ਮੋਹਾਲੀ, 04 ਅਕਤੂਬਰ 2025: ਪੰਜਾਬ ਦੀ ਮੋਹਾਲੀ ਦੀ ਇੱਕ ਅਦਾਲਤ ਨੇ ਬਦਮਾਸ਼ ਲਾਰੈਂਸ ਬਿਸ਼ਨੋਈ ਅਤੇ ਉਸਦੇ ਤਿੰਨ ਸਾਥੀਆਂ ਨੂੰ ਤਿੰਨ ਸਾਲ ਪੁਰਾਣੇ ਅਸਲਾ ਐਕਟ ਦੇ ਇੱਕ ਮਾਮਲੇ ‘ਚ ਬਰੀ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਇੱਕ ਜੇਲ੍ਹ ‘ਚ ਕੈਦ ਹੈ |
ਸੁਣਵਾਈ ਦੌਰਾਨ ਅਦਾਲਤ ਨੇ ਇੱਕ ਵਿਅਕਤੀ ਨੂੰ ਦੋਸ਼ੀ ਠਹਿਰਾਉਂਦੇ ਹੋਏ, ਉਸਨੂੰ ਤਿੰਨ ਸਾਲ ਦੀ ਕੈਦ ਅਤੇ ₹500 ਦੇ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ‘ਤੇ ਉਸਨੂੰ ਇੱਕ ਮਹੀਨਾ ਹੋਰ ਜੇਲ੍ਹ ‘ਚ ਬਿਤਾਉਣਾ ਪਵੇਗਾ।
ਲਾਰੈਂਸ ਦੀ ਨੁਮਾਇੰਦਗੀ ਕਰ ਰਹੇ ਵਕੀਲ ਕਰਨ ਸੋਫਤ ਨੇ ਕਿਹਾ, “ਲਾਰੈਂਸ, ਅਸੀਮ ਉਰਫ਼ ਹਸ਼ਮ ਬਾਬਾ, ਦੀਪਕ, ਵਿਕਰਮ ਸਿੰਘ ਉਰਫ਼ ਵਿੱਕੀ ਅਤੇ ਸੋਨੂੰ ਵਿਰੁੱਧ 2022 ‘ਚ ਸੋਹਾਣਾ ਪੁਲਿਸ ਸਟੇਸ਼ਨ ‘ਚ ਅਸਲਾ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਹਾਲਾਂਕਿ, ਇਸਤਗਾਸਾ ਪੱਖ ਲਾਰੈਂਸ, ਅਸੀਮ, ਦੀਪਕ ਅਤੇ ਵਿਕਰਮ ਵਿਰੁੱਧ ਦੋਸ਼ ਸਾਬਤ ਕਰਨ ‘ਚ ਅਸਫਲ ਰਿਹਾ, ਜਿਸ ਕਾਰਨ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ। ਸਿਰਫ਼ ਸੋਨੂੰ ਨੂੰ ਅਸਲਾ ਐਕਟ ਦੀ ਧਾਰਾ 25 ਤਹਿਤ ਦੋਸ਼ੀ ਠਹਿਰਾਇਆ ਗਿਆ ਸੀ।
ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਜਾਂਚ ਅਧਿਕਾਰੀ ਅਦਾਲਤ ‘ਚ ਆਪਣੀ ਗਵਾਹੀ ਪੂਰੀ ਕਰਨ ‘ਚ ਅਸਮਰੱਥ ਸੀ, ਜਿਸ ਕਾਰਨ ਉਸ ਦੇ ਅੰਸ਼ਕ ਬਿਆਨ ਨੂੰ ਸਬੂਤ ਵਜੋਂ ਅਯੋਗ ਕਰਾਰ ਦਿੱਤਾ ਗਿਆ। ਬਾਅਦ ‘ਚ ਇਸਤਗਾਸਾ ਪੱਖ ਨੇ ਗਵਾਹਾਂ ‘ਚੋਂ ਇੱਕ ਐਸਆਈ ਦੀਪਕ ਸਿੰਘ ਤੋਂ ਪੁੱਛਗਿੱਛ ਕੀਤੀ, ਜਿਸਨੇ ਪੁਸ਼ਟੀ ਕੀਤੀ ਕਿ ਸੋਨੂੰ ਤੋਂ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਸੀ।
Read More: ਸ੍ਰੀ ਮੁਕਤਸਰ ਸਾਹਿਬ ‘ਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਕਾਰਕੁਨ 5 ਪਿਸਤੌਲਾਂ ਸਣੇ ਗ੍ਰਿਫਤਾਰ