July 3, 2024 7:29 am
Thalassemia

ਮੋਹਾਲੀ: ਜ਼ਿਲ੍ਹਾ ਹਸਪਤਾਲ ‘ਚ ਥੈਲੇਸੀਮੀਆ ਸਬੰਧੀ ਜਾਗਰੂਕਤਾ ਸਮਾਗਮ ਕਰਵਾਇਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਮਈ 2024: ਵਿਸ਼ਵ ਥੈਲੇਸੀਮੀਆ ਦਿਹਾੜੇ (World Thalassemia Day) ਸਬੰਧੀ ਜ਼ਿਲ੍ਹਾ ਹਸਪਤਾਲ ਵਿਚ 8 ਮਈ ਤੋਂ 17 ਮਈ ਤੱਕ ਜਾਗਰੂਕਤਾ ਸਮਾਗਮ ਕਰਵਾਏ ਗਏ। ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਭਵਨੀਤ ਭਾਰਤੀ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ. ਚੀਮਾ ਨੇ ਦੱਸਿਆ ਕਿ ਇਸ ਰੋਗ ਪ੍ਰਤੀ ਜਾਗਰੂਕਤਾ ਵਧਾਉਣ ਲਈ ਨਰਸਿੰਗ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਅਤੇ ਭਾਸ਼ਣਕਾਰੀ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਖ਼ੂਨ-ਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 63 ਯੂਨਿਟ ਖ਼ੂਨ ਇਕੱਠਾ ਹੋਇਆ l

ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਆਮ ਲੋਕਾਂ ਖ਼ਾਸ ਕਰਕੇ ਵਿਆਹਯੋਗ ਲੜਕੇ-ਲੜਕੀਆਂ ਨੂੰ ਇਹ ਸੁਨੇਹਾ ਦੇਣਾ ਹੈ ਕਿ ਵਿਆਹ ਤੋਂ ਪਹਿਲਾਂ ਗੋਤ ਜਾਂ ਕੁੰਡਲੀਆਂ ਮਿਲਾਉਣ ਨਾਲੋਂ ਵੀ ਵੱਧ ਜ਼ਰੂਰੀ ਥੈਲੇਸੀਮੀਆ ਦੇ ਪੱਧਰ ਬਾਰੇ ਪਤਾ ਲਗਾਉਣਾ ਹੈ।

ਉਨ੍ਹਾਂ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਅਗਲੀ ਪੀੜ੍ਹੀ ਨੂੰ ਇਸ ਰੋਗ ਤੋਂ ਬਚਾਉਣ ਲਈ ਵਿਆਹਯੋਗ ਲੜਕੇ-ਲੜਕੀਆਂ ਦਾ ਵਿਆਹ ਤੋਂ ਪਹਿਲਾਂ ਟੈਸਟ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪਹਿਲੀ ਤਿਮਾਹੀ ਵਾਲੀਆਂ ਗਰਭਵਤੀ ਬੀਬੀਆਂ, ਵਿਆਹਯੋਗ ਜੋੜੇ ਅਤੇ ਉਹ ਬੀਬੀਆਂ ਜਿਨ੍ਹਾਂ ਦਾ ਅਨੀਮੀਆ ਠੀਕ ਨਹੀਂ ਹੁੰਦਾ, ਉਹ ਆਪਣਾ ਟੈਸਟ ਕਰਵਾ ਕੇ ਇਸ ਰੋਗ ਦੇ ਵਾਧੇ ਦੀ ਰੋਕਥਾਮ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ ਅਤੇ ਆਪਣੇ ਥੈਲੇਸੀਮੀਆ ਲਈ ਜਾਂਚ ਕਰਵਾ ਕੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਰੋਗ ਤੋਂ ਬਚਾ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਹਰ ਥੈਲੇਸੀਮੀਆ ਮਰੀਜ਼ ਨੂੰ ਸਰਕਾਰੀ ਬਲੱਡ ਸੈਂਟਰਾਂ ਵਿੱਚੋਂ ਮੁਫਤ ਖੂਨ ਉਪਲਭਧ ਕਰਵਾਇਆ ਜਾਂਦਾ ਹੈ।

ਬੀਮਾਰੀ ਦੇ ਲੱਛਣ

ਥੈਲੇਸੀਮੀਆ (Thalassemia disease) ਬੱਚਿਆਂ ਨੂੰ ਹੋਣ ਵਾਲੀ ਖ਼ੂਨ ਦੀ ਗੰਭੀਰ ਅਨੁਵੰਸ਼ਿਕ ਬੀਮਾਰੀ ਹੈ ਜਿਸ ਕਾਰਨ ਪੀੜਤ ਬੱਚੇ ਦੇ ਲਾਲ ਸੈੱਲਾਂ ਵਿਚ ਆਕਸੀਜਨ ਲਿਜਾਣ ਦੀ ਸਮਰੱਥਾ ਘੱਟ ਜਾਂਦੀ ਹੈ। ਇਸ ਰੋਗ ਦੇ ਪ੍ਰਮੱਖ ਲੱਛਣਾਂ ਵਿਚ ਪੀੜਤ ਬੱਚੇ ਦੇ ਵਾਧੇ ਅਤੇ ਵਿਕਾਸ ਵਿਚ ਦੇਰੀ, ਜ਼ਿਆਦਾ ਕਮਜ਼ੋਰੀ ਤੇ ਥਕਾਵਟ ਮਹਿਸੂਸ ਕਰਨਾ, ਚਿਹਰੇ ਦੀ ਬਣਾਵਟ ਵਿਚ ਬਦਲਾਅ ਹੋਣਾ, ਚਮੜੀ ਦਾ ਰੰਗ ਪੀਲਾ ਪੈਣਾ, ਪਿਸ਼ਾਬ ਗਾੜ੍ਹਾ ਆਉਣਾ ਅਤੇ ਜਿਗਰ ਤੇ ਤਿੱਲੀ ਦੇ ਆਕਾਰ ਵਧਣਾ ਆਦਿ ਸ਼ਾਮਲ ਹਨ। ਇਸ ਮੌਕੇ ਡਾ. ਵਿਜੇ ਭਗਤ, ਬਾਲ ਰੋਗਾਂ ਦੇ ਮਾਹਰ ਡਾ. ਰੋਮੀ ਤੇ ਡਾ.ਰਵਿਕਾ ਵੀ ਮੌਜੂਦ ਸਨ l