Lok Sabha elections 2024

ਮੋਹਾਲੀ: ਸੀ.ਈ.ਓ ਦਫ਼ਤਰ ਵੱਲੋਂ ਵੋਟਰਾਂ ਦੀ ਸਹੂਲਤ ਲਈ ‘ਵੋਟਰ ਕਿਊ ਇਨਫੋਰਮੇਸ਼ਨ ਸਿਸਟਮ’ ਦੀ ਸ਼ੁਰੂਆਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 28 ਮਈ, 2024: ਜ਼ਿਲ੍ਹੇ ਦੇ ਵੋਟਰ (Voters) ਮਤਦਾਨ ਵਾਲੇ ਦਿਨ 1 ਜੂਨ ਨੂੰ ਆਪਣੇ ਪੋਲਿੰਗ ਬੂਥ ਉੱਤੇ ਜਾਣ ਤੋਂ ਪਹਿਲਾਂ ਇਹ ਜਾਣ ਸਕਣਗੇ ਕਿ ਉਨ੍ਹਾਂ ਦੇ ਬੂਥ ਉੱਤੇ ਕਿੰਨੇ ਕੁ ਲੋਕ ਵੋਟ ਦੇਣ ਲਈ ਕਤਾਰ ਵਿੱਚ ਖੜ੍ਹੇ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਦੀ ਪਹਿਲਕਦਮੀ ਤੇ ਵੋਟਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ‘ਵੋਟਰ ਕਿਊ ਇਨਫੋਰਮੇਸ਼ਨ ਸਿਸਟਮ’ ਸ਼ੁਰੂ ਕੀਤਾ ਗਿਆ ਹੈ। ਇਹ ਸਿਸਟਮ ਐਨ ਆਈ ਸੀ ਪੰਜਾਬ ਅਤੇ ਮੈਟਾ ਨਾਲ ਮਿਲ ਕੇ ਤਿਆਰ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਵੋਟਰ ਕਿਊ ਇਨਫੋਰਮੇਸ਼ਨ ਸਿਸਟਮ ਨੂੰ ਵਰਤਣ ਲਈ ਵੋਟਰਾਂ (Voters) ਨੂੰ ਇਕ ਵਟਸਐਪ ਨੰਬਰ 7447447217 ਉੱਤੇ ‘ਵੋਟ’ ਟਾਇਪ ਕਰਕੇ ਮੈਸੇਜ ਭੇਜਣਾ ਹੋਵੇਗਾ। ਇਸ ਤੋਂ ਬਾਅਦ ਇਕ ਲਿੰਕ ਪ੍ਰਾਪਤ ਹੋਵੇਗਾ ਜਿਸ ਉੱਤੇ ਕਲਿੱਕ ਕਰਨ ਮਗਰੋਂ 2 ਆਪਸ਼ਨ ; (1) ਲੋਕੇਸ਼ਨ ਵਾਈਜ਼ (2) ਬੂਥ ਵਾਈਜ਼ ਸਕਰੀਨ ਉੱਤੇ ਆਉਣਗੇ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਲੋਕੇਸ਼ਨ ਵਾਈਜ਼ ਆਪਸ਼ਨ ਨੂੰ ਚੁਣਨ ਮਗਰੋਂ ਵੋਟਰ ਨੂੰ ਆਪਣੀ ਲੋਕੇਸ਼ਨ ਸ਼ੇਅਰ ਕਰਨੀ ਹੋਵੇਗੀ, ਜਿਸ ਤੋਂ ਬਾਅਦ ਮੋਬਾਇਲ ਦੀ ਸਕਰੀਨ ਉੱਤੇ ਵੋਟਰ ਦੇ ਘਰ ਨੇੜਲੇ ਪੋਲਿੰਗ ਬੂਥਾਂ ਦੀ ਸੂਚੀ ਆ ਜਾਵੇਗੀ। ਇਸ ਤੋਂ ਬਾਅਦ ਵੋਟਰ ਨੂੰ ਬੂਥ ਨੰਬਰ ਲਿਖ ਕੇ ਭੇਜਣਾ ਹੋਵੇਗਾ ਅਤੇ ਤੁਰੰਤ ਮੋਬਾਇਲ ਦੀ ਸਕਰੀਨ ਉੱਤੇ ਇਹ ਜਾਣਕਾਰੀ ਆ ਜਾਵੇਗੀ ਕਿ ਓਸ ਬੂਥ ਉੱਤੇ ਵੋਟ ਪਾਉਣ ਲਈ ਕਿੰਨੇ ਵੋਟਰ ਕਤਾਰ ਵਿੱਚ ਖੜ੍ਹੇ ਹਨ।

ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਵੋਟਰ ਦੂਜਾ ਆਪਸ਼ਨ ਬੂਥ ਵਾਈਜ਼ ਚੁਣਦਾ ਹੈ ਤਾਂ ਉਸ ਨੂੰ ਪੰਜਾਬ ਸੂਬਾ ਚੁਣਨ ਤੋਂ ਬਾਅਦ ਆਪਣੇ ਜ਼ਿਲ੍ਹੇ ਨੂੰ ਚੁਣਨਾ ਹੋਵੇਗਾ ਅਤੇ ਉਸ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕੇ ਸਕਰੀਨ ਉੱਤੇ ਆ ਜਾਣਗੇ। ਆਪਣਾ ਵਿਧਾਨ ਸਭਾ ਹਲਕਾ ਚੁਣਨ ਤੋਂ ਬਾਅਦ ਸਬੰਧਤ ਬੂਥ ਨੰਬਰ ਭਰਨਾ ਹੋਵੇਗਾ, ਜਿਸ ਨਾਲ ਵੋਟਰ ਆਪਣੇ ਬੂਥ ਉੱਤੇ ਵੋਟ ਦੇਣ ਲਈ ਖੜ੍ਹੇ ਵੋਟਰਾਂ ਦੀ ਗਿਣਤੀ ਜਾਣ ਸਕੇਗਾ।

ਉਨ੍ਹਾਂ ਦੱਸਿਆ ਕਿ ਜਿੱਥੇ ਇਕ ਪਾਸੇ 1 ਜੂਨ ਨੂੰ ਵੋਟਿੰਗ ਵਾਲੇ ਦਿਨ ਵੋਟਰਾਂ ਨੂੰ ਗਰਮੀ ਤੋਂ ਬਚਾਉਣ ਲਈ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਹਨ, ਉੱਥੇ ਹੀ ਇਸ ਵੋਟਿੰਗ ਕਿਊ ਸਿਸਟਮ ਜ਼ਰੀਏ ਵੋਟਰ ਆਪਣੇ ਹਿਸਾਬ ਨਾਲ ਉਸ ਸਮੇਂ ਪੋਲਿੰਗ ਬੂਥ ਉੱਤੇ ਜਾ ਕੇ ਵੋਟ ਪਾ ਸਕੇਗਾ ਜਦੋਂ ਬੂਥ ਉੱਤੇ ਜ਼ਿਆਦਾ ਭੀੜ ਨਹੀਂ ਹੋਵੇਗੀ। ਇਸ ਨਾਲ ਵੋਟਰ ਗਰਮੀ ਤੋਂ ਵੀ ਬਚੇਗਾ ਅਤੇ ਉਸ ਦੇ ਸਮੇਂ ਦੀ ਵੀ ਬੱਚਤ ਹੋਵੇਗੀ।

Scroll to Top