July 7, 2024 2:36 pm
Aam Aadmi Clinic

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਵਰਚੁਅਲ ਉਦਘਾਟਨ ਦੌਰਾਨ, ਮੋਹਾਲੀ ਨੂੰ ਬਲੌਂਗੀ ਵਿਖੇ 35ਵਾਂ ਆਮ ਆਦਮੀ ਕਲੀਨਿਕ ਮਿਲਿਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 2 ਮਾਰਚ, 2024: ਸੂਬੇ ਵਿੱਚ ਸਿਹਤ ਅਤੇ ਵਿੱਦਿਅਕ ਬੁਨਿਆਦੀ ਢਾਂਚੇ ਨੂੰ ਮਜ਼ਬੂਤ ​​ਕਰਨ ਦੀ ਆਪਣੀ ਵਚਨਬੱਧਤਾ ਨੂੰ ਜਾਰੀ ਰੱਖਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸ਼ਾਮ ਜਲੰਧਰ ਤੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਮੌਜੂਦਗੀ ਵਿੱਚ ਬਲੌਂਗੀ ਵਿਖੇ ਸਥਾਪਿਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ 35ਵੇਂ ਆਮ ਆਦਮੀ ਕਲੀਨਿਕ (Aam Aadmi Clinic) ਦਾ ਵਰਚੁਅਲ ਉਦਘਾਟਨ ਕੀਤਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਉਪ ਮੰਡਲ ਮੈਜਿਸਟਰੇਟ ਮੁਹਾਲੀ ਦੀਪਾਂਕਰ ਗਰਗ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਸਮੇਤ ਜ਼ਿਲ੍ਹਾ ਸਿਹਤ ਅਧਿਕਾਰੀ ਵੀ ਹਾਜ਼ਰ ਸਨ।

ਏ.ਡੀ.ਸੀ.ਦਮਨਜੀਤ ਸਿੰਘ ਮਾਨ ਨੇ ਕਿਹਾ ਕਿ ਇੱਕ ਹੋਰ ਆਮ ਆਦਮੀ ਕਲੀਨਿਕ (Aam Aadmi Clinic) ਦੇ ਸ਼ਾਮਲ ਹੋਣ ਨਾਲ ਮੌਜੂਦਾ 34 ਸਿਹਤ ਸੁਵਿਧਾਵਾਂ (ਏ.ਏ.ਸੀ.) ਦੀ ਗਿਣਤੀ 35 ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਜਿਸ ਇਲਾਕੇ ਵਿੱਚ ਆਮ ਆਦਮੀ ਕਲੀਨਿਕ ਖੋਲ੍ਹਿਆ ਗਿਆ ਹੈ, ਉਸ ਦੀ ਇੱਥੇ ਸਖ਼ਤ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਸਥਾਨਕ ਵਿਧਾਇਕ ਸ. ਕੁਲਵੰਤ ਸਿੰਘ ਦੇ ਅਣਥੱਕ ਯਤਨਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇੱਥੇ ਕਲੀਨਿਕ ਸਥਾਪਤ ਕਰਨ ਦੀ ਪ੍ਰਵਾਨਗੀ ਦਿੱਤੀ ਗਈ ਹੈ।

Aam Aadmi Clinic

ਡਾ: ਰੇਣੂ ਸਿੰਘ, ਕਾਰਜਕਾਰੀ ਸਿਵਲ ਸਰਜਨ ਐਸ.ਏ.ਐਸ.ਨਗਰ ਨੇ ਦੱਸਿਆ ਕਿ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਦੀ ਦੂਰਅੰਦੇਸ਼ੀ ਅਗਵਾਈ ਹੇਠ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਕਾਰਗੁਜ਼ਾਰੀ ਨੂੰ ਪ੍ਰਾਇਮਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਬਿਹਤਰ ਮੰਨਿਆ ਗਿਆ ਹੈ।

ਕੌਂਸਲਰ ਸਰਬਜੀਤ ਸਿੰਘ ਸਮਾਣਾ (ਵਿਧਾਇਕ ਕੁਲਵੰਤ ਸਿੰਘ ਮੋਹਾਲੀ ਦੇ ਸਪੁੱਤਰ) ਨੇ ਰਸਮੀ ਉਦਘਾਟਨ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਵੱਲੋਂ ਪੇਸ਼ ਦਿੱਲੀ ਦੇ ਸਿਹਤ ਅਤੇ ਵਿੱਦਿਅਕ ਮਾਡਲ ਦੀ ਪਾਲਣਾ ਕਰਦਿਆਂ ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ 165 ਹੋਰ ਆਮ ਆਦਮੀ ਕਲੀਨਿਕਾਂ ਦੇ ਕਾਰਜਸ਼ੀਲ ਹੋਣ ਨਾਲ ਸੂਬੇ ਵਿੱਚ ਕੁੱਲ 829 ਆਮ ਆਦਮੀ ਕਲੀਨਿਕ ਹੋ ਗਏ ਹਨ, ਜੋ ਆਮ ਲੋਕਾਂ ਨੂੰ ਬਿਹਤਰ ਸਿਹਤ ਸੇਵਾਵਾਂ ਉਨ੍ਹਾਂ ਦੇ ਘਰ ਨੇੜੇ ਮੁਹੱਈਆ ਕਰਵਾਉਣ ਵਿੱਚ ਸਹਾਈ ਹੋਣਗੇ।

ਉਦਘਾਟਨੀ ਸਮਾਗਮ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਤਹਿਸੀਲਦਾਰ ਅਰਜੁਨ ਸਿੰਘ ਗਰੇਵਾਲ, ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ: ਗਿਰੀਸ਼ ਡੋਗਰਾ, ਐਸਐਮਓ ਘੜੂੰਆਂ ਡਾ: ਸੁਰਿੰਦਰਪਾਲ ਕੌਰ, ਡਾ: ਅਨਿਲ ਵਸ਼ਿਸ਼ਟ, ਡਾ: ਲਵਲੀਨ ਕੌਰ, ਕਾਰਜਕਾਰੀ ਇੰਜਨੀਅਰ ਲੋਕ ਨਿਰਮਾਣ ਵਿਭਾਗ ਐੱਸਐੱਸ ਭੁੱਲਰ, ਬੀ ਈ ਈ ਗੌਤਮ ਰਿਸ਼ੀ ਆਦਿ ਹਾਜ਼ਰ ਸਨ। ਐਸ ਡੀ ਐਮ ਦੀਪਾਂਕਰ ਗਰਗ ਨੇ ਅੱਗੇ ਕਿਹਾ ਕਿ ਨਵਾਂ ਖੋਲ੍ਹਿਆ ਗਿਆ ਆਮ ਆਦਮੀ ਕਲੀਨਿਕ 75 ਕਿਸਮਾਂ ਦੀਆਂ ਮੁਫਤ ਦਵਾਈਆਂ ਦੇ ਨਾਲ-ਨਾਲ 41 ਲੈਬ ਟੈਸਟ ਸੇਵਾਵਾਂ ਪ੍ਰਦਾਨ ਕਰੇਗਾ।