ਚੰਡੀਗੜ੍ਹ, 16 ਫਰਵਰੀ 2024: ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਲੋਕ ਸਭਾ ਦੀਆਂ ਆਮ ਚੋਣਾਂ (Lok Sabha elections) ਦੇ ਐਲਾਨ ਦੇ ਨਾਲ ਹੀ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ। ਅਨੁਰਾਗ ਅਗਰਵਾਲ ਨੇ ਅੱਜ ਇੱਥੇ ਆਦਰਸ਼ ਚੋਣ ਜ਼ਾਬਤੇ ਸਬੰਧੀ ਅਧਿਕਾਰੀਆਂ ਦੀ ਬੈਠਕ ਦੌਰਾਨ ਇਹ ਗੱਲ ਕਹੀ।
ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਆਪਣਾ ਚੋਣ (Lok Sabha elections) ਮਨੋਰਥ ਪੱਤਰ ਜਾਰੀ ਕਰਨ ਤੋਂ ਤਿੰਨ ਦਿਨਾਂ ਦੇ ਅੰਦਰ ਚੋਣ ਮਨੋਰਥ ਪੱਤਰ ਦੀਆਂ ਤਿੰਨ ਕਾਪੀਆਂ ਸੀ.ਈ.ਓ ਦਫ਼ਤਰ ਚੰਡੀਗੜ੍ਹ ਵਿਖੇ ਜਮ੍ਹਾਂ ਕਰਵਾਉਣੀਆਂ ਪੈਣਗੀਆਂ। ਅਗਰਵਾਲ ਨੇ ਕਿਹਾ ਕਿ ਜੇਕਰ ਕੋਈ ਵੀ ਸਿਆਸੀ ਪਾਰਟੀ ਰੈਲੀ ਜਾਂ ਰੋਡ ਸ਼ੋਅ ਲਈ ਕਾਫਲਾ ਕੱਢਣਾ ਚਾਹੁੰਦੀ ਹੈ ਤਾਂ ਸਬੰਧਤ ਜ਼ਿਲ੍ਹਾ ਅਥਾਰਟੀ ਤੋਂ ਮਨਜ਼ੂਰੀ ਲੈਣੀ ਜ਼ਰੂਰੀ ਹੈ।
ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਸਿਆਸੀ ਪਾਰਟੀ ਰੋਡ ਸ਼ੋਅ ਦਾ ਕਾਫਲਾ ਕੱਢਦੀ ਹੈ ਤਾਂ ਇਸ ਨਾਲ ਰੋਡ ਜਾਮ ਨਹੀਂ ਹੋਣਾ ਚਾਹੀਦਾ ਅਤੇ ਕੋਈ ਵੀ ਸਿਆਸੀ ਪਾਰਟੀ ਰੋਡ ਸ਼ੋਅ ਦਾ ਕਾਫਲਾ ਉਸ ਜਗ੍ਹਾ ਤੋਂ ਨਹੀਂ ਕੱਢ ਸਕੇਗੀ ਜਿੱਥੇ ਹਸਪਤਾਲ ਅਤੇ ਟਰਾਮਾ ਸੈਂਟਰ ਹੈ। ਇਸ ਤੋਂ ਇਲਾਵਾ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡਸਪੀਕਰ ਦੀ ਵਰਤੋਂ ਨਹੀਂ ਕੀਤੀ ਜਾਵੇਗੀ।
ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੌਰਾਨ ਸਿਆਸੀ ਪਾਰਟੀਆਂ ਵੱਲੋਂ ਕਿਸੇ ਵੀ ਰੈਸਟ ਹਾਊਸ, ਡਾਕ ਬੰਗਲੇ ਅਤੇ ਸਰਕਾਰੀ ਘਰਾਂ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੋਈ ਵੀ ਸਿਆਸੀ ਵਿਅਕਤੀ ਆਪਣੇ ਭਾਸ਼ਣ ਵਿੱਚ ਜਾਤੀ ਅਤੇ ਧਰਮ ਨਾਲ ਸਬੰਧਤ ਸ਼ਬਦਾਂ ਦੀ ਵਰਤੋਂ ਨਹੀਂ ਕਰ ਸਕੇਗਾ ਅਤੇ ਕੋਈ ਵੀ ਸਿਆਸੀ ਪਾਰਟੀ ਆਪਣੇ ਬੈਨਰਾਂ ‘ਤੇ ਮੰਦਰਾਂ, ਮਸਜਿਦਾਂ, ਗੁਰਦੁਆਰਿਆਂ ਅਤੇ ਚਰਚਾਂ ਦੀਆਂ ਫੋਟੋਆਂ ਦੀ ਵਰਤੋਂ ਨਹੀਂ ਕਰ ਸਕੇਗੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ‘ਤੇ ਚੋਣ ਖਰਚਾ ਨਿਗਰਾਨ ਟੀਮ ਬਣਾਈ ਗਈ ਹੈ ਜੋ ਕਿ ਵੱਖ-ਵੱਖ ਤਰੀਕਿਆਂ ਨਾਲ ਉਮੀਦਵਾਰਾਂ ਦੇ ਪ੍ਰੋਗਰਾਮਾਂ ‘ਤੇ ਨਜ਼ਰ ਰੱਖੇਗੀ | ਤਾਂ ਜੋ ਉਮੀਦਵਾਰ ਪ੍ਰੋਗਰਾਮਾਂ ਵਿੱਚ ਚੋਣ ਜ਼ਾਬਤੇ ਦੀ ਉਲੰਘਣਾ ਨਾ ਕਰ ਰਹੇ ਹੋਣ।