July 7, 2024 3:37 pm
Mohali

ਮੋਹਾਲੀ: ਪੁਲਿਸ ਨੇ ਬੱਚੀ ਦੀ ਮ੍ਰਿਤਕ ਦੇਹ ਕਬਰ ‘ਚੋਂ ਕਢਵਾਈ, ਪਰਿਵਾਰ ਨੇ ਕਤਲ ਦਾ ਸ਼ੱਕ ਜਤਾਇਆ

ਚੰਡੀਗੜ੍ਹ, 6 ਫਰਵਰੀ 2024: ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ (Mohali) ਜ਼ਿਲੇ ਦੇ ਨਵਾਂਗਾਓਂ ‘ਚ 2 ਫਰਵਰੀ ਨੂੰ ਪਾਣੀ ਦੀ ਟੈਂਕੀ ‘ਚ ਡੁੱਬਣ ਕਾਰਨ 6 ਸਾਲਾ ਬੱਚੀ ਸਿਮਰਨ ਦੀ ਮੌਤ ਦੇ ਮਾਮਲੇ ਦੀ ਜਾਂਚ ਤੇਜ਼ ਹੋ ਗਈ ਹੈ। ਅੱਜ ਡਿਊਟੀ ਮੈਜਿਸਟਰੇਟ ਦੀ ਅਗਵਾਈ ਵਿੱਚ ਪੁਲਿਸ ਨੇ ਬੱਚੀ ਦੀ ਮ੍ਰਿਤਕ ਦੇਹ ਚੰਡੀਗੜ੍ਹ ਦੇ ਸੈਕਟਰ-25 ਸ਼ਮਸ਼ਾਨਘਾਟ ਦੀ ਕਬਰ ਵਿੱਚੋਂ ਕਢਵਾਈ।

ਇਸ ਮੌਕੇ ਨਾਇਬ ਤਹਿਸੀਲਦਾਰ ਮਾਜਰੀ ਜਸਵੀਰ ਕੌਰ, ਖਰੜ ਹਸਪਤਾਲ ਦੇ ਡਾਕਟਰ ਰਾਹੁਲ ਭੱਲਾ ਅਤੇ ਏਐਸਆਈ ਰਾਮੇਸ਼ਵਰ ਦਾਸ ਹਾਜ਼ਰ ਸਨ। ਹੁਣ ਲਾਸ਼ ਦਾ ਪੋਸਟਮਾਰਟਮ ਖਰੜ ਹਸਪਤਾਲ ਵਿੱਚ ਕਰਵਾਇਆ ਜਾਵੇਗਾ। ਪੁਲਿਸ ਪੋਸਟਮਾਰਟਮ ਕਰਵਾ ਕੇ ਹਾਦਸੇ ਅਤੇ ਕਤਲ ਦੀ ਸੰਭਾਵਨਾ ਦੀ ਜਾਂਚ ਕਰੇਗੀ। ਇਸ ਤੋਂ ਬਾਅਦ ਪੁਲਿਸ ਆਪਣੀ ਵਿਸਤ੍ਰਿਤ ਰਿਪੋਰਟ ਐਸਡੀਐਮ ਨੂੰ ਸੌਂਪੇਗੀ।

ਪੀੜਤ ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੀ ਬੱਚੀ ਦਾ ਕਤਲ ਕਰਕੇ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ ਗਿਆ ਹੈ। ਪਰਿਵਾਰ ਨੇ ਇਸ ਦੀ ਸ਼ਿਕਾਇਤ ਸਥਾਨਕ ਪੁਲਿਸ (Mohali) ਨੂੰ ਕਰ ਦਿੱਤੀ ਹੈ। ਇਸ ਮਗਰੋਂ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਡੀਐਮ ਖਰੜ ਤੋਂ ਕਬਰ ਪੁੱਟ ਕੇ ਲਾਸ਼ ਕੱਢਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਐਸ.ਡੀ.ਐਮ ਨੇ ਫੋਰੈਂਸਿਕ ਸਮੇਤ ਹੋਰ ਟੀਮਾਂ ਦੀ ਨਿਗਰਾਨੀ ਹੇਠ ਜਾਂਚ ਦੇ ਹੁਕਮ ਦਿੱਤੇ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ 2 ਫਰਵਰੀ ਨੂੰ ਬੱਚੀ ਦੀ ਮੌਤ ਹੋ ਗਈ ਸੀ ਤਾਂ ਉਸ ਦਾ ਪੋਸਟਮਾਰਟਮ ਨਹੀਂ ਕਰਵਾਇਆ ਗਿਆ ਸੀ।

ਬੱਚੀ ਦੀ ਮਾਂ ਪ੍ਰਿਅੰਕਾ ਨੇ ਦੱਸਿਆ ਕਿ ਉਸ ਸਮੇਂ ਲੜਕੀ ਘਰੋਂ ਲਾਪਤਾ ਹੋ ਗਈ ਸੀ। ਸ਼ਾਮ 5:40 ਵਜੇ ਉਸ ਨੂੰ ਗੁਆਂਢੀਆਂ ਨੇ ਘਰ ਦੇ ਬਾਹਰ ਖੇਡਦਿਆਂ ਦੇਖਿਆ, ਪਰ ਜਦੋਂ ਉਹ ਘਰ ਨਹੀਂ ਪਹੁੰਚੀ ਤਾਂ ਆਂਢ-ਗੁਆਂਢ ‘ਚ ਤਲਾਸ਼ੀ ਲਈ ਗਈ। ਗੁਆਂਢ ਵਿੱਚ ਮਕਾਨ ਬਣਾ ਰਹੇ ਵਿਅਕਤੀ ਦੀ ਪਾਣੀ ਵਾਲੀ ਟੈਂਕੀ ਦੀ ਚੈਕਿੰਗ ਕੀਤੀ ਗਈ। ਉਥੇ ਬੱਚੀ ਨਹੀਂ ਮਿਲੀ ਪਰ ਜਦੋਂ ਗਲੀ ‘ਚ ਰੌਲਾ ਪੈਣ ਲੱਗਾ ਤਾਂ ਉਸ ਨੇ ਖੁਦ ਹੀ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਕੇ ਲੈ ਕੇ ਗਿਆ | ਦੁਬਾਰਾ ਜਾਂਚ ਕਰਨ ਤੋਂ ਬਾਅਦ ਰਾਤ ਕਰੀਬ 8 ਵਜੇ ਬੱਚੀ ਦੀ ਲਾਸ਼ ਪਾਣੀ ਦੀ ਟੈਂਕੀ ‘ਚੋਂ ਮਿਲੀ। ਇਸ ਕਾਰਨ ਪਰਿਵਾਰ ਨੂੰ ਉਸ ਦੇ ਕਤਲ ਦਾ ਸ਼ੱਕ ਹੋ ਗਿਆ ਹੈ। ਮ੍ਰਿਤਕ ਸਿਮਰਨ ਦੇ ਪਿਤਾ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਲੜਕੀ ਪਹਿਲੀ ਜਮਾਤ ਵਿੱਚ ਪੜ੍ਹਦੀ ਸੀ।