voter

ਮੋਹਾਲੀ: ਵੋਟਰ ਸੂਚੀਆਂ ਦੀ ਸਪੈਸ਼ਲ ਸੁਧਾਈ ਸਬੰਧੀ ਪ੍ਰੋਗਰਾਮ 27 ਅਕਤੂਬਰ ਤੋਂ ਸ਼ੁਰੂ ਹੋਵੇਗਾ

ਐੱਸ.ਏ.ਐੱਸ ਨਗਰ, 09 ਅਕਤੂਬਰ: ਮੁੱਖ ਚੋਣ ਅਫ਼ਸਰ, ਪੰਜਾਬ,ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ ਇੱਕ ਜਨਵਰੀ 2024 ਦੇ ਆਧਾਰ ਤੇ ਵੋਟਰ ਸੂਚੀਆਂ (voter lists) ਦੀ ਸਪੈਸ਼ਲ ਸੁਧਾਈ ਸਬੰਧੀ ਪ੍ਰੋਗਰਾਮ ਮਿਤੀ 27 ਅਕਤੂਬਰ ਤੋਂ ਸ਼ੁਰੂ ਹੋ ਰਿਹਾ ਹੈ। ਮਿਤੀ 27 ਅਕਤੂਬਰ ਤੋਂ 09 ਦਸੰਬਰ ਤੱਕ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ।

ਇਸੇ ਤਰ੍ਹਾਂ ਬੂਥ ਲੈਵਲ ਅਫ਼ਸਰ (ਬੀ.ਐਲ.ਓਜ਼) ਦੁਆਰਾ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਲਈ ਮਿਤੀ 04 ਨਵੰਬਰ (ਸ਼ਨੀਵਾਰ) ਅਤੇ 05 ਨਵੰਬਰ (ਐਤਵਾਰ) ਅਤੇ 02 ਦਸੰਬਰ (ਸ਼ਨੀਵਾਰ) ਅਤੇ 03 ਦਸੰਬਰ (ਐਤਵਾਰ) ਨੂੰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੋਲਿੰਗ ਸਟੇਸ਼ਨਾਂ ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ, ਐਸ.ਏ.ਐਸ.ਨਗਰ ਆਸ਼ਿਕਾ ਜੈਨ ਨੇ ਦੱਸਿਆ ਕਿ ਸਮੂਹ ਈ.ਆਰ.ਓਜ਼ ਵੱਲੋਂ ਆਪਣੇ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਇਨ੍ਹਾਂ ਕੈਂਪਾਂ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਹਰ ਪੋਲਿੰਗ ਸਟੇਸ਼ਨ ਉਪਰ ਦੋਵੇ ਦਿਨ ਇਹ ਵਿਸ਼ੇਸ਼ ਕੈਂਪ ਲੱਗਣ। ਉਨ੍ਹਾਂ ਕਿਹਾ ਕਿ ਸਪੈਸ਼ਲ ਕੈਂਪ ਦੌਰਾਨ ਬੀ.ਐਲ.ਓਜ਼ ਪੋਲਿੰਗ ਸਟੇਸ਼ਨ ਵਿੱਚ ਨਾਗਰਿਕਾਂ/ਵੋਟਰਾਂ ਪਾਸੋਂ ਦਾਅਵੇ/ਇਤਰਾਜ (ਫਾਰਮ ਨੰ.6, 7 ਅਤੇ 8) ਪ੍ਰਾਪਤ ਕਰਨਗੇ। ਇਸ ਤੋਂ ਇਲਾਵਾ ਅਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਲਿੰਕ ਕਰਨ ਦੇ ਟੀਚੇ ਨੂੰ ਵੀ ਪੂਰਾ ਕੀਤਾ ਜਾਵੇਗਾ।

18-19 ਸਾਲ ਦੇ ਯੁਵਾ ਅਤੇ ਦਿਵਿਆਂਗਜਨਾਂ ਦੀਆਂ ਵੋਟਾਂ ਬਣਾਉਣ ਲਈ ਵੀ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ 1 ਜਨਵਰੀ 2024 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਸਮੂਹ ਨੌਜਵਾਨ ਲੜਕੇ-ਲੜਕੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਵੋਟਾਂ (voter lists) ਜ਼ਰੂਰ ਬਣਾਉਣ। ਵੋਟ ਬਣਾਉਣ ਲਈ ਫਾਰਮ ਨੰ. 6, ਵੋਟ ਕਟਵਾਉਣ ਲਈ ਫਾਰਮ ਨੰ. 7, ਵੋਟ ਵਿੱਚ ਸੋਧ ਕਰਵਾਉਣ/ਵੋਟ ਸ਼ਿਫਟ ਕਰਵਾਉਣ ਲਈ ਫਾਰਮ ਨੰ. 8 https://voters.eci.gov.in/ ਅਤੇ Voter helpline App ਤੇ ਭਰਿਆਂ ਜਾ ਸਕਦਾ ਹੈ। ਜ਼ਿਲ੍ਹਾ ਚੋਣ ਅਫ਼ਸਰ, ਐਸ.ਏ.ਐਸ. ਨਗਰ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ 4 ਤੇ 5 ਨਵੰਬਰ ਨੂੰ ਪੋਲਿੰਗ ਸਟੇਸ਼ਨਾਂ ਤੇ ਲੱਗ ਰਹੇ ਵਿਸ਼ੇਸ਼ ਕੈਂਪ ਵਿੱਚ ਬੀ.ਐਲ.ਓਜ਼. ਅਧਿਕਾਰੀਆਂ ਨੂੰ ਪੂਰਾ-ਪੂਰਾ ਸਹਿਯੋਗ ਦੇਣ।

 

Scroll to Top