ਚੰਡੀਗੜ੍ਹ, 11 ਅਕਤੂਬਰ 2023: ਆਮ ਆਦਮੀ ਪਾਰਟੀ (ਆਪ) ਪੰਜਾਬ (Punjab) ਨੇ 1 ਨਵੰਬਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਪੰਜਾਬ ਮੁੱਦੇ ‘ਤੇ ਬਹਿਸ ਕਰਨ ਤੋਂ ਇਨਕਾਰ ਕਰਨ ‘ਤੇ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ‘ਤੇ ਹਮਲਾ ਬੋਲਿਆ ਹੈ।ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ‘ਚ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲਏ ਹਨ,ਇਸ ਲਈ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਬਹਿਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਪ੍ਰੈੱਸ ਕਾਨਫਰੰਸ ਵਿੱਚ ਮਾਲਵਿੰਦਰ ਕੰਗ ਦੇ ਨਾਲ ਸੁਨੀਲ ਜਾਖੜ ਦੇ ਹਲਕਾ ਅਬੋਹਰ ਤੋਂ ਸਾਬਕਾ ਵਿਧਾਇਕ ਤੇ ‘ਆਪ’ ਆਗੂ ਅਰੁਣ ਨਾਰੰਗ, ‘ਆਪ’ ਆਗੂ ਬੱਬੀ ਬਾਦਲ ਅਤੇ ਜਸਤੇਜ ਅਰੋੜਾ ਹਾਜ਼ਰ ਸਨ।
ਕੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਸੁਨੀਲ ਜਾਖੜ ਦੀ ਪੁਰਾਣੀ ਟਿੱਪਣੀ ਮੀਡੀਆ ਨੂੰ ਸੁਣਾਈ, ਜਿਸ ਵਿਚ ਉਹ ਕਹਿ ਰਹੇ ਸਨ ਕਿ ਮੋਦੀ ਨੇ ਸਿਰਫ ਆਪਣੇ ਕੱਪੜੇ ਅਤੇ ਜੈਕਟ ਹੀ ਬਦਲੇ, ਉਨ੍ਹਾਂ ਨੇ ਇਕ ਵੀ ਚੰਗਾ ਕੰਮ ਨਹੀਂ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਕੀ ਸੁਨੀਲ ਜਾਖੜ ਹੁਣ ਪੀਐਮ ਮੋਦੀ ‘ਤੇ ਦਿੱਤੇ ਆਪਣੇ ਬਿਆਨ ਤੋਂ ਪਿੱਛੇ ਹਟਣਗੇ? ਕੀ ਸੁਨੀਲ ਜਾਖੜ ਹੁਣ ਸਾਬਕਾ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਵੱਲੋਂ ਸੁਪਰੀਮ ਕੋਰਟ ਵਿੱਚ ਦਿੱਤੇ ਹਲਫ਼ਨਾਮੇ ਅਤੇ ਕਪੂਰੀ, ਪਟਿਆਲਾ ਵਿੱਚ ਇੰਦਰਾ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸਵਾਈਐਲ ਦੇ ਉਦਘਾਟਨ ਨੂੰ ਰੱਦ ਕਰਨਗੇ?
ਕੰਗ ਨੇ ਕਿਹਾ ਕਿ ਭਾਜਪਾ ਸਰਕਾਰ ਦੇ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਬਿਆਨ ਦਿੱਤਾ ਹੈ ਕਿ ਪੰਜਾਬ ਸਰਕਾਰ ਐਸਵਾਈਐਲ ਨਹੀਂ ਬਣਨ ਦੇ ਰਹੀ। ਪ੍ਰਧਾਨ ਮੰਤਰੀ ਮੋਦੀ ਨੇ ਵੀ ਐਸਵਾਈਐਲ ਦੇ ਮੁੱਦੇ ‘ਤੇ ਪੰਜਾਬ (Punjab) ਸਰਕਾਰ ਖਿਲਾਫ ਬਿਆਨ ਦਿੱਤਾ ਹੈ। ਜੇਕਰ ਜਾਖੜ ਨੂੰ ਪੰਜਾਬ ਦੀ ਕੋਈ ਚਿੰਤਾ ਹੈ ਤਾਂ ਉਨ੍ਹਾਂ ਨੂੰ ਗਜੇਂਦਰ ਸਿੰਘ ਸ਼ੇਖਾਵਤ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਘਰ ਅੱਗੇ ਧਰਨਾ ਦੇਣਾ ਚਾਹੀਦਾ ਹੈ।
ਕੰਗ ਨੇ ਅਕਾਲੀ ਦਲ ਅਤੇ ਸੁਖਬੀਰ ਬਾਦਲ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਦਾਅਵਾ ਕੀਤਾ ਕਿ ਸੁਨੀਲ ਜਾਖੜ ਵਾਂਗ ਸੁਖਬੀਰ ਬਾਦਲ ਵੀ ਬਹਿਸ ਤੋਂ ਭੱਜਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਰਣਨੀਤੀ ਇਹ ਰਹੀ ਹੈ ਕਿ ਪਹਿਲਾਂ ਵਿਵਾਦ ਖੜ੍ਹਾ ਕਰਦਾ ਹੈ ਅਤੇ ਫਿਰ ਆਪਣੇ ਫਾਇਦੇ ਲਈ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਦਾ ਹੈ।
ਸੁਖਬੀਰ ਬਾਦਲ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਦੱਸਣ ਕਿ ਕੀ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਐਸਵਾਈਐਲ ਲਈ ਜ਼ਮੀਨ ਨੋਟੀਫਾਈ ਕਰਨ ਤੋਂ ਬਾਅਦ ਹਰਿਆਣਾ ਵਿਧਾਨ ਸਭਾ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਸਨਮਾਨ ਸਮਾਰੋਹ ਕਰਵਾਇਆ ਸੀ ਜਾਂ ਨਹੀਂ? ਉਹ ਦੱਸਣ ਕਿ ਕੀ ਉਨਾ ਨੇ ਚੌਧਰੀ ਦੇਵੀ ਲਾਲ ਤੋਂ ਐਸਵਾਈਐਲ ਦੇ ਬਦਲੇ ਗੁੜਗਾਓਂ ਵਿੱਚ ਇੱਕ ਪੰਜ ਤਾਰਾ ਹੋਟਲ ਲਈ ਪਲਾਟ ਲਿਆ ਸੀ ਜਾਂ ਨਹੀਂ? ਉਹ ਦੱਸਣ ਕਿ ਬਾਲਾਸਰ ਫਾਰਮ ਹਾਊਸ ਕਿਸਦਾ ਹੈ?
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਹਰ ਪੰਜਾਬ ਵਿਰੋਧੀ ਫੈਸਲੇ ਵਿੱਚ ਭਾਜਪਾ ਦਾ ਸਾਥ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਰਹਿੰਦਿਆਂ ਕਾਲਾ ਖੇਤੀ ਕਾਨੂੰਨ ਬਣਾਉਣ ਵਿੱਚ ਮੋਦੀ ਸਰਕਾਰ ਦਾ ਸਾਥ ਦਿੱਤਾ ਸੀ।
ਕੰਗ ਨੇ ਕਿਹਾ ਕਿ ਐਸਵਾਈਐਲ ਬਾਰੇ ਆਮ ਆਦਮੀ ਪਾਰਟੀ ਦਾ ਸਟੈਂਡ ਬਿਲਕੁਲ ਸਪੱਸ਼ਟ ਹੈ। ਮਾਨ ਸਰਕਾਰ ਨਾ ਤਾਂ ਐਸਵਾਈਐਲ ਬਣਨ ਦੇਵੇਗੀ ਅਤੇ ਨਾ ਹੀ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਦੇਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਕਿਹਾ ਹੈ ਕਿ ਹੁਣ ਐਸਵਾਈਐਲ ਦੀ ਥਾਂ ਵਾਈਐਸਐਲ ਬਣਾਇਆ ਜਾਵੇ ਕਿਉਂਕਿ ਹੁਣ ਪੰਜਾਬ ਨੂੰ ਵੀ ਯਮੁਨਾ ਦੇ ਪਾਣੀ ਦੀ ਲੋੜ ਹੈ।