ਐੱਸ.ਏ.ਐੱਸ ਨਗਰ 7 ਨਵੰਬਰ 2023: ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਤਹਿਤ ਸਿਹਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਵਲੋਂ ਲੋਕਾਂ ਨੂੰ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਓ ਲਈ ਸਵੇਰੇ 8 ਵਜੇ ਤੋਂ ਡੇਂਗੂ (Dengue) ਦੇ ਲਾਰਵੇ ਦੇ ਸਰੋਤਾਂ ਦੀ ਚੈਕਿੰਗ ਕੀਤੀ ਗਈ ਅਤੇ ਵਾਤਾਵਰਣ ਦੇ ਪ੍ਰਦੂਸ਼ਣ ਕਾਰਨ ਬਿਮਾਰ ਵਿਅਕਤੀਆਂ ਬਾਰੇ ਘਰ-ਘਰ ਸਰਵੇ ਕੀਤਾ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਬਲਾਕ ਘੜੂੰਆਂ ਡਾ. ਸੁਰਿੰਦਰਪਾਲ ਕੌਰ ਨੇ ਦੱਸਿਆ ਕਿ ਡੇਂਗੂ (Dengue) ਦੀ ਸਥਿਤੀ ਕਾਬੂ ਹੇਠ ਹੈ, ਪਰੰਤੂ ਫਿਰ ਵੀ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਅਤੇ ਲੋਕ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਇਸ ਸਰਵੇ ਮੁਹਿੰਮ ਦਾ ਉਦੇਸ਼ ਲੋਕਾਂ ਦੀ ਸਿਹਤ ਬਾਰੇ ਜਾਣਕਾਰੀ ਇਕੱਤਰ ਕਰਨਾ, ਬਿਮਾਰ ਵਿਅਕਤੀਆਂ ਦਾ ਇਲਾਜ ਕਰਵਾਉਣਾ ਅਤੇ ਬਚਾਓ ਲਈ ਜਾਗਰੂਕ ਕਰਨਾ ਹੈ। ਕਮਿਊਨਿਟੀ ਹੈਲਥ ਅਫਸਰ, ਮਲਟੀਪਰਪਜ਼ ਸਿਹਤ ਕਰਮਚਾਰੀ, ਆਸ਼ਾ ਵਰਕਰਾਂ ‘ਤੇ ਆਧਾਰਿਤ ਟੀਮਾਂ ਵਲੋਂ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਮੱਛਰ ਦੇ ਲਾਰਵੇ ਦੇ ਹੌਟਸਪੌਟਸ ਦਾ ਨਿਰੀਖਣ ਕੀਤਾ ਜਿਨ੍ਹਾਂ ਵਿਚ ਕੂਲਰ, ਫਰਿਜ਼ਾਂ ਦੇ ਪਿੱਛੇ ਟਰੇਆਂ, ਗਮਲਿਆਂ ਹੇਠ ਰੱਖੀਆਂ ਟਰੇਆਂ, ਪੰਛੀਆਂ ਵਾਸਤੇ ਪਾਣੀ ਨਾਲ ਭਰੇ ਭਾਂਡੇ ਅਤੇ ਖੁੱਲ੍ਹੇ ਵਿੱਚ ਪਏ ਬਰਤਨ ਸ਼ਾਮਲ ਸਨ।
ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ ਨੇ ਦੱਸਿਆ ਕਿ ਵਾਤਾਵਰਣ ਵਿਚ ਪ੍ਰਦੂਸ਼ਣ ਵਧਣ ਕਾਰਨ ਖੰਘ, ਸਾਹ ਚੜ੍ਹਨਾ, ਪਾਣੀ ਭਰਿਆ ਨੱਕ, ਖਾਰਸ਼ ਵਾਲੀਆਂ ਅੱਖਾਂ ਅਤੇ ਭਾਰੀ ਸਿਰ ਲੱਗਣਾ ਮਹਿਸੂਸ ਹੋ ਸਕਦਾ ਹੈ। ਗਰਭਵਤੀ ਔਰਤਾਂ ਤੇ ਬੱਚੇ ਹਵਾ ਪ੍ਰਦੂਸ਼ਣ ਤੋਂ ਗੰਭੀਰ ਰੂਪ ਵਿੱਚ ਪ੍ਰਭਾਵਿਤ ਹੋ ਸਕਦੇ ਹਨ। ਧੂੰਏਂ ਵਿਚ ਸਵੇਰ ਦੀ ਸੈਰ ਕਰਨ ਦੀ ਬਜਾਏ, ਜਦੋਂ ਹਵਾ ਸਾਫ਼ ਹੋਵੇ ਤਾਂ ਸੂਰਜ ਚੜ੍ਹਨ ਤੋਂ ਬਾਅਦ ਸੈਰ ਕੀਤੀ ਜਾ ਸਕਦੀ ਹੈ।
ਹੈਲਥ ਤੇ ਵੈਲਨੈਸ ਸੈਂਟਰਾਂ ਤੇ ਸਬ ਸੈਂਟਰਾਂ ਦੇ ਸਟਾਫ ਅਤੇ ਆਸ਼ਾ ਵਰਕਰਾਂ ਵਲੋਂ ਵੱਖ-ਵੱਖ ਥਾਵਾਂ ਉਤੇ ਲੋਕਾਂ ਨੂੰ ਡੇਂਗੂ ਬੁਖਾਰ ਦੇ ਲੱਛਣ, ਮੱਛਰ ਪੈਦਾ ਹੋਣ ਦੇ ਕਾਰਨ ਅਤੇ ਇਸ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ ਅਤੇ ਫੀਵਰ ਸਰਵੇ ਕੀਤਾ ਗਿਆ।