Site icon TheUnmute.com

ਮੋਹਾਲੀ: ਹੁਨਰ-ਵਿਕਾਸ ‘ਚ ਪੰਜਾਬੀ ਭਾਸ਼ਾ ਦੀ ਸਮਰੱਥਾ ਬਾਰੇ ਰਾਸ਼ਟਰੀ ਸੈਮੀਨਾਰ

Punjabi

ਸ਼ਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਸਤੰਬਰ 2023: ਸ਼ਹੀਦ ਮੇਜਰ ਹਰਮਿੰਦਰਪਾਲ ਸਿੰਘ ਸਰਕਾਰੀ ਕਾਲਜ, ਮੋਹਾਲੀ ਦੇ ਪੋਸਟ ਗ੍ਰੈਜੁਏਟ ਪੰਜਾਬੀ (Punjabi) ਵਿਭਾਗ ਵੱਲੋਂ ‘ਹੁਨਰ-ਵਿਕਾਸ ਵਿਚ ਪੰਜਾਬੀ ਭਾਸ਼ਾ ਦੀ ਸਮਰੱਥਾ ਅਤੇ ਅਸੀਮ ਸੰਭਾਵਨਾਵਾਂ’ ਵਿਸ਼ੇ ਉੱਪਰ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਉਦਘਾਟਣੀ ਭਾਸ਼ਣ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚਾਂਸਲਰ ਪ੍ਰੋ.(ਡਾ.) ਜਗਬੀਰ ਸਿੰਘ, ਕੁੰਜੀਵਤ ਭਾਸ਼ਣ ਖੇਤੀਬਾੜੀ ਪੱਤਰਕਾਰੀ ਵਿਭਾਗ, ਪੰਜਾਬ ਖੇਤੀਬਾੜੀ ਲੁਧਿਆਣਾ ਦੇ ਮੁਖੀ ਪ੍ਰੋ. (ਡਾ.) ਸਰਬਜੀਤ ਸਿੰਘ ਰੇਣੁਕਾ, ਵਿਸ਼ੇਸ਼ ਭਾਸ਼ਣ ਜਗਤਾਰ ਸਿੰਘ ਭੁੱਲਰ ਅਤੇ ਪ੍ਰਧਾਨਗੀ ਪ੍ਰੋ. ਗੁਰਭਜਨ ਗਿੱਲ ਨੇ ਕੀਤੀ।

ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਹਰਜੀਤ ਗੁਜਰਾਲ ਨੇ ਵਿਦਵਾਨਾਂ ਨੂੰ ਜੀ ਆਇਆ ਕਿਹਾ ਅਤੇ ਮਾਂ-ਬੋਲੀ ਦੀ ਅਹਿਮੀਅਤ ਬਾਰੇ ਵਿਦਿਆਰਥੀਆਂ ਨੂੰ ਜਾਗੂਰਕ ਕੀਤਾ। ਉਹਨਾਂ ਕਿਹਾ ਕਿ ਹਰ ਪੱਖੋਂ ਸੰਪੂਰਨ ਪੰਜਾਬੀ ਭਾਸ਼ਾ ਰੋਜ਼ਗਾਰ ਦੇ ਅਨੇਕਾਂ ਅਵਸਰ ਮੁਹੱਈਆ ਕਰਵਾਉਣ ਦੇ ਸਮਰੱਥ ਹੈ। ਆਪਣੇ ਉਦਘਾਟਣੀ ਭਾਸ਼ਣ ਵਿਚ ਚਾਂਸਲਰ ਪ੍ਰੋ.(ਡਾ.) ਜਗਬੀਰ ਸਿੰਘ ਨੇ ਕਿਹਾ ਕਿ ਹੁਨਰ-ਵਿਕਾਸ ਵਿਚ ਪੰਜਾਬੀ ਇਕ ਪ੍ਰਪੱਕ ਅਤੇ ਅਮੀਰ ਭਾਸ਼ਾ ਹੈ।ਹੋਰ ਭਸ਼ਾਵਾਂ ਸਿੱਖਣ ਨਾਲ ਮਾਂ-ਬੋਲੀ ਦਾ ਦਰਜਾ ਘਟਾਇਆ ਨਹੀਂ ਜਾ ਸਕਦਾ। ਨੈਸ਼ਨਲ ਸਿੱਖਿਆ ਨੀਤੀ 2020 ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਸ ਸਿੱਖਿਆ ਨੀਤੀ ਵਿਚ ਖੇਤਰੀ ਭਾਸ਼ਾਵਾਂ ਨੂੰ ਪ੍ਰਫੁਲਿਤ ਕਰਨ ਲਈ ਇਸੇ ਕਰਕੇ ਜ਼ੋਰ ਹੈ ਕਿ ਮਾਂ-ਬੋਲ਼ੀ ਰੋਜ਼ਗਾਰ ਵਿਚ ਵੱਡਾ ਯੋਗਦਾਨ ਪਾਉਂਦੀ ਹੈ।

ਪ੍ਰੋ.(ਡਾ.) ਸਰਬਜੀਤ ਸਿੰਘ ਰੇਣੁਕਾ ਨੇ ਆਪਣੇ ਕੁੰਜੀਵਤ ਭਾਸ਼ਣ ਵਿਚ ਕਿਹਾ ਕਿ ਹੁਨਰ-ਵਿਕਾਸ ਦੇ ਸਭ ਤੋਂ ਵੱਧ ਅਵਸਰ ਮਾਂ-ਬੋਲੀ (Punjabi) ਵਿਚ ਹੀ ਹੁੰਦੇ ਹਨ। ਮਾਤ-ਭਾਸ਼ਾ ਦਾ ਸਾਡੇ ਅੰਦਰਲੇ ਹੁਨਰ ਨੂੰ ਤਰਾਸ਼ਣ ਵਿਚ ਵੱਡਾ ਯੋਗਦਾਨ ਹੁੰਦਾ ਹੈ। ਇਸ ਰਾਸ਼ਟਰੀ ਸੈਮੀਨਾਰ ਵਿਚ ਵਿਸ਼ੇਸ਼ ਭਾਸ਼ਣ ਦਿੰਦਿਆਂ ਜਗਤਾਰ ਸਿੰਘ ਭੁੱਲਰ ਨੇ ਕਿਹਾ ਕਿ ਸੋਸ਼ਲ ਮੀਡੀਆ ਦੇ ਦੌਰ ਵਿਚ ਪੰਜਾਬੀ ਭਾਸ਼ਾ ਨਾਲ ਰੋਜ਼ਗਾਰ ਦੀਆਂ ਬਹੁਤ ਸੰਭਾਵਨਾਵਾਂ ਹਨ। ਉਹਨਾਂ ਕਿਹਾ ਕਿ ਮਾਤ-ਭਾਸ਼ਾ ਨੂੰ ਦਰਕਿਨਾਰ ਕਰਨ ਨਾਲ ਮਨੁੱਖ ਅੰਦਰ ਹੁਨਰ ਦਾ ਵਿਕਾਸ ਅਤੇ ਕਦਰਾਂ ਕੀਮਤਾਂ ਮਨਫੀ ਹੋਣ ਲਗਦੀਆਂ ਹਨ।

ਸੈਮੀਨਾਰ ਦੇ ਕਨਵੀਨਰ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਵਿਭਾਗ ਵੱਲੋਂ ਹੁਨਰ ਵਿਕਾਸ ਵਿਚ ਪੰਜਾਬੀ ਭਾਸ਼ਾ ਦੇ ਯੋਗਦਾਨ ਸੰਬੰਧੀ ਸੱਤ ਰੋਜ਼ਾ ਵਰਕਸ਼ਾਪ ਲਗਾਈ ਗਈ ਹੈ। ਜਿਸ ਵਿਚ ਵਿਦਿਆਰਥੀਆਂ ਨੂੰ ਡਿਜੀਟਲ ਪਲੇਟਫਾਰਮ ਉਪਰ, ਅਨੁਵਾਦ, ਪਰੂਫ ਰੀਡਿੰਗ ਆਦਿ ਖੇਤਰਾਂ ਵਿਚ ਪੰਜਾਬੀ ਭਾਸ਼ਾ ਦੀ ਪਹੁੰਚ ਅਤੇ ਪੁਰਜ਼ੋਰ ਮੰਗ ਬਾਰੇ ਜਾਣੂੰ ਕਰਵਾਇਆ ਗਿਆ।ਪੰਜਾਬੀ ਵਿਚ ਰੋਜ਼ਗਾਰ ਦੀਆਂ ਅਸੀਮ ਸੰਭਾਵਨਾਵਾਂ ਬਾਰੇ ਵਿਸਥਾਰ ਵਿਚ ਦੱਸਿਆ ਗਿਆ। ਉਹਨਾਂ ਕਿਹਾ ਕਿ ਜਿਸ ਭਾਸ਼ਾ ਵਿਚ ਵਿਸ਼ਵ ਨੂੰ ਰੁਸ਼ਨਾਉਣ ਵਾਲੀ ਗੁਰਬਾਣੀ ਰਚੀ ਗਈ ਅਤੇ ਸੰਤੁਲਿਤ ਜੀਵਣ ਜਾਚ ਸਿਖਾਈ ਗਈ, ਉਸ ਭਾਸ਼ਾ ਵਿਚ ਬਿਜ਼ਨਸ ਮਾਡਲ ਵੀ ਸੰਪੂਰਨ ਅਤੇ ਸਫਲ ਹੋਵੇਗਾ।

ਆਪਣੇ ਪ੍ਰਧਾਨਗੀ ਭਾਸ਼ਣ ਵਿਚ ਪ੍ਰੋ. ਗੁਰਭਜਨ ਗਿੱਲ ਨੇ ਕਿਹਾ ਕਿ ਕਰਮ ਭੂਮੀ ਦੀ ਭਾਸ਼ਾ ਹੀ ਹੁਨਰ-ਨਿਖਾਰ ਵਿਚ ਸਰਵੋਤਮ ਹੋ ਸਕਦੀ ਹੈ। ਮਾਂ ਬੋਲੀ ਦੀ ਅਹਿਮੀਅਤ ਨੂੰ ਝੁਠਲਾਇਆ ਨਹੀਂ ਜਾ ਸਕਦਾ। ਪੰਜਾਬੀ ਭਾਸ਼ਾ ਸੰਸਾਰ ਪੱਧਰ ਤੇ ਬੋਲੀ ਜਾਂਦੀ ਹੈ ਅਤੇ ਪੰਜਾਬੀ, ਵਿਸ਼ਵ ਵਿਚ ਕਾਮਯਾਬ ਹੀ ਪੰਜਾਬੀ ਭਾਸ਼ਾ ਦੁਆਰਾ ਤਰਾਸ਼ੇ ਹੁਨਰ ਕਰਕੇ ਹਨ। ਪ੍ਰੋ.ਘਣਸ਼ਾਮ ਸਿੰੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਇਕ ਪੁਲ਼ ਹੈ ਜੋ ਸਾਨੂੰ ਸਾਡੀ ਵਿਰਾਸਤ ਨਾਲ ਜੋੜਦੀ ਹੈ ਅਤੇ ਰੋਜ਼ਗਾਰ ਦੇ ਸਾਰੇ ਅਵਸਰ ਮੁਹੱਈਆ ਕਰਵਾਉਣ ਦੇ ਸਮਰੱਥ ਹੈ।

ਉਹਨਾਂ ਨੇ ਆਏ ਹੋਏ ਵਿਦਵਾਨਾਂ ਅਤੇ ਚਿੰਤਕਾਂ ਦੁਆਰਾ ਰਚਾਏ ਇਸ ਗੰਭੀਰ ਸੰਵਾਦ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬੀ ਵਿਭਾਗ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਲਈ ਅਜਿਹੇ ਸੈਮੀਨਾਰ ਅਤੇ ਵਰਕਸ਼ਾਪਾਂ ਕਰਵਾਉਂਦਾ ਰਹੇਗਾ। ਇਸ ਮੌਕੇ ਪ੍ਰੋ. ਪੁਸ਼ਪਿੰਦਰ ਕੌਰ, ਪ੍ਰੋ. ਪਰਮਿੰਦਰਪਾਲ ਗਿੱਲ, ਡਾ. ਗੁਰਪ੍ਰੀਤ ਸਿੰਘ, ਡਾ. ਕੁਲਵਿੰਦਰ ਕੌਰ, ਪ੍ਰੋ. ਸਰਬਜੀਤ ਕੌਰ ਸਮੇਤ ਕਾਲਜ ਦਾ ਸਟਾਫ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

Exit mobile version