ਹਰਿਆਣਾ, 15 ਜਨਵਰੀ 2026: ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਨਿਰਦੇਸ਼ਾਂ ਮੁਤਾਬਕ ਹਰਿਆਣਾ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਅਤੇ ਹਰਿਆਣਾ ਡੇਅਰੀ ਵਿਕਾਸ ਸਹਿਕਾਰੀ ਫੈਡਰੇਸ਼ਨ (ਵੀਟਾ) ਸਾਂਝੇ ਤੌਰ ‘ਤੇ ਸਿਰਸਾ ਜ਼ਿਲ੍ਹੇ ‘ਚ ਇੱਕ ਆਧੁਨਿਕ ਕਿਨੂੰ ਜੂਸ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨਗੇ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਹ ਪਲਾਂਟ ਜਨਤਕ-ਨਿੱਜੀ ਭਾਈਵਾਲੀ (ਪੀਪੀਪੀ) ਮਾਡਲ ਦੇ ਤਹਿਤ ਸਥਾਪਿਤ ਕੀਤਾ ਜਾਵੇਗਾ, ਜਿਸਦੀ ਸਾਲਾਨਾ ਪ੍ਰੋਸੈਸਿੰਗ ਸਮਰੱਥਾ ਲਗਭੱਗ 22,000 ਮੀਟ੍ਰਿਕ ਟਨ ਹੋਵੇਗੀ। ਇਹ ਪਲਾਂਟ ਕਿਨੂੰਆਂ ਦੇ ਨਾਲ-ਨਾਲ ਅਮਰੂਦ ਅਤੇ ਅਨਾਰ ਨੂੰ ਪ੍ਰੋਸੈਸ ਕਰੇਗਾ ਅਤੇ ਵੀਟਾ ਬ੍ਰਾਂਡ ਦੇ ਤਹਿਤ ਪੈਕ ਅਤੇ ਮਾਰਕੀਟ ਕੀਤਾ ਜਾਵੇਗਾ।
ਸ਼ਿਆਮ ਸਿੰਘ ਰਾਣਾ ਨੇ ਕਿਹਾ ਕਿ ਤਿਆਰ ਉਤਪਾਦਾਂ ਦੀ ਮਾਰਕੀਟਿੰਗ “ਹਰ-ਹਿਤ” ਅਤੇ “ਵੀਟਾ” ਸਟੋਰਾਂ ਰਾਹੀਂ ਕੀਤੀ ਜਾਵੇਗੀ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਾਂ ਲਈ ਬਿਹਤਰ ਕੀਮਤਾਂ ਮਿਲਣਗੀਆਂ ਅਤੇ ਬਾਗਬਾਨੀ ਖੇਤਰ ਨੂੰ ਮਜ਼ਬੂਤੀ ਮਿਲੇਗੀ। ਇਹ ਪ੍ਰੋਜੈਕਟ ਕਿਨੂੰ ਕਿਸਾਨਾਂ ਲਈ ਵਿਸ਼ੇਸ਼ ਤੌਰ ‘ਤੇ ਲਾਭਦਾਇਕ ਹੋਵੇਗਾ ਅਤੇ ਫਲਾਂ ਦੀ ਬਰਬਾਦੀ ਨੂੰ ਘਟਾਉਣ ਵਿੱਚ ਮਦਦ ਕਰੇਗਾ।
ਉਨ੍ਹਾਂ ਦੱਸਿਆ ਕਿ ਇਸ ਵੇਲੇ “ਹਰ-ਹਿੱਤ” ਯੋਜਨਾ ਦੇ ਤਹਿਤ ਹਰ ਸਾਲ ਲਗਭਗ 200 ਤੋਂ 250 ਸਟੋਰ ਸਥਾਪਿਤ ਕੀਤੇ ਜਾ ਰਹੇ ਹਨ। ਭਵਿੱਖ ਵਿੱਚ ਇਸ ਨੈੱਟਵਰਕ ਦਾ ਵਿਸਤਾਰ ਕਰਨ ਅਤੇ ਸਾਲਾਨਾ 500 ਤੋਂ 600 ਸਟੋਰ ਸਥਾਪਤ ਕਰਨ ਦਾ ਟੀਚਾ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਹਰਿਆਣਾ ਸਰਕਾਰ ਆਧੁਨਿਕ ਖੇਤੀਬਾੜੀ ਬੁਨਿਆਦੀ ਢਾਂਚੇ, ਫੂਡ ਪ੍ਰੋਸੈਸਿੰਗ ਯੂਨਿਟਾਂ ਅਤੇ ਇੱਕ ਮਜ਼ਬੂਤ ਮਾਰਕੀਟਿੰਗ ਪ੍ਰਣਾਲੀ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਲਗਾਤਾਰ ਯਤਨਸ਼ੀਲ ਹੈ।
Read More: ਹਰਿਆਣਾ ‘ਚ ਜਲਦ 64 ਦੰਦਾਂ ਦੇ ਡਾਕਟਰਾਂ ਦੀ ਭਰਤੀ ਕੀਤੀ ਜਾਵੇਗੀ: ਆਰਤੀ ਸਿੰਘ ਰਾਓ




