ਸਾਹਿਬਜ਼ਾਦਾ ਅਜੀਤ ਸਿੰਘ ਨਗਰ(ਮੋਹਾਲੀ), 16 ਦਸੰਬਰ 2025: ਮੋਹਾਲੀ ਦੇ ‘ਆਪ’ ਵਿਧਾਇਕ ਕੁਲਵੰਤ ਸਿੰਘ ਵੱਲੋਂ 17. 71 ਕਰੋੜ ਨਾਲ ਬਣਾਏ ਜਾ ਰਹੇ ਚੌਂਕਾਂ ਅਤੇ ਟੀ-ਜੰਕਸ਼ਨਾਂ ਦੇ ਕੰਮ ਦੀ ਸ਼ੁਰੂਆਤ ਅੱਜ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਸਾਹਮਣੇ ਨਵੇਂ ਬਣਨ ਵਾਲੇ ਚੌਂਕ ਤੋਂ ਕੀਤਾ ਗਿਆ।
ਜਿਕਰਯੋਗ ਹੈ ਕਿ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦਾ ਇਹ ਚੌਂਕ ਅਤੇ ਹੋਰ ਚੌਂਕ ਸੈਕਟਰ 78/79 ਜੰਕਸ਼ਨ ਅਤੇ ਸੀਪੀ-67 ਮਾਲ ਵਾਲਾ ਜੰਕਸ਼ਨ ਨਵੇਂ ਬਣਾਏ ਜਾਣਗੇ ਜਦਕਿ ਨਵੀਨੀਕਰਨ ਹੋ ਰਹੇ ਜੰਕਸ਼ਨਾਂ ‘ਚੋਂ ਇੱਕ ਏਅਰਪੋਰਟ ਰੋਡ ਤੇ ਆਈਸਰ-ਟੀ ਪੁਆਇੰਟ, ਜੋ ਕਿ 90% ਤਿਆਰ ਹੋ ਚੁੱਕਿਆ ਹੈ, ਤੋਂ ਇਲਾਵਾ ਚੀਮਾ ਬਾਇਲਰ ਚੌਂਕ ਟੀ ਪੁਆਇੰਟ ਅਤੇ ਕੁਆਰਕ ਸਿਟੀ ਜੰਕਸ਼ਨ ਹੈ। ਇਨ੍ਹਾਂ ਦਾ ਕੰਮ ਮੈ: ਗ੍ਰਿਫਟਕੋਨ ਇੰਫਰਾਸਟਰਕਚਰ ਕੰਪਨੀ ਨੂੰ ਦਿੱਤਾ ਹੈ ਅਤੇ ਤੈਅ ਸਮਾਂ ਸੀਮਾ ਦੇ ਮੁਤਾਬਕ ਅਕਤੂਬਰ 2026 ਤੱਕ ਇਸ ਕੰਮ ਨੂੰ ਪੂਰਾ ਕਰਕੇ ਲੋਕ ਅਰਪਣ ਕੀਤਾ ਜਾਵੇਗਾ |
ਇਸ ਦੌਰਾਨ ਕੰਮ ਦੀ ਸ਼ੁਰੂਆਤ ਕਰਨ ਲਈ ਟੱਕ ਲਾਉਣ ਤੋਂ ਪਹਿਲਾਂ ਗੁਰਦੁਆਰਾ ਸਿੰਘ ਸ਼ਹੀਦਾਂ ਦੀ ਪੂਰੀ ਪ੍ਰਬੰਧਕ ਕਮੇਟੀ ਦੀ ਮੌਜੂਦਗੀ ‘ਚ ਅਰਦਾਸ ਕੀਤੀ ਅਤੇ ਕੰਮ ਦੀ ਸ਼ੁਰੂਆਤ ਦੇ ਲਈ ਪਰਮਾਤਮਾ ਦਾ ਓਟ ਆਸਰਾ ਲਿਆ। ਗੁਰਦੁਆਰਾ ਸਿੰਘ ਸ਼ਹੀਦਾਂ ਪ੍ਰਬੰਧਕ ਕਮੇਟੀ ਵੱਲੋਂ ਵਿਧਾਇਕ ਕੁਲਵੰਤ ਸਿੰਘ ਦੇ ਧਿਆਨ ‘ਚ ਲਿਆਂਦਾ ਕਿ ਇਸ ਚੌਂਕ ਦਾ ਨਾਂ ਬਾਬਾ ਜੀ ਦੇ ਨਾਮ ਤੇ ਰੱਖਿਆ ਜਾਵੇ। ਇਸ ਤੇ ਵਿਧਾਇਕ ਕੁਲਵੰਤ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਵਾਇਆ ਕਿ ਉਹ ਇਸ ਚੌਂਕ ਦਾ ਨਾਮ ‘ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਨਾਮ ‘ਤੇ ਰੱਖਣ ਸਬੰਧੀ ਪੰਜਾਬ ਸਰਕਾਰ ਨਾਲ ਗੱਲਬਾਤ ਕਰਨਗੇ ਅਤੇ ਆਪਣੀ ਹਰ ਸੰਭਵ ਕੋਸ਼ਿਸ਼ ਕਰਨਗੇ ਤਾਂ ਜੋ ਇਹ ਚੌਂਕ ‘ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਨੂੰ ਸਮਰਪਿਤ ਕੀਤਾ ਜਾ ਸਕੇ। ਇਸ ਦੌਰਾਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ‘ਚ ਸਤਵਿੰਦਰ ਸਿੰਘ, ਹਰਜਿੰਦਰ ਸਿੰਘ, ਜਰਨੈਲ ਸਿੰਘ, ਬਲਦੇਵ ਸਿੰਘ ਅਤੇ ਪ੍ਰੇਮ ਸਿੰਘ ਮੌਜੂਦ ਸਨ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਦੇ ‘ਚ 5 ਚੌਂਕ ਪਹਿਲਾਂ ਹੀ ਬਣਾਏ ਜਾ ਚੁੱਕੇ ਹਨ ਅਤੇ ਅੱਜ ਸ਼ੁਰੂ ਕੀਤੇ ਇਨ੍ਹਾਂ ਚੌਂਕਾਂ ਨਾਲ ਆਵਾਜਾਈ ‘ਚ ਹੋਰ ਅਸਾਨੀ ਹੋਵੇਗੀ। ਇਸ ਮੌਕੇ ਗਮਾਡਾ ਦੇ ਚੀਫ ਇੰਜੀਨੀਅਰ ਅਜੇ ਗਰਗ, ਐਸ.ਈ. ਪਰਮਿੰਦਰ ਸਿੰਘ, ਐਕਸੀਅਨ (ਸਿਵਿਲ) ਸੁਖਵਿੰਦਰ ਸਿੰਘ ਵੀ ਹਾਜ਼ਰ ਸਨ। ਕੁਲਵੰਤ ਸਿੰਘ ਨੇ ਕਿਹਾ ਕਿ ਗਮਾਡਾ ਦੀ ਇਸ ਟੀਮ ਵੱਲੋਂ ਪੂਰੇ ਯੋਜਨਾ ਵੱਧ ਢੰਗ ਨਾਲ ਇਹ ਕੰਮ ਕਰਵਾਇਆ ਜਾ ਰਿਹਾ ਜਾਵੇਗਾ। ਕੰਮ ਦੇ ਦੌਰਾਨ ਟ੍ਰੈਫਿਕ ਕਿਸੇ ਵੀ ਢੰਗ ਨਾਲ ਪ੍ਰਭਾਵਿਤ ਨਾ ਹੋਵੇ |
ਵਿਧਾਇਕ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਸੈਕਟਰ -66 ਵਿਖੇ ਵੂਮੈਨ ਹੋਸਟਲ ਦਾ ਨੀਂਹ ਪੱਥਰ ਵੀ ਰੱਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ਦੀ ਹੱਦ ‘ਚ ਵਾਧਾ ਹੋਣ ਨਾਲ ਬਕਾਇਆ ਰਹਿੰਦੇ ਵਿਕਾਸ ਕਾਰਜ ਅਤੇ ਲੋਕਾਂ ਦੇ ਕੰਮ ਅਤੇ ਲੋੜਾਂ ਸਮੇਂ ਰਹਿੰਦੇ ਪੂਰੇ ਹੋ ਸਕਣ |
ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦੇ ਜਵਾਬ ‘ਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਦੇ ‘ਚ ਜੋ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਕੰਮ ਚੱਲ ਰਿਹਾ ਹੈ, ਇਹ ਅਦਾਲਤ ਦੇ ਹੁਕਮਾਂ ਤੇ ਚੱਲ ਰਿਹਾ ਰਿਹਾ ਹੈ ਅਤੇ ਇਸ ਬਾਬਤ ਕੁਝ ਲੋਕਾਂ ਵੱਲੋਂ ਆਮ ਲੋਕਾਂ ਨੂੰ ਗੁੰਮਰਾਹ ਕਰਨਾ ਤੇ ਇਸ ਕੰਮ ਦੀ ਆਲੋਚਨਾ ਕਰਨੀ, ਅਦਾਲਤ ਦੇ ਹੁਕਮਾਂ ਦੀ ਹੱਤਕ ਦੇ ਬਰਾਬਰ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਸਿੱਧੂ ਭਰਾਵਾਂ ਨੇ ਪਿਛਲੇ 15 ਸਾਲਾਂ ਤੋਂ ਮੋਹਾਲੀ ਦੇ ਲੋਕਾਂ ਨੂੰ ਝੂਠ ਬੋਲਿਆ ਹੈ ਅਤੇ ਆਪਣੀ ਅਸਫਲਤਾ ਨੂੰ ਛੁਪਾਉਣ ਦੇ ਲਈ ਝੂਠੀ ਬਿਆਨਬਾਜ਼ੀ ਹੀ ਕਰਦੇ ਹਨ, ਪ੍ਰੰਤੂ ਹੁਣ ਮੋਹਾਲੀ ਦੇ ਲੋਕ ਬਹੁਤ ਸਮਝਦਾਰ ਹਨ।
Read More: ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਕੁੰਭੜਾ ਵਿਖੇ ਕਮਿਊਨਿਟੀ ਸੈਂਟਰ ਦਾ ਰੱਖਿਆ ਨੀਂਹ ਪੱਥਰ




