ਮੋਹਾਲੀ, 07 ਮਈ 2025: Mock Drill In Punjab: ਭਾਰਤ ਦੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਮੌਕ ਡ੍ਰਿਲ ਕਰਵਾਈ ਗਈ ਹੈ | ਇਸ ‘ਚ ਪੁਲਿਸ, ਫਾਇਰ ਬ੍ਰਿਗੇਡ, ਐਨਸੀਸੀ ਕੈਡਿਟਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ। ਮੌਕ ਡ੍ਰਿਲ ਦੌਰਾਨ ਬੰ.ਬ ਨਿਰੋਧਕ ਦਸਤੇ ਅਤੇ ਸਨਿਫਰ ਡੌਗ ਦੇ ਨਾਲ ਟੀਮਾਂ ‘ਚ ਜਾਂਚ ਕੀਤੀ।
ਪੰਜਾਬ ਦੇ ਸ਼ਹਿਰ ਜਿਨ੍ਹਾਂ ‘ਚ ਜਲੰਧਰ, ਅੰਮ੍ਰਿਤਸਰ ਅਤੇ ਮੋਹਾਲੀ, ਲੁਧਿਆਣਾ ਆਦਿ ਸ਼ਾਮਲ ਹਨ, ਸਾਇਰਨ ਦੀ ਆਵਾਜ਼ ਨਾਲ ਗੂੰਜ ਉੱਠੇ। ਰੋਪੜ ਜ਼ਿਲ੍ਹੇ ਦੇ ਨੰਗਲ ਦੇ ਡੀਏਵੀ ਸਕੂਲ ‘ਚ ਪੁਲਿਸ ਨੇ ਬੱਚਿਆਂ ਨੂੰ ਸਿਵਲ ਡਿਫੈਂਸ ਦੇ ਤਰੀਕਿਆਂ ਬਾਰੇ ਦੱਸਿਆ। ਬੱਚਿਆਂ ਨੂੰ ਸਿਖਾਇਆ ਕਿ ਜੰਗ ਦੀ ਸਥਿਤੀ ‘ਚ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ।
ਅੰਮ੍ਰਿਤਸਰ ਵਿੱਚ ਸਿਵਲ ਡਿਫੈਂਸ ਸੰਬੰਧੀ ਇੱਕ ਮੌਕ ਡਰਿੱਲ ਕੀਤੀ । ਇਸ ਦੌਰਾਨ ਬਚਾਅ ਟੀਮਾਂ ਨੂੰ ਸੀਪੀਆਰ ਦੇਣਾ ਸਿਖਾਇਆ। ਅੱਗ ਬੁਝਾਊ ਟੀਮਾਂ ਨੇ ਰਿਹਰਸਲ ਕੀਤੀ ਕਿ ਜੇਕਰ ਅੱਗ ਲੱਗ ਜਾਵੇ ਤਾਂ ਉਸਨੂੰ ਕਿਵੇਂ ਬੁਝਾਇਆ ਜਾਵੇ। ਇਸ ਦੌਰਾਨ ਵਿਦਿਆਰਥੀਆਂ ਨੂੰ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਅਤੇ ਹਸਪਤਾਲ ਲਿਜਾਣ ਦੇ ਤਰੀਕਿਆਂ ਬਾਰੇ ਦੱਸਿਆ ।
ਇਹ ਮੌਕ ਡਰਿੱਲ ਅੱਜ ਪੰਜਾਬ ‘ਚ 20 ਥਾਵਾਂ ‘ਤੇ ਕੀਤੀ ਜਾਵੇਗੀ। ਜਲੰਧਰ ‘ਚ ਸ਼ਾਮ 4 ਵਜੇ ਸਾਇਰਨ ਵਜਾਉਣ ਨਾਲ ਮੌਕ ਡਰਿੱਲ ਸ਼ੁਰੂ ਹੋਵੇਗੀ। ਇਸ ਦੇ ਨਾਲ ਹੀ, ਰਾਤ ਨੂੰ ਬਲੈਕਆਊਟ ਦੌਰਾਨ ਹਵਾਈ ਹਮਲੇ ਦੌਰਾਨ ਬਚਣ ਦੇ ਤਰੀਕੇ ਦੱਸੇ ਜਾਣਗੇ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਹੁਕਮਾਂ ਮੁਤਾਬਕ ਦੇਸ਼ ਭਰ ‘ਚ ਮੌਕ ਡ੍ਰਿਲ ਅਤੇ ਸੁਰੱਖਿਆ ਤਿਆਰੀ ਅਭਿਆਸ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਪੰਜਾਬ ਦੇ 20 ਸ਼ਹਿਰਾਂ ਨੂੰ ਜ਼ੋਨ-2 ਅਤੇ ਜ਼ੋਨ-3 ‘ਚ ਵੰਡਿਆ ਗਿਆ ਹੈ।
ਐਨਸੀਸੀ ਗਰੁੱਪ ਹੈੱਡਕੁਆਰਟਰ ਜਲੰਧਰ ਨੇ 250 ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸਿਵਲ ਡਿਫੈਂਸ ਦੇ ਤਰੀਕੇ ਸਿਖਾਏ। ਆਰਮੀ ਮੈਡਲ ਗਰੁੱਪ ਕਮਾਂਡਰ ਬ੍ਰਿਗੇਡੀਅਰ ਅਜੇ ਤਿਵਾੜੀ ਨੇ ਕਿਹਾ ਕਿ ਅੱਠ ਹਜ਼ਾਰ ਐਨ.ਸੀ.ਸੀ. ਕੈਡਿਟਾਂ, ਮੁੰਡੇ ਅਤੇ ਕੁੜੀਆਂ ਨੇ ਹੁਸ਼ਿਆਰਪੁਰ, ਕਪੂਰਥਲਾ, ਫਗਵਾੜਾ ਅਤੇ ਜਲੰਧਰ ਦੀਆਂ ਤਿੰਨ ਬਟਾਲੀਅਨਾਂ ਦੇ ਕਾਲਜਾਂ ਅਤੇ ਸਕੂਲਾਂ ‘ਚ ਸਿਵਲ ਡਿਫੈਂਸ ਮੌਕ ਡ੍ਰਿਲ ਦਾ ਅਭਿਆਸ ਕੀਤਾ।
ਮੋਹਾਲੀ ‘ਚ ਮੌਕ ਡ੍ਰਿਲ ਦੌਰਾਨ, ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਦੇ ਗੁਰ ਸਿਖਾਏ । ਇਸ ਦੌਰਾਨ ਪੂਰਾ ਸ਼ਹਿਰ ਹੂਟਰ ਦੀ ਆਵਾਜ਼ ਨਾਲ ਗੂੰਜ ਉੱਠਿਆ। ਰਿਹਰਸਲ ਦੌਰਾਨ ਐਂਬੂਲੈਂਸਾਂ ਇਧਰ-ਉਧਰ ਘੁੰਮਦੀਆਂ ਰਹੀਆਂ।
Read More: ਸਿਵਲ ਡਿਫੈਂਸ ਮੌਕ ਡ੍ਰਿਲ ਅਤੇ ਬਲੈਕਆਊਟ ਦੌਰਾਨ ਇਨ੍ਹਾਂ ਗੱਲਾਂ ਦਾ ਰੱਖੋ ਤਿਆਰ