July 4, 2024 7:55 pm
CM di Yogashala

Mohali News: ਲੋਕਾਂ ਨੂੰ ‘ਸੀ ਐਮ ਯੋਗਸ਼ਾਲਾ’ ਦੀਆਂ ਮੁਫ਼ਤ ਕਲਾਸਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ

ਖਰੜ (ਸਾਹਿਬਜ਼ਾਦਾ ਅਜੀਤ ਸਿੰਘ ਨਗਰ), 17 ਜੂਨ, 2024: ਲੋਕਾਂ ’ਚ ‘ਸੀ ਐਮ ਦੀ ਯੋਗਸ਼ਾਲਾ’ (CM di Yogashala) ਪ੍ਰਤੀ ਉਤਸ਼ਾਹ ਉਨ੍ਹਾਂ ਦਾ ਆਪਣੀ ਸਿਹਤਮੰਤ ਜੀਵਨਸ਼ੈਲੀ ਪ੍ਰਤੀ ਜਾਗਰੂਕਤਾ ਦੀ ਨਿਸ਼ਾਨੀ ਹੈ, ਜੋ ਕਿ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਐਸ ਡੀ ਐਮ ਖਰੜ ਗੁਰਮੰਦਰ ਸਿੰਘ ਨੇ ਕਰਦਿਆਂ ਕਿਹਾ ਕਿ ਅਜੋਕੇ ਤਣਾਅ ਭਰੇ ਜੀਵਨ ’ਚ ਯੋਗ ਦੀ ਮਹਤਵਪੂਰਣ ਸ਼ਮੂਲੀਅਤ ਨਾਲ ਅਸੀਂ ਖੁਸ਼ਨੁਮਾ ਤੇ ਸਕੂਨਮਈ ਪਲਾਂ ਦੀ ਵਾਪਸੀ ਲਿਆ ਕੇ ਜ਼ਿੰਦਗੀ ਨੂੰ ਆਨੰਦਮਈ ਬਣਾ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਖਰੜ ਸਬ ਡਵੀਜ਼ਨ ’ਚ ‘ਸੀ ਐਮ ਦੀ ਯੋਗਸ਼ਾਲਾ’ ਲਈ 20 ਦੇ ਕਰੀਬ ਸਮਰਪਿਤ ਯੋਗਾ ਟ੍ਰੇਨਰ ਉਪਲਬਧ ਹਨ, ਜੋ ਲੋਕਾਂ ਦੀ ਸਹੂਲਤ ਮੁਤਾਬਕ ਦਿਨ ’ਚ ਕਈ-ਕਈ ਸੈਸ਼ਨ ਲਾ ਕੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜ ਰਹੇ ਹਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਆਮ ਲੋਕਾਂ ਦੀ ਸਰੀਰਕ ਤੇ ਮਾਨਸਿਕ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਲਈ ਮੁਫ਼ਤ ਯੋਗ ਕਲਾਸਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ‘ਸੀ ਐਮ ਯੋਗਸ਼ਾਲਾ’ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਅਪੀਲ ਕੀਤੀ।

ਰਾਇਲ ਗ੍ਰੀਨ ਪਾਰਕ, ਨੇੜੇ ਗੁਰਦੁਆਰਾ ਓਲਡ ਸਨੀ ਇਨਕਲੇਵ ’ਚ ਯੋਗਾ ਕਲਾਸਾਂ ਲਗਵਾ ਰਹੀ ਯੋਗਾ ਇੰਸਟ੍ਰੱਕਟਰ ਦੀਪਤੀ ਧਿਆਨੀ ਦਾ ਕਹਿਣਾ ਹੈ ਕਿ ਯੋਗਾ (CM di Yogashala) ਨਾਲ ਜੁੜੇ ਲੋਕ ਆਪਣੇ ਆਪ ਨੂੰ ਬੜੇ ਖੁਸ਼ਕਿਸਮਤ ਮਹਿਸੂਸ ਕਰ ਰਹੇ ਹਨ। ਲੋਕਾਂ ਦੀਆਂ ਆਮ ਮੁਸ਼ਕਿਲਾਂ ਜਿਵੇਂ ਜੋੜਾਂ ਦੇ ਦਰਦ, ਕਮਰ ਦਰਦ ਆਦਿ ਕੁੱਝ ਵਿਸ਼ੇਸ਼ ਆਸਣਾਂ ਨਾਲ ਹੀ ਠੀਕ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗ ਆਸਣ ਪੁਰਾਤਨ ਸਮੇਂ ਤੋਂ ਮਾਨਵੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਰਤੋਂ ’ਚ ਲਿਆਏ ਜਾਂਦੇ ਹਨ ਜੋ ਸਾਡੀ ਮਾਡਰਨ ਪੀੜ੍ਹੀ ਵੱਲੋਂ ਕੁੱਝ ਸਮਾਂ ਵਿਸਾਰੇ ਜਾਣ ਬਾਅਦ ਹੁਣ ਫ਼ਿਰ ਹਰਮਨ ਪਿਆਰਤਾ ਲੈ ਰਹੇ ਹਨ।

ਉਨ੍ਹਾਂ ਕਿਹਾ ਕਿ ਯੋਗਾ ਜਿੱਥੇ ਸਾਨੂੰ ਤਾਜ਼ਗੀ ਦਾ ਅਹਿਸਾਸ ਕਰਵਾਉਂਦਾ ਹੈ ਉੱਥੇ ਸਾਡੀ ਅੰਦਰੂਨੀ ਊਰਜਾ ਨੂੰ ਇਕੱਠੀ ਕਰਕੇ ਸਾਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਤੋਂ ਬਾਹਰ ਲਿਆ ਕੇ ਸਾਡੇ ਮਾਨਸਿਕ ਤਣਾਅ ਅਤੇ ਸਰੀਰਕ ਪ੍ਰੇਸ਼ਾਨੀਆਂ ਤੋਂ ਛੁਟਕਾਰੇ ਲਈ ਰਾਮਬਾਣ ਵੀ ਸਿੱਧ ਹੁੰਦਾ ਹੈ।

ਜ਼ਿਲ੍ਹਾ ਯੋਗਾ ਕੋਆਰਡੀਨੇਟਰ ਪ੍ਰਤਿਮਾ ਡਾਵਰ ਨੇ ਕਿਹਾ ਕਿ ਖਰੜ ਸਬ ਡਵੀਜ਼ਨ ’ਚ ਖਰੜ ਸ਼ਹਿਰ, ਚੰਡਾਲਾ, ਖਾਨਪੁਰ, ਨਵਾਂ ਗਾਓਂ, ਨਿਊ ਚੰਡੀਗੜ੍ਹ ਆਦਿ ਇਲਾਕਿਆਂ ’ਚ 20 ਦੇ ਕਰੀਬ ਮਾਹਿਰ ਯੋਗਾ ਟ੍ਰੇਨਰ ਲੋਕਾਂ ਨੂੰ ਯੋਗਾ ਸੈਸ਼ਨ ਕਰਵਾ ਰਹੇ ਹਨ। ਉੁਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਮਸ਼ਰੂਫ਼ੀਅਤ ਅਤੇ ਰੁਝੇਵਿਆਂ ਨੂੰ ਮੁੱਖ ਰੱਖ ਕੇ ਇਨ੍ਹਾਂ ਸੈਸ਼ਨਾਂ ਦਾ ਸਮਾਂ ਬੜਾ ਲਚਕਦਾਰ ਰੱਖਿਆ ਗਿਆ ਹੈ ਜੋ ਸਵੇਰੇ 5:00 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 8:15 ਵਜੇ ਤੱਕ ਚਲਦੇ ਹਨ।

ਉੁਨ੍ਹਾਂ ਦੱਸਿਆ ਕਿ ਆਮ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਇਹ ਸੈਸ਼ਨ ਉਨ੍ਹਾਂ ਦੇ ਘਰਾਂ ਦੇ ਨੇੜੇ ਸਥਿਤ ਪਾਰਕਾਂ, ਕਮਿਊਨਿਟੀ ਸੈਂਟਰਾਂ ਅਤੇ ਧਰਮਸ਼ਾਲਾਵਾਂ ’ਚ ਲਾਏ ਜਾ ਰਹੇ ਹਨ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਯੋਗਾ ਕਲਾਸਾਂ ਦਾ ਲਾਭ ਮਿਲ ਸਕੇ।ਲੋਕ ਮੁਫਤ ਯੋਗ ਸਿਖਲਾਈ ਦਾ ਲਾਭ ਲੈਣ ਲਈ ਟੋਲ-ਫਰੀ ਨੰਬਰ 7669 400 500 ਡਾਇਲ ਕਰ ਸਕਦੇ ਹਨ ਜਾਂ https://cmdiyogshala.punjab.gov.in ’ਤੇ
ਲੌਗਇਨ ਕੀਤਾ ਜਾ ਸਕਦਾ ਹੈ।