invest

ਭਵਿੱਖੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਛੇਤੀ ਹੀ ਮੋਹਾਲੀ ਦਾ ਹੋਵੇਗਾ ਆਪਣਾ ਲੈਂਡ ਬੈਂਕ

ਐਸ.ਏ.ਐਸ.ਨਗਰ, 09 ਜਨਵਰੀ, 2024: ਆਪਣੇ ਪਸੰਦੀਦਾ ਨਿਵੇਸ਼ ਸਥਾਨ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਨਿਵੇਸ਼ (invest) ਕਰਨ ਦੇ ਇੱਛੁਕ ਨਿਵੇਸ਼ਕਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਪੰਚਾਇਤਾਂ ਅਤੇ ਹੋਰ ਵਿਭਾਗਾਂ ਕੋਲ ਮੌਜੂਦ ਜ਼ਮੀਨ ਦੇ ਆਧਾਰ ‘ਤੇ ਆਪਣਾ ਲੈਂਡ ਬੈਂਕ (ਉਪਲਬਧ ਜ਼ਮੀਨ ਦੇ ਵੇਰਵੇ) (land bank) ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਜਿਲ੍ਹਾ ਨਿਵੇਸ਼ ਦੇ ਉਦੇਸ਼ਾਂ ਲਈ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ, ਇਸ ਲਈ ਸਭ ਤੋਂ ਪਹਿਲੀ ਅਤੇ ਸਭ ਤੋਂ ਵੱਡੀ ਲੋੜ ਜ਼ਮੀਨ ਦੀ ਉਪਲਬਧਤਾ ਹੈ। ਇਸ ਮੁੱਦੇ ਨੂੰ ਹੱਲ ਕਰਨ ਲਈ, ਜ਼ਿਲ੍ਹਾ ਪ੍ਰਸ਼ਾਸਨ ਪੰਚਾਇਤਾਂ ਅਤੇ ਹੋਰ ਵਿਭਾਗਾਂ ਕੋਲ ਉਪਲਬਧ ਖਾਲੀ ਜ਼ਮੀਨ ਦੀ ਸੂਚੀ ਤਿਆਰ ਕਰਨ ਜਾ ਰਿਹਾ ਹੈ।

ਏ.ਡੀ.ਸੀ. (ਪੇਂਡੂ ਵਿਕਾਸ) ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਨਾਲ ਆਪਣੇ ਦਫ਼ਤਰ ਵਿਖੇ ਮੀਟਿੰਗ ਕਰਦੇ ਹੋਏ, ਉਨ੍ਹਾਂ ਨੇ ਉਨ੍ਹਾਂ ਦੋਵਾਂ ਨੂੰ ਖਾਲੀ ਪਈਆਂ ਜ਼ਮੀਨਾਂ ਦੀ ਵਿਸਤ੍ਰਿਤ ਸੂਚੀ ਤਿਆਰ ਕਰਨ ਲਈ ਕਿਹਾ, ਜਿਸ ਵਿੱਚ ਸਾਰੀ ਲੋੜੀਂਦੀ ਜਾਣਕਾਰੀ ਮੌਜੂਦ ਹੋਵੇ ਜਿਵੇਂ ਹਵਾਈ ਅੱਡੇ ਤੋਂ ਦੂਰੀ, ਮੌਜੂਦਾ ਰਾਸ਼ਟਰੀ ਰਾਜਮਾਰਗ ਤੋਂ ਦੂਰੀ, ਭਵਿੱਖ ਵਿੱਚ ਬਣਨ ਵਾਲੇ ਰਾਸ਼ਟਰੀ ਰਾਜਮਾਰਗ ਆਦਿ। ਵੇਰਵਿਆਂ ਵਿੱਚ ਜ਼ਮੀਨ ਦੇ ਟੁਕੜੇ ਦੇ ਆਕਾਰ ਅਤੇ ਇਸ ਦੀਆਂ ਦਿਸ਼ਾਵਾਂ ਦੀ ਜਾਣਕਾਰੀ ਵੀ ਹੋਣੀ ਚਾਹੀਦੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਚਾਰ ਵਿਕਾਸ ਬਲਾਕ; ਮਾਜਰੀ, ਮੁਹਾਲੀ, ਖਰੜ ਅਤੇ ਡੇਰਾਬੱਸੀ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਵਿਕਾਸ ਬਲਾਕ ਰਾਜਪੁਰਾ ਦੇ ਨਾਲ 27 ਪਿੰਡ ਆਉਂਦੇ ਹਨ। ਜ਼ਿਲ੍ਹੇ ਵਿੱਚ ਸਲਾਨਾ ਚਕੋਤੇ ਦੇ ਮਕਸਦ ਲਈ ਵਰਤੀ ਜਾ ਰਹੀ ਕੁੱਲ ਜ਼ਮੀਨ 3800 ਏਕੜ ਹੈ। ਉਨ੍ਹਾਂ ਕਿਹਾ ਕਿ ਇਹ ਧਿਆਨ ਵਿੱਚ ਰੱਖਿਆ ਜਾਵੇਗਾ ਕਿ ਸਿਰਫ਼ ਉਹੀ ਜ਼ਮੀਨਾਂ ਦੀ ਪੇਸ਼ਕਸ਼ ਕੀਤੀ ਜਾਵੇਗੀ ਜਿੱਥੇ ਮੌਜੂਦਾ ‘ਲੀਜ਼ ਮਨੀ’ ਤੋਂ ਵਧੇਰੇ ਮਾਲੀਆ ਪੈਦਾਵਾਰ ਦੀ ਪੇਸ਼ਕਸ਼ ਹੋਵੇ।

ਇਸ ਤੋਂ ਇਲਾਵਾ, ਲੈਂਡ ਬੈਂਕ ਦੀ ਇੱਕ ਸੂਚੀ ਤਿਆਰ ਕਰਨ ਤੋਂ ਬਾਅਦ, ਵੱਖ-ਵੱਖ ਰੰਗਾਂ ਵਿੱਚ ਸਾਈਟਾਂ ਦੀ ਨਿਸ਼ਾਨਦੇਹੀ ਕਰਕੇ ਇਸਨੂੰ ਡਿਜੀਟਲ ਵੀ ਬਣਾਇਆ ਜਾਵੇਗਾ। ਉਸਨੇ ਅੱਗੇ ਕਿਹਾ ਕਿ ਇਹ ਭਵਿੱਖ ਦੇ ਨਿਵੇਸ਼ (invest) ਲਈ ਪ੍ਰਮਾਣਿਕ ਡੇਟਾਬੇਸ ਵਜੋਂ ਵਰਤਿਆ ਜਾਵੇਗਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਮੋਹਾਲੀ ਨਿਵੇਸ਼ਕਾਂ ਦੀ ਸਹੂਲਤ ਲਈ ਪੂਰੀ ਵਾਹ ਲਾ ਰਿਹਾ ਹੈ ਤਾਂ ਜੋ ਪੰਜਾਬ ਨੂੰ ਵੱਧ ਤੋਂ ਵੱਧ ਪ੍ਰਗਤੀਸ਼ੀਲ ਬਣਾਉਣ ਅਤੇ ਵੱਧ ਤੋਂ ਵੱਧ ਰੁਜ਼ਗਾਰ ਪੈਦਾ ਕਰਨ ਲਈ ਨਿਵੇਸ਼ਕਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾ ਸਕੇ।

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ੍ਰੀਮਤੀ ਸੋਨਮ ਚੌਧਰੀ ਅਤੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਮਨਿੰਦਰ ਪਾਲ ਸਿੰਘ ਚੌਹਾਨ ਨੇ ਡਿਪਟੀ ਕਮਿਸ਼ਨਰ ਨੂੰ ਜ਼ਿਲ੍ਹੇ ਨੂੰ ਨਿਵੇਸ਼ਕਾਂ ਦੇ ਅਨੁਕੂਲ ਬਣਾਉਣ ਲਈ ਪੂਰੇ ਵੇਰਵਿਆਂ ਸਮੇਤ ਜਲਦੀ ਤੋਂ ਜਲਦੀ ਪ੍ਰਮਾਣਿਤ ਲੈਂਡ ਬੈਂਕ ਤਿਆਰ ਕਰਨ ਦਾ ਭਰੋਸਾ ਦਿੱਤਾ।

Scroll to Top