਹਿਰ ‘ਚ ਵੱਖ-ਵੱਖ ਥਾਵਾਂ ਦਾ ਵੀ ਦੌਰਾ ਕੀਤਾ | ਇਨ੍ਹਾਂ ‘ਚ ਮੌਲੀ ਵੈਦਵਾਨ ਅਤੇ ਫੇਜ਼-11 ਦੇ ਆਰਐਮਸੀ ਪੁਆਇੰਟ, ਮਟੌਰ ਦਾ ਗਾਰਬੇਜ ਵਲਨਰੇਬਲ ਪੁਆਇੰਟ, ਬਾਵਾ ਫਾਈਟ ਹਾਊਸ ਤੋਂ ਫੇਜ਼-7 ਤੱਕ ਚੌੜੀ ਹੋ ਰਹੀ ਸੜਕ ਦਾ ਜਾਇਜ਼ਾ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਿਛਲੇ ਪਾਸੇ ਪੈਂਦੇ ਨੇਚਰ ਪਾਰਕ ਦਾ ਜਾਇਜ਼ਾ ਵੀ ਲਿਆ ਗਿਆ। ਇਸ ਮੌਕੇ ਵਿਧਾਇਕ ਸ. ਕੁਲਵੰਤ ਸਿੰਘ ਨੇ ਡਾ. ਰਵਜੋਤ ਸਿੰਘ ਨੂੰ ਮੋਹਾਲੀ ਸ਼ਹਿਰ ਦੀਆਂ ਸਮੱਸਿਆਵਾਂ ਤੋਂ ਜਾਣੂੰ ਕਰਵਾਇਆ |
ਡਾ. ਰਵਜੋਤ ਸਿੰਘ (Dr. Ravjot Singh) ਨੇ ਵਿਧਾਇਕ ਸ. ਕੁਲਵੰਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਮੋਹਾਲੀ ਸ਼ਹਿਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦਾ ਜਲਦ ਹੱਲ ਕੱਢਿਆ ਜਾਵੇਗਾ | ਜਿਨ੍ਹਾਂ ‘ਚ ਟਰੈਫਿਕ ਦੀ ਸਭ ਤੋਂ ਵੱਡੀ ਸਮੱਸਿਆ ਹੈ, ਉਸਦੇ ਹੱਲ ਲਈ ਜਲਦ ਹੀ ਚੰਡੀਗੜ੍ਹ ਵਿਖੇ ਐਮ.ਸੀ ਅਤੇ ਗਮਾਡਾ ਦੀ ਸਾਂਝੀ ਬੈਠਕ ਕਰਕੇ ਵਿਸ਼ੇਸ਼ ਰਣਨੀਤੀ ਉਲੀਕੀ ਜਾਵੇਗੀ, ਤਾਂ ਜੋ ਮੋਹਾਲੀ ਨੂੰ ਪੰਜਾਬ ਦੇ ਸਭ ਤੋਂ ਸੋਹਣੇ ਸ਼ਹਿਰ ਵਜੋਂ ਉਭਾਰਿਆ ਜਾ ਸਕੇ।
ਸਥਾਨਕ ਸਰਕਾਰ ਮੰਤਰੀ ਡਾ. ਰਵਜੋਤ ਸਿੰਘ ਮੁਤਾਬਕ ਮੋਹਾਲੀ ਸ਼ਹਿਰ ਗਮਾਡਾ ਅਤੇ ਨਗਰ ਨਿਗਮ ਵੱਲੋਂ ਕੰਟਰੋਲ ਕੀਤਾ ਜਾਂਦਾ ਹੋਣ ਕਾਰਨ ਬਹੁਤ ਸਾਰੀਆਂ ਮੁਸ਼ਕਿਲਾਂ ਦੋਵਾਂ ਵਿਭਾਗਾਂ ਨਾਲ ਸੰਬੰਧਿਤ ਹਨ, ਜਿਸ ਦੇ ਹੱਲ ਲਈ ਜਲਦੀ ਹੀ ਚੰਡੀਗੜ੍ਹ ਵਿਖੇ ਨਗਰ ਨਿਗਮ ਅਤੇ ਗਮਾਡਾ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਬੈਠਕ ਸੱਦੀ ਜਾਵੇਗੀ ਅਤੇ ਸਾਰੀਆਂ ਮੁਸ਼ਕਿਲਾਂ ‘ਤੇ ਵਿਚਾਰ ਕੀਤਾ ਜਾਵੇਗਾ।
ਡਾ. ਰਵਜੋਤ ਸਿੰਘ ਨੇ ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਕੋਲੋਂ ਨਿਗਮ ਦੀ ਆਮਦਨੀ, ਸ਼ਹਿਰ ਦੇ ਸਫਾਈ ਪ੍ਰਬੰਧ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਪ੍ਰਾਪਰਟੀ ਟੈਕਸ, ਨਕਸ਼ਾ ਫੀਸ, ਮੋਹਾਲੀ ਦੇ ਪਿੰਡਾਂ ‘ਚ ਹੋ ਰਹੀਆਂ ਉਸਾਰੀਆਂ ਆਦਿ ਬਾਰੇ ਵਿਸਤਾਰ ਨਾਲ ਜਾਣਕਾਰੀ ਹਾਸਲ ਕੀਤੀ ਹੈ।
ਬੈਠਕ ਦੌਰਾਨ ਸਥਾਨਕ ਸਰਕਾਰ ਵਿਭਾਗ ਦੇ ਵਧੀਕ ਪ੍ਰਮੁੱਖ ਸਕੱਤਰ ਤੇਜਵਰ ਸਿੰਘ ਨੇ ਡਾ. ਰਵਜੋਤ ਸਿੰਘ ਨੂੰ ਦੱਸਿਆ ਕਿ ਮੋਹਾਲੀ ਸ਼ਹਿਰ ‘ਚ ਤੇਜ਼ੀ ਨਾਲ ਆ ਰਹੇ ਹਾਊਸਿੰਗ ਪ੍ਰੋਜੈਕਟਾਂ ਦੇ ਮੱਦੇ ਨਜ਼ਰ ਸ਼ਹਿਰ ਦਾ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ, ਜਿਸ ਲਈ ਮੌਜੂਦਾ ਸੁਵਿਧਾਵਾਂ ਘੱਟ ਪੈ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸਭ ਤੋਂ ਵੱਧ ਪਸੰਦ ਕੀਤੇ ਜਾਂਦੇ ਮੋਹਾਲੀ ਸ਼ਹਿਰ ਦੇ ਵਿਕਾਸ ਲਈ ਅਤੇ ਸੁੰਦਰੀਕਰਨ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।
ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਵਿਧਾਇਕ ਨੇ ਕਿਹਾ ਕਿ ਮੋਹਾਲੀ ਸ਼ਹਿਰ ਅਤੇ ਇਸਦੇ ਪਿੰਡਾਂ ਤੱਕ ਦੀ ਨੁਹਾਰ ਬਦਲਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਸ਼ਹਿਰ ਨੂੰ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਉਪਰਾਲੇ ਇਸੇ ਤਰ੍ਹਾਂ ਜਾਰੀ ਰਹਿਣਗੇ |
ਬੈਠਕ ਦੌਰਾਨ ਸ਼ਹਿਰ ਦੇ ਕੂੜਾ ਡੰਪ ਅਤੇ ਗਮਾਡਾ ‘ਚ ਪੈਂਦੇ ਖੇਤਰਾਂ ਦੇ ਕੂੜੇ ਦੀ ਸਾਂਭ ਸੰਭਾਲ ਬਾਰੇ ਵੀ ਵਿਸ਼ੇਸ਼ ਤੌਰ ‘ਤੇ ਚਰਚਾ ਕੀਤੀ ਅਤੇ ਇਸ ਦੇ ਹੱਲ ਲਈ ਗਮਾਡਾ ਅਤੇ ਐਮ.ਸੀ ਦੀ ਸਾਂਝੇ ਤੌਰ ‘ਤੇ ਬੈਠਕ ਕਰਨ ਦਾ ਫੈਸਲਾ ਲਿਆ ਹੈ।
ਇਸਦੇ ਨਾਲ ਹੀ ਸ਼ਹਿਰ ‘ਚ ਹੋ ਰਹੀ ਮਕੈਨੀਕਲ ਸਫਾਈ ਅਤੇ ਮੈਨੂਅਲ ਸਫਾਈ ਦਾ ਜਾਇਜਾ ਲੈਂਦਿਆਂ, ਸਫਾਈ ਦੇ ਨਾਲ-ਨਾਲ ਸੜਕਾਂ ਦੇ ਆਲੇ-ਦੁਆਲੇ ਪਏ ਕੂੜੇ ਅਤੇ ਮਲਬੇ ਦੇ ਢੇਰਾਂ ਨੂੰ ਵੀ ਸਾਫ ਕਰਵਾਉਣ ਲਈ ਕਿਹਾ ਹੈ। ਸਥਾਨਕ ਸਰਕਾਰ ਮੰਤਰੀ ਨੇ ਸ਼ਹਿਰ ਦੇ ਪਾਰਕਾਂ ਦੀ ਵਿਸ਼ੇਸ਼ ਤੌਰ ‘ਤੇ ਸਾਂਭ ਸੰਭਾਲ ਲਈ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨਾਂ ਨਾਲ ਤਾਲਮੇਲ ਕਰਕੇ ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪਣ ਲਈ ਕਿਹਾ।
Read More: ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਜਗਤਪੁਰਾ ਵਿਖੇ ਸੋਲਡ ਵੇਸਟ ਮੈਨੇਜਮੈਂਟ ਤੇ ਆਂਗਣਵਾੜੀ ਸੈਂਟਰ ਦਾ ਰੱਖਿਆ ਨੀਂਹ ਪੱਥਰ