ਐਸ.ਏ.ਐਸ.ਨਗਰ, 14 ਸਤੰਬਰ, 2023: ਰੈਡੀਸਨ ਰੈੱਡ ਮੋਹਾਲੀ (Mohali) ਵਿਖੇ 15 ਸਤੰਬਰ ਨੂੰ ਆਪਣੀ ਕਿਸਮ ਦੀ ਪਹਿਲੀ ’ਸਰਕਾਰ-ਸਨਅਤਕਾਰ ਮਿਲਣੀ’ ਨੂੰ ਸ਼ਾਨਦਾਰ ਢੰਗ ਨਾਲ ਸਫ਼ਲ ਬਣਾਉਣ ਲਈ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਸਮਾਗਮ ਦੀ ਮੇਜ਼ਬਾਨੀ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।
ਇਸ ਸਬੰਧੀ ਕੀਤੀਆਂ ਗਈਆਂ ਜ਼ਮੀਨੀ ਤਿਆਰੀਆਂ ਦਾ ਜਾਇਜ਼ਾ ਲੈਂਦਿਆਂ, ਉਨ੍ਹਾਂ ਸ਼ਾਮ ਨੂੰ, ਰੈਡੀਸਨ ਰੈੱਡ ਹੋਟਲ ਵਿਖੇ ਪ੍ਰੋਗਰਾਮ ਲਈ ਤਾਇਨਾਤ ਸਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪ੍ਰੋਗਰਾਮ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਸਮਾਗਮ ਦੀ ਪ੍ਰਧਾਨਗੀ ਕਰਨਗੇ।
ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਸਨਅਤਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸਮਝਣ ਅਤੇ ਇਸ ਖੇਤਰ ਵਿੱਚ ਹੋਰ ਨਿਵੇਸ਼ ਕਿਵੇਂ ਆਕਰਸ਼ਿਤ ਕੀਤੇ ਜਾ ਸਕਦੇ ਹਨ, ਇਸ ਬਾਰੇ ਵਿਚਾਰ-ਵਟਾਂਦਰਾ ਕਰਨ ਲਈ ਮੋਹਾਲੀ ਖੇਤਰ ਦੇ ਸਨਅਤਨਾਲ ਇਸ ਮੀਟਿੰਗ ਦੀ ਯੋਜਨਾ ਬਣਾਈ ਹੈ। ਇਸੇ ਤਰ੍ਹਾਂ ਸਨਅਤ ਅਤੇ ਵਣਜ ਅਤੇ ਨਿਵੇਸ਼ ਨਾਲ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਮੌਜੂਦ ਰਹਿਣਗੇ।
ਉਨ੍ਹਾਂ ਕਿਹਾ ਕਿ ਇਸ ਮੈਗਾ ਈਵੈਂਟ ਵਿੱਚ 250 ਤੋਂ ਵੱਧ ਸਨਅਤਕਾਰ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਇਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪਹਿਲਾਂ ਤੋਂ ਹੀ ਤਿਆਰੀਆਂ ਚੱਲ ਰਹੀਆਂ ਸਨ, ਜਿਨ੍ਹਾਂ ਵਿੱਚ ਸਨਅਤਕਾਰਾਂ ਨਾਲ ਮੀਟਿੰਗਾਂ ਵੀ ਸ਼ਾਮਲ ਹਨ ਅਤੇ ਕਈ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਨੇ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ ਅਤੇ ਸੁਚੱਜੇ ਢੰਗ ਨਾਲ ਵਿਉਂਤਬੰਦੀ ਤੇ ਅਮਲ ਕਰਕੇ ਪੁਖਤਾ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਅਤੇ ਪ੍ਰਸ਼ਾਸਨ (Mohali) ਸਨਅਤਾਂ ਅਤੇ ਸਨਅਤੀ ਸੰਸਥਾਵਾਂ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੋਗਰਾਮ ਦੌਰਾਨ ਦੋ ਤਰਫਾ ਗੱਲਬਾਤ ਖੇਤਰ ਦੇ ਉਦਯੋਗਾਂ ਲਈ ਉਦਯੋਗ ਅਤੇ ਨਿਵੇਸ਼ ਨੂੰ ਹੁਲਾਰਾ ਦੇਣ ਲਈ ਫੀਡਬੈਕ ਦੇਣ ਲਈ ਵੀ ਲਾਹੇਵੰਦ ਹੋਵੇਗੀ।




