ਐੱਸ.ਏ.ਐੱਸ. ਨਗਰ, 20 ਨਵੰਬਰ 2023: ਮਿਸ਼ਨ ਇੰਦਰਧਨੁਸ਼ (Mission Indardhanush) 0.5 ਤਹਿਤ ਜ਼ਿਲ੍ਹੇ ’ਚ ਵਿਸ਼ੇਸ਼ ਟੀਕਾਕਰਨ ਹਫ਼ਤਾ ਸ਼ੁਰੂ ਹੋ ਗਿਆ ਹੈ। ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ਇਸ ਵਿਸ਼ੇਸ਼ ਟੀਕਾਕਰਨ ਮੁਹਿੰਮ ਤਹਿਤ ਅੱਜ ਜ਼ਿਲ੍ਹੇ ’ਚ ਵੱਖ-ਵੱਖ ਥਾਵਾਂ ’ਤੇ ਕੈਂਪ ਲਗਾਏ ਗਏ। ਉਨ੍ਹਾਂ ਦਸਿਆ ਕਿ ਇਹ ਮੁਹਿੰਮ 25 ਨਵੰਬਰ ਤਕ ਜਾਰੀ ਰਹੇਗੀ। ਡਾ. ਗਿਰੀਸ਼ ਡੋਗਰਾ ਅਤੇ ਵਿਸ਼ਵ ਸਿਹਤ ਸੰਗਠਨ ਤੋਂ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਕਰਮ ਗੁਪਤਾ ਨੇ ਬਲੌਂਗੀ ਵਿਖੇ ਕੈਂਪ ਦਾ ਨਿਰੀਖਣ ਕੀਤਾ ਅਤੇ ਹਦਾਇਤਾਂ ਦਿੱਤੀਆਂ ।
ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਟੀਕਾਕਰਨ ((Mission Indardhanush)) ਹਫ਼ਤੇ ਦਾ ਉਦੇਸ਼ ਉਦੇਸ਼ 0 ਤੋਂ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਕਵਰੇਜ ਨੂੰ ਮਜ਼ਬੂਤ ਕਰਨਾ ਹੈ।ਇਸ ਲਈ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਜਿਨ੍ਹਾਂ ਦਾ ਟੀਕਾਕਰਨ ਅਧੂਰਾ ਹੈ ਜਾਂ ਕਿਸੇ ਕਾਰਨ ਰਹਿ ਗਿਆ ਹੈ, ਉਸ ਨੂੰ ਪੂਰਾ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਆਮ ਟੀਕਾਕਰਨ ਪਹਿਲਾਂ ਵਾਂਗ ਜਾਰੀ ਰਹੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਇਸ ਹਫ਼ਤੇ ਦੌਰਾਨ ਉਚ ਜੋਖਮ ਵਾਲੇ ਖੇਤਰਾਂ, ਪ੍ਰਵਾਸੀ ਆਬਾਦੀ, ਖਾਨਾਬਦੋਸ਼ ਸਥਾਨ, ਇੱਟਾਂ ਦੇ ਭੱਠਿਆਂ ਆਦਿ ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵਿਸ਼ੇਸ਼ ਤੌਰ ’ਤੇ ਕਵਰ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਸਬ-ਸੈਂਟਰਾਂ ਉਤੇ ਏ.ਐਨ.ਐਮ. ਦਾ ਅਹੁਦਾ ਖ਼ਾਲੀ ਹੈ, ਉਥੇ ਵੀ ਟੀਕਾਕਰਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜਿਹੜੇ ਬੱਚੇ ਘਰਾਂ ਵਿਚ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਬੱਚਿਆਂ ਦੀਆਂ ਜਨਮ ਖੁਰਾਕਾਂ ਵੀ ਰਹਿ ਜਾਂਦੀਆਂ ਹਨ, ਉਹ ਬੱਚੇ ਵੀ ਇਸ ਮੁਹਿੰਮ ਵਿਚ ਸ਼ਾਮਲ ਕੀਤੇ ਜਾਣਗੇ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਇਸ ਮੁਹਿੰਮ ਦੀਆਂ ਤਿਆਰੀਆਂ ਪਹਿਲਾਂ ਹੀ ਮੁਕੰਮਲ ਕਰ ਲਈਆਂ ਗਈਆਂ ਸਨ। ਮੁਹਿੰਮ ਤਹਿਤ ਉਪਰੋਕਤ ਥਾਵਾਂ ’ਤੇ ਸੀਨੀਅਰ ਮੈਡੀਕਲ ਅਫਸਰ ਅਤੇ ਟੀਕਾਕਰਨ ਅਫਸਰ ਇਨ੍ਹਾਂ ਕੈਂਪਾਂ ਦਾ ਨਿਰੀਖਣ ਕਰ ਰਹੇ ਹਨ। ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕੈਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਮੁਹਿੰਮ ਨੂੰ ਸਫ਼ਲ ਬਣਾਉਣ।