ਮੋਹਾਲੀ, 19 ਮਈ, 2023: ਮੋਹਾਲੀ ਪੁਲਿਸ (Mohali Police) ਨੇ ਸ਼ਰਾਬ ਦੀਆਂ ਦੁਕਾਨਾਂ ਅਤੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਲੁਟੇਰਿਆਂ ਦੇ ਗਿਰੋਹ ਦੇ ਛੇ ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਦੋ ਪਿਸਤੌਲ, ਇੱਕ ਇਲੈਕਟ੍ਰਿਕ ਟੀਜ਼ਰ ਮਸ਼ੀਨ, ਸੈਬਰ ਅਤੇ ਗੰਡਾਸੀ ਬਰਾਮਦ ਕੀਤੀ ਗਈ।
ਇਸ ਸਬੰਧੀ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਏ.ਐੱਸ.ਪੀ.ਦਰਪਨ ਆਹਲੂਵਾਲੀਆ ਨੇ ਦੱਸਿਆ ਕਿ ਉਕਤ ਪੰਜੇ ਮੁਲਜ਼ਮ ਡੇਰਾਬੱਸੀ ਇਲਾਕੇ ‘ਚ ਡਕੈਤੀ ਦੀ ਯੋਜਨਾ ਬਣਾ ਰਹੇ ਸਨ। ਸਾਰੇ ਮੁਲਜ਼ਮ ਦਿੱਲੀ ਦੇ ਰਹਿਣ ਵਾਲੇ ਹਨ, ਜਿੱਥੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਫਰਾਰ ਹੋ ਜਾਂਦੇ ਸਨ।
ਮੁਲਜ਼ਮਾਂ ਦੀ ਪਛਾਣ ਦਿੱਲੀ ਦੇ ਮਲਕੀਤ ਸਿੰਘ, ਲੰਕੇਸ਼ ਰੰਗਾ, ਭਾਨੂ ਜਸੋਰੀਆ, ਨਵਜੋਤ ਸਿੰਘ ਅਤੇ ਯੂਪੀ ਵਾਸੀ ਅੰਕਿਤ ਵਜੋਂ ਹੋਈ ਹੈ। ਸਾਰੇ ਮੁਲਜ਼ਮਾਂ ਨੂੰ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਇਨ੍ਹਾਂ ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ ਅਤੇ ਪੁਲਿਸ ਵਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।