ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਅਪ੍ਰੈਲ 2024: ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਲੋਕ ਸਭਾ ਚੋਣਾਂ-2024 ਵਿੱਚ 80 ਫ਼ੀਸਦੀ ਤੋਂ ਵਧੇਰੇ ਵੋਟਾਂ ਦੇ ਭੁਗਤਾਨ (voter awareness) ਨੂੰ ਸਰ ਕਰਨ ਦੇ ਨਿਸ਼ਚੇ ਨਾਲ ਜ਼ਿਲ੍ਹਾ ਸਵੀਪ ਟੀਮ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ ਹਰ ਰੋਜ਼ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ।
ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਮੋਹਾਲੀ ਤੋਂ ਸਰਕਾਰੀ ਅਤੇ ਪ੍ਰਾਈਵੇਟ ਵਾਹਨਾਂ ਉੱਪਰ, ‘1 ਜੂਨ ਨੂੰ ਪੰਜਾਬ ਕਰੇਗਾ ਵੋਟ’ ਵਾਲੇ ਸਟਿੱਕਰ ਲਗਾਉਣ ਦੀ ਮੁਹਿੰਮ ਦਾ ਅਗਾਜ਼ ਐੱਸ ਏ ਐੱਸ ਨਗਰ ਵਿਧਾਨ ਸਭਾ ਹਲਕੇ ਦੇ ਸਹਾਇਕ ਰਿਟਰਨਿੰਗ ਅਫ਼ਸਰ-ਕਮ-ਸਬ ਡਵੀਜ਼ਨਲ ਮੈਜਿਸਟ੍ਰੇਟ ਦੀਪਾਂਕਰ ਗੁਪਤਾ ਅਤੇ ਸਹਾਇਕ ਕਮਿਸ਼ਨਰ (ਸਿਖਲਾਈ ਅਧੀਨ) ਡੈਵੀ ਗੋਇਲ ਆਈ ਏ ਐਸ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ।
ਇਸ ਮੌਕੇ ਸਬ ਡਵੀਜ਼ਨਲ ਮੈਜਿਸਟ੍ਰੇਟ ਦੀਪਾਂਕਰ ਗੁਪਤਾ ਨੇ ਸਮੂਹ ਵਰਗਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਵੋਟਾਂ ਪਾ ਕੇ ਲੋਕਤੰਤਰ ਦੇ ਤਿਉਹਾਰ ਵਿੱਚ ਯੋਗਦਾਨ ਪਾਇਆ ਜਾਵੇ। ਸਹਾਇਕ ਕਮਿਸ਼ਨਰ ਡੈਵੀ ਗੋਇਲ ਨੇ ਦੱਸਿਆ ਕਿ ਇਸ ਵਾਰ ਹਰ ਸੰਭਵ ਯਤਨ ਕੀਤੇ ਜਾਣਗੇ ਤਾਂ ਜੋ 80 ਫ਼ੀਸਦੀ ਪਾਰ ਦੇ ਟੀਚੇ ਨੂੰ ਪੂਰਾ ਕੀਤਾ ਜਾ ਸਕੇ।
ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਇਸੇ ਲੜੀ ਤਹਿਤ ਮਹਿਲਾ ਮੈਰਾਥਨ ਜੋ ਕਿ 17 ਅਪਰੈਲ ਨੂੰ ਕਰਵਾਈ ਗਈ ਸੀ, ਦੇ ਪਹਿਲੇ 100 ਜੇਤੂਆ ਅਤੇ ਦਿਵਿਆਂਗਜਨ ਵੋਟਰਾਂ ਨੂੰ ਉਤਸ਼ਾਹਿਤ (voter awareness) ਕਰਨ ਲਈ ਜ਼ਿਲ੍ਹਾ ਚੋਣ ਅਫਸਰ ਵੱਲੋਂ ਸੋਮਵਾਰ ਨੂੰ ਮੁਫ਼ਤ ਫਿਲਮ ਦਿਖਾਈ ਜਾਵੇਗੀ, ਜਿਥੇ ਜ਼ਿਲ੍ਹਾ ਆਈਕਨਜ਼ ਵੱਲੋਂ ਉਹਨਾਂ ਨੂੰ ਉਤਸ਼ਾਹਿਤ ਕਰਨ ਲਈ ਨਿੱਜੀ ਤੌਰ ’ਤੇ ਸ਼ਿਰਕਤ ਕੀਤੀ ਜਾਵੇਗੀ। ਜ਼ਿਲ੍ਹਾ ਗੁੱਡ ਗਵਰਨੈਂਸ ਫੈਲੋ ਵਿਜੈ ਲਕਸ਼ਮੀ ਨੇ ਦੱਸਿਆ ਕਿ ਉਪਰੋਕਤ ਸਟਿੱਕਰ ਕਾਰਾਂ ਤੋਂ ਇਲਾਵਾ ਸਕੂਲ ਬੱਸਾਂ ਉੱਪਰ ਵੀ ਲਾਏ ਜਾਣਗੇ।