ਐਸ.ਏ.ਐਸ.ਨਗਰ, 4 ਅਗਸਤ, 2023: ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਵਿੱਚ ਪਰਾਲੀ ਨੂੰ ਸਾੜਨ (Stubble Burning) ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਅੱਗੇ ਵਧਾਉਂਦੇ ਹੋਏ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਡੇਰਾਬੱਸੀ ਸਬ ਡਵੀਜ਼ਨ ਦੀ ਕੁਰਲੀ ਬਹੁਮੰਤਵੀ ਸਹਿਕਾਰੀ ਸਭਾ ਦਾ ਦੌਰਾ ਕੀਤਾ ਅਤੇ ਸਕੱਤਰਾਂ ਅਤੇ ਮੈਂਬਰਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸੁਸਾਇਟੀਆਂ ਕੋਲ ਮੌਜੂਦ ਪਰਾਲੀ ਪ੍ਰਬੰਧਨ ਮਸ਼ੀਨਰੀ (ਫਸਲ ਦੀ ਰਹਿੰਦ-ਖੂੰਹਦ ਪ੍ਰਬੰਧਨ ਮਸ਼ੀਨਾਂ) ਕਿਸਾਨਾਂ ਨੂੰ ਮੁੱਹਈਆ ਕਰਵਾ ਕੇ, ਅੱਗ ਲੱਗਣ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ।
ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ, ਪਿਛਲੇ ਕਈ ਦਿਨਾਂ ਤੋਂ ਜ਼ਿਲ੍ਹੇ ਵਿੱਚ ਵੱਧ ਤੋਂ ਵੱਧ ਪਰਾਲੀ ਪ੍ਰਬੰਧਨ ਮਸ਼ੀਨਰੀ ਦਾ ਲਾਭ ਕਿਸਾਨਾਂ ਨੂੰ ਪਹੁੰਚਾਉਣ ਲਈ ਅਣਥੱਕ ਯਤਨ ਕਰ ਰਹੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੁਸਾਇਟੀਆਂ ਕੋਲ ਬਹੁਤ ਸਾਰੇ ਫੰਡ ਅਤੇ ਪਰਾਲੀ ਪ੍ਰਬੰਧਨ ਮਸ਼ੀਨਰੀ ਮੌਜੂਦ ਹੈ ਅਤੇ ਸਾਨੂੰ ਇਸ ਨੂੰ ਹਰ ਸਮੇਂ ਕਾਰਜਸ਼ੀਲ ਰੱਖ ਕੇ, ਇਸ ਦੀ ਵੱਧ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਸੂਬਾ ਸਰਕਾਰ ਵੱਲੋਂ ਬੇਲਰ ਅਤੇ ਰੇਕ ਦੀ ਖਰੀਦ ‘ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਵਧਾ ਕੇ 12 ਲੱਖ ਰੁਪਏ ਕਰਨ ਬਾਰੇ ਜਾਣੂ ਕਰਵਾਉਂਦਿਆਂ ਕਿਹਾ ਕਿ ਪੋਰਟਲ 15 ਅਗਸਤ ਤੱਕ ਖੁੱਲ੍ਹਾ ਹੈ ਅਤੇ ਸਾਨੂੰ ਵੱਧ ਤੋਂ ਵੱਧ ਬੇਲਰ ਅਪਲਾਈ ਕਰਕੇ ਇਸ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਇਸ ਵਾਰ ਬੇਲਰਾਂ ਦੀ ਗਿਣਤੀ ਵਧਾਉਣ ‘ਤੇ ਜ਼ੋਰ ਦੇ ਰਿਹਾ ਹੈ ਕਿਉਂਕਿ ਜ਼ਿਲ੍ਹੇ ਵਿੱਚ ਸਾਡੇ ਕੋਲ ਪੰਜ ਬਾਇਓ ਫਿਊਲ ਆਧਾਰਿਤ ਯੂਨਿਟ ਹਨ ਜਿੱਥੇ ਪਰਾਲੀ ਦੀਆਂ ਗੰਢਾਂ ਦੀ ਆਸਾਨੀ ਨਾਲ ਖਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਕਾਈਆਂ ਦੀ ਸਮਰੱਥਾ ਪਰਾਲੀ ਦੇ ਉਤਪਾਦਨ ਨਾਲੋਂ ਦੋ ਗੁਣਾ ਵੱਧ ਹੈ | ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੈੱਡ ਅਤੇ ਯੈਲੋ ਜ਼ੋਨ ਵਿੱਚ 85 ਪਿੰਡਾਂ ਦੀ ਸ਼ਨਾਖਤ ਕਰਨਾ ਵੀ ਪਰਾਲੀ ਸਾੜਨ (Stubble Burning) ਦੀਆਂ ਘਟਨਾਵਾਂ ਨੂੰ ਘੱਟ ਕਰਨ ਅਤੇ ਜ਼ਿਲ੍ਹੇ ਨੂੰ ਪਰਾਲੀ ਦੇ ਪ੍ਰਦੂਸ਼ਣ ਤੋਂ ਮੁਕਤ ਬਣਾਉਣ ਲਈ ਸਾਡੀਆਂ ਪਹਿਲਕਦਮੀਆਂ ਦਾ ਹਿੱਸਾ ਹੈ।
ਆਸ਼ਿਕਾ ਜੈਨ ਨੇ ਕਿਹਾ ਕਿ ਜ਼ਿਲ੍ਹੇ ਕੋਲ ਪਰਾਲੀ (Stubble) ਪ੍ਰਬੰਧਨ ਮਸ਼ੀਨਰੀ ਦੇ ਲਗਭਗ 952 ਸਬਸਿਡੀ ਵਾਲੇ ਯੂਨਿਟ ਹਨ ਪਰ ਇਸ ਵਾਰ ਅਸੀਂ 20 ਹੋਰ ਬੇਲਰ/ਰੇਕ ਮਸ਼ੀਨਾਂ ਨਾਲ ਆਪਣਾ ਸਟਾਕ ਵਧਾਉਣਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਸਟਮ ਹਾਇਰਿੰਗ ਸੈਂਟਰ ਦੀ ਵਿੱਤੀ ਸੀਮਾ 5 ਲੱਖ ਰੁਪਏ ਤੋਂ ਵਧਾ ਕੇ 15 ਲੱਖ ਰੁਪਏ ਕਰ ਦਿੱਤੀ ਹੈ ਜਿੱਥੇ 80 ਫੀਸਦੀ ਸਬਸਿਡੀ ਉਪਲਬਧ ਹੈ। ਇਸ ਤਰ੍ਹਾਂ, ਕੋਈ (ਸਮੂਹ ਜਾਂ ਸੁਸਾਇਟੀ) 12 ਲੱਖ ਰੁਪਏ ਦੀ ਸਬਸਿਡੀ ‘ਤੇ ਬੇਲਰ/ਰੇਕ ਮਸ਼ੀਨ ਆਸਾਨੀ ਨਾਲ ਖਰੀਦ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਅਤੇ ਸਹਿਕਾਰੀ ਸਭਾਵਾਂ ਦੇ ਪ੍ਰਧਾਨ ਗੁਰਬੀਰ ਸਿੰਘ ਢਿੱਲੋਂ ਵੀ ਮੌਜੂਦ ਸਨ।