July 2, 2024 7:40 pm
Government schemes

ਮੋਹਾਲੀ: ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਕੈਂਪ ‘ਚ ਲਾਭਪਾਤਰੀਆਂ ਨੇ ਸਰਕਾਰੀ ਸਕੀਮਾਂ ਦਾ ਲਾਭ ਉਠਾਇਆ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਦਸੰਬਰ 2023: ਜ਼ਿਲ੍ਹਾ ਪ੍ਰਸ਼ਾਸਨ ਦੇ ਦਿਸ਼ਾ-ਨਿਰਦੇਸ਼ ਤੇ ਵਿਕਸਤ ਭਾਰਤ ਸੰਕਲਪ ਯਾਤਰਾ ਤਹਿਤ ਪਿੰਡ ਸਵਾੜਾ ਵਿਖੇ ਭਾਰਤ ਸਰਕਾਰ ਵੱਲੋਂ ਕਮਜ਼ੋਰ ਵਰਗਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ  (Government schemes) ਬਾਰੇ ਜਾਣੂ ਕਰਵਾਉਣ ਅਤੇ ਲਾਭਪਾਤਰੀਆਂ ਨੂੰ ਸੇਵਾਵਾਂ ਦੇਣ ਲਈ ਵੱਖ-ਵੱਖ ਵਿਭਾਗਾਂ ਵਲੋਂ ਕੈਂਪ ਲਗਾਇਆ ਗਿਆ। ਇਸ ਮੌਕੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਭਾਰਤ ਸਰਕਾਰ ਦੇ ਡਿਪਟੀ ਸਕੱਤਰ ਡਾ. ਨਿਧੀ ਕੇਸਰਵਾਨੀ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ (ਡੀ) ਮੋਹਾਲੀ ਸੋਨਮ ਚੌਧਰੀ ਨੇ ਜਾਗਰੂਕਤਾ ਕੈਂਪ ਵਿਚ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ।

ਇਸ ਮੌਕੇ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਅਹੂਜਾ, ਅਸਿਸਟੈਂਟ ਪ੍ਰੋਗਰਾਮ ਅਫ਼ਸਰ ਡਾ. ਸੰਗੀਤਾ, ਅਸਿਸਟੈਂਟ ਸਿਵਲ ਸਰਜਨ ਡਾ. ਰੇਨੂੰ, ਸੀਨੀਅਰ ਮੈਡੀਕਲ ਅਫਸਰ ਡਾ. ਸੁਰਿੰਦਰਪਾਲ ਕੌਰ, ਬੀ.ਡੀ.ਪੀ.ਓ. ਲੈਨਿਨ ਗਰਗ, ਡਾ. ਗਗਨਦੀਪ ਸਿੰਘ, ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ, ਐਸ.ਟੀ.ਐਲ.ਐਸ. ਸੰਧਿਆ ਸ਼ਰਮਾ, ਐਸ.ਟੀ.ਐਸ. ਰਾਜੀਵ ਕੁਮਾਰ, ਕਮਿਊਨਿਟੀ ਹੈਲਥ ਅਫ਼ਸਰ ਮਨਪ੍ਰੀਤ ਕੌਰ, ਐਲਐਚਵੀ ਕ੍ਰਿਸ਼ਨਾ ਰਾਣੀ, ਐਲ.ਡੀ.ਐਮ. ਐਮ.ਕੇ. ਭਾਰਦਵਾਜ਼, ਐਨ.ਐਫ.ਐਲ ਦੇ ਮੈਨੇਜਰ ਗਗਨਦੀਪ ਸਿੰਘ, ਪਿੰਡ ਸਵਾੜਾ ਦੇ ਸਰਪੰਚ ਕੰਵਲਜੀਤ ਕੌਰ ਅਤੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।

ਭਾਰਤ ਸਰਕਾਰ ਦੇ ਡਿਪਟੀ ਸਕੱਤਰ ਡਾ. ਨਿਧੀ ਕੇਸਰਵਾਨੀ ਨੇ ਇਸ ਮੌਕੇ ਕਿਹਾ ਕਿ ਵਿਕਸਤ ਭਾਰਤ ਸੰਕਲਪ ਯਾਤਰਾ ਦਾ ਮਨੋਰਥ ਘਰ-ਘਰ ਤੱਕ ਭਾਰਤ ਸਰਕਾਰ ਦੀਆਂ ਮਹੱਤਵਪੂਰਨ ਯੋਜਨਾਵਾਂ ਬਾਰੇ ਜਾਗਰੂਕਤਾ ਪਹੁੰਚਾਉਣਾ ਅਤੇ ਲਾਭਪਾਤਰੀ ਪਰਿਵਾਰਾਂ ਨੂੰ ਲਾਭ ਪਹੁੰਚਾਉਣਾ ਹੈ, ਜਿਸ ਰਾਹੀਂ ਪਿੰਡਾਂ ਵਿਚ ਜ਼ਮੀਨੀ ਪੱਧਰ ‘ਤੇ ਸਰਕਾਰੀ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।

ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੀਆਂ ਟੀਮਾਂ ਵਲੋਂ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿਚ ਲੋਕਾਂ ਦੇ ਬੀ.ਪੀ., ਸ਼ੂਗਰ ਤੇ ਖੂਨ ਦੀ ਜਾਂਚ ਕੀਤੀ ਗਈ। ਆਯੂਸ਼ਮਾਨ ਭਾਰਤ- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਸਿਹਤ ਬੀਮਾ ਕਾਰਡ ਬਣਾਏ ਗਏ। ਨੈਸ਼ਨਲ ਟੀ.ਬੀ. ਇਲਮੀਨੇਸ਼ਨ ਪ੍ਰੋਗਰਾਮ ਤਹਿਤ ਲੋਕਾਂ ਦੇ ਟੀ.ਬੀ. ਦੇ ਸ਼ੱਕੀ ਮਰੀਜ਼ਾਂ ਦੀ ਜਾਂਚ ਕੀਤੀ ਗਈ। ਡ੍ਰੋਨ ਤਕਨੀਕ ਦੇ ਜ਼ਰੀਏ ਖੇਤਾਂ ਵਿਚ ਨੈਨੋ ਯੂਰੀਆ, ਡੀਏਪੀ ਤੇ ਇਫਕੋ ਸਾਗਰਿਕਾ ਤਰਲ ਸਮੇਤ ਖਾਦਾਂ ਅਤੇ ਦਵਾਈਆਂ ਦੇ ਛਿੜਕਾਅ ਦਾ ਪ੍ਰਦਰਸ਼ਨ ਕੀਤਾ ਗਿਆ।

ਐਨ.ਐਫ.ਐਲ., ਸਟੇਟ ਬੈਂਕ ਆਫ ਇੰਡੀਆ, ਕ੍ਰਿਸ਼ੀ ਵਿਗਿਆਨ ਕੇਂਦਰ, ਡਾਕਘਰ ਵਿਭਾਗ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਵੀ ਲੋਕਾਂ ਨੂੰ ਸਰਕਾਰੀ ਸਕੀਮਾਂ (Government schemes) ਬਾਰੇ ਜਾਣੂੰ ਕਰਵਾਇਆ। ਇਸ ਮੌਕੇ ਸੈਲਫ ਹੈਲਪ ਗਰੁੱਪ ਦੇ ਮੈਂਬਰ, ਆਸ਼ਾ ਵਰਕਰ ਤੇ ਆਂਗਨਵਾੜੀ ਵਰਕਰ ਮੌਜੂਦ ਸਨ।