ਮੋਗਾ , 22 ਨਵੰਬਰ 2023: ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਖੋਟੇ ਵਿੱਚ ਬੀਤੀ ਦੇਰ ਰਾਤ ਇੱਕ ਘਰਵਾਲੇ ਵੱਲੋਂ ਆਪਣੀ ਘਰਵਾਲੀ ਦਾ ਗਲਾ ਘੁੱਟ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਬੰਧੀ ਥਾਣਾ ਨਿਹਾਲ ਸਿੰਘ ਵਾਲਾ ਦੇ ਡੀ.ਐਸ.ਪੀ ਮਨਜੀਤ ਸਿੰਘ ਨੇ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਘਟਨਾ ਦਾ ਕਾਰਨ ਦੋਵਾਂ ਵਿੱਚ ਮਾਮੂਲੀ ਝਗੜਾ ਵੀ ਦੱਸਿਆ ਜਾ ਰਿਹਾ ਹੈ, ਕਥਿਤ ਦੋਸ਼ੀ ਅਜੇ ਫਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ।
ਇਸੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਗੁਰਚਰਨ ਸਿੰਘ ਨੇ ਦੱਸਿਆ ਕਿ ਦੋਵੇਂ ਘਰਵਾਲੀ-ਘਰਵਾਲਾ ਨਰਮਾ ਚੁਗਣ ਸ੍ਰੀ ਮੁਕਤਸਰ ਸਾਹਿਬ ਗਏ ਸਨ ਅਤੇ ਚਾਰ-ਪੰਜ ਦਿਨ ਪਹਿਲਾਂ ਪਿੰਡ ਵਾਪਸ ਆਏ ਸਨ ਅਤੇ ਉਨ੍ਹਾਂ ਕਿਹਾ ਕਲੀ ਉਸਦਾ ਘਰਵਾਲਾ ਨਸ਼ੇ ਦਾ ਆਦੀ ਸੀ ਅਤੇ ਸਾਡੀ ਲੜਕੀ ਉਸ ਨੂੰ ਨਸ਼ਾ ਕਰਨ ਤੋਂ ਰੋਕਦੀ ਸੀ। ਉਹ ਇਸ ਗੱਲ ਨੂੰ ਲੈ ਕੇ ਲੜਦਾ ਸੀ ਅਤੇ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਦਾ ਸੀ। ਕੱਲ੍ਹ ਉਹ ਆਪਣੇ ਤਿੰਨ ਬੱਚਿਆਂ ਨੂੰ ਕਿਧਰੇ ਛੱਡ ਆਇਆ ਅਤੇ ਫਿਰ ਘਰ ਆ ਕੇ ਉਸ ਨੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ। ਉਸ ਦਾ ਨਾਂ ਨਿੱਕਾ ਸਿੰਘ ਹੈ ਅਤੇ ਉਸ ਦੀ ਉਮਰ ਕਰੀਬ 30 ਸਾਲ ਹੈ। ਲੜਕੀ ਦੀ ਉਮਰ ਵੀ 30 ਸਾਲ ਦੇ ਕਰੀਬ ਹੈ ਅਤੇ ਉਸਦਾ ਨਾਮ ਗੁਰਪ੍ਰੀਤ ਕੌਰ ਹੈ।
ਇਸੇ ਮਾਮਲੇ ਦੀ ਜਾਂਚ ਕਰ ਰਹੇ ਨਿਹਾਲ ਸਿੰਘ ਵਾਲਾ ਦੇ ਡੀ.ਐੱਸ.ਪੀ ਮਨਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਨਿੱਕਾ ਸਿੰਘ ਨੇ ਆਪਣੀ ਘਰਵਾਲੀ ਦਾ ਚੁੰਨੀ ਨਾਲ ਗਲਾ ਘੁਟ ਕੇ ਕਤਲ ਕਰ ਦਿੱਤਾ ਹੈ, ਅਸੀਂ ਜਾਂਚ ਕਰ ਰਹੇ ਹਾਂ ਅਤੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।