MLA Narinder Kaur Bharaj

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸਫ਼ਾਈ ਵਿਵਸਥਾ ਲਈ 10 ਨਵੇਂ ਵਾਹਨਾਂ ਨੂੰ ਦਿਖਾਈ ਹਰੀ ਝੰਡੀ

ਸੰਗਰੂਰ, 5 ਅਪ੍ਰੈਲ 2023: ਮਾਨ ਸਰਕਾਰ ਵੱਲੋਂ ਸੰਗਰੂਰ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਵਧੇਰੇ ਸੁਚਾਰੂ ਬਣਾਉਣ ਲਈ ਨਗਰ ਕੌਂਸਲ ਨੂੰ 10 ਵਾਹਨ ਮੁਹੱਈਆ ਕਰਵਾਏ ਗਏ ਹਨ ਜਿਨ੍ਹਾਂ ਨੂੰ ਅੱਜ ਵਿਧਾਇਕਾ ਨਰਿੰਦਰ ਕੌਰ ਭਰਾਜ (MLA Narinder Kaur Bharaj) ਵੱਲੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਨ੍ਹਾਂ ਵਾਹਨਾਂ ਰਾਹੀਂ ਸ਼ਹਿਰ ਵਿੱਚੋਂ ਸੁੱਕਾ ਕੂੜਾ ਅਤੇ ਗਿੱਲਾ ਕੂੜਾ ਇਕੱਤਰ ਕਰਨ ਦੀ ਮੁਹਿੰਮ ਨੂੰ ਹੋਰ ਮਜ਼ਬੂਤ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਸੰਗਰੂਰ ਦਾ ਕਾਇਆ ਕਲਪ ਕਰਨ ਲਈ ਉਹ ਤਨਦੇਹੀ ਨਾਲ ਜੁਟੇ ਹੋਏ ਹਨ।

ਉਨ੍ਹਾਂ ਕਿਹਾ ਕਿ ਸੰਗਰੂਰ ਸ਼ਹਿਰ ਵਿਖੇ ਦੋ ਆਟੋ ਅਤੇ 9 ਈ-ਰਿਕਸ਼ਾ ਪਹਿਲਾਂ ਹੀ ਇਸ ਕਾਰਜ ਨੂੰ ਸਮਰਪਿਤ ਹਨ ਅਤੇ ਪਰ ਸ਼ਹਿਰ ਵਾਸੀਆਂ ਦੀਆਂ ਲੋੜਾਂ ਅਤੇ ਚੌਗਿਰਦੇ ਨੂੰ ਸਵੱਛਤਾ ਭਰਪੂਰ ਬਣਾਉਣ ਲਈ ਹੋਰ ਵਾਹਨਾਂ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਅਤੇ ਸਰਕਾਰ ਦੀ ਤਰਫੋਂ ਮੁਹੱਈਆ ਕਰਵਾਏ ਗਏ ਇਹ ਵਾਹਨ ਸ਼ਹਿਰ ਦੇ 29 ਵਾਰਡਾਂ ਵਿੱਚ ਘਰ ਘਰ ਜਾ ਕੇ ਕੂੜਾ ਇਕੱਤਰ ਕਰਕੇ ਇਸਦੇ ਯੋਗ ਪ੍ਰਬੰਧਨ ਵਿੱਚ ਮਹੱਤਵਪੂਰਨ ਭੁਮਿਕਾ ਨਿਭਾਉਣਗੇ।

ਵਿਧਾਇਕ ਨਰਿੰਦਰ ਕੌਰ ਭਰਾਜ (MLA Narinder Kaur Bharaj) ਨੇ ਕਿਹਾ ਕਿ ਨਗਰ ਕੌਂਸਲ ਦੀਆਂ ਟੀਮਾਂ ਲਗਾਤਾਰ ਸ਼ਹਿਰ ਵਿੱਚ ਲੋਕਾਂ ਨੂੰ ਸੁੱਕੇ ਕੂੜੇ ਤੇ ਗਿੱਲੇ ਕੂੜੇ ਦੇ ਵਖਰੇਵੇਂ ਬਾਰੇ ਜਾਗਰੂਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਲੇ ਦੁਆਲੇ ਨੂੰ ਪ੍ਰਦੁਸ਼ਣ ਮੁਕਤ ਕਰਨ ਦੀ ਇਹ ਲੋਕ ਪੱਖੀ ਪਹਿਲ ਸ਼ੁਰੂ ਤੋਂ ਹੀ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੇ ਮੁੱਖ ਏਜੰਡੇ ’ਤੇ ਰਹੀ ਹੈ ਅਤੇ ਸੰਗਰੂਰ ਸ਼ਹਿਰ ਵਿਖੇ ਇਨ੍ਹਾਂ ਵਾਹਨਾਂ ਰਾਹੀਂ ਘਰਾਂ ਵਿੱਚੋਂ ਕੂੜਾ ਕਰਕਟ ਇਕੱਠਾ ਕਰਕੇ ਇਸ ਦਾ ਯੋਗ ਨਿਪਟਾਰਾ ਕੀਤਾ ਜਾਵੇਗਾ |

ਜਿਸ ਸਬੰਧੀ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸ਼ਹਿਰ ਵਿੱਚ ਪੱਕੇ ਤੌਰ ’ਤੇ ਲੱਗੇ ਕੂੜੇ ਦੇ ਡੰਪਾਂ ਨੂੰ ਵੀ ਖਤਮ ਕਰਨ ਲਈ ਢੁਕਵੇਂ ਕਦਮ ਚੁੱਕਣ ਦੀ ਹਦਾਇਤ ਕਰ ਦਿੱਤੀ ਗਈ ਹੈ। ਇਸ ਮੌਕੇ ਐਸ.ਡੀ.ਐਮ ਨਵਰੀਤ ਕੌਰ ਸੇਖੋਂ, ਈ.ਓ ਬਾਲਕ੍ਰਿਸ਼ਨ ਸਮੇਤ ਹੋਰ ਅਧਿਕਾਰੀ ਤੇ ਆਗੂ ਹਾਜ਼ਰ ਸਨ।

Scroll to Top