Kulwant Singh

ਵਿਧਾਇਕ ਕੁਲਵੰਤ ਸਿੰਘ ਵੱਲੋਂ ਬਲੌਂਗੀ ’ਚ ਬਰਿਆਲੀ ਰੋਡ ਸਮੇਤ 4 ਸੜ੍ਹਕਾਂ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) 22 ਮਈ 2025: ਐਸ.ਏ.ਐਸ ਨਗਰ ਤੋਂ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਅੱਜ ਪਿੰਡ ਬਲੌਂਗੀ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਬਰਿਆਲੀ ਰੋਡ ਸਮੇਤ ਚਾਰ ਸੜ੍ਹਕਾਂ ਦੀ ਉਸਾਰੀ ਦੇ ਕੰਮ ਦੀ ਸ਼ੁਰੂਆਤ ਕਰਵਾਈ ਹੈ | ਇਸ ਕਾਰਜ ਨੂੰ 3 ਮਹੀਨਿਆਂ ’ਚ ਮੁਕੰਮਲ ਕਰ ਲਿਆ ਜਾਵੇਗਾ।

ਇਨ੍ਹਾਂ ਸੜ੍ਹਕਾਂ ’ਤੇ 60 ਐਮ.ਐਮ ਦਾ ਪੇਵਰ ਬਲਾਕ ਲਾਇਆ ਜਾਵੇਗਾ ਤਾਂ ਜੋ ਇਹ ਲੰਮੇ ਸਮੇਂ ਲਈ ਚੱਲ ਸਕਣ | ਇਸ ਮੌਕੇ ਵਿਧਾਇਕ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬਲੌਂਗੀ ਪਿੰਡ ਦੀ 15 ਸਾਲ ਤੋਂ ਮੁਰੰਮਤ ਦੀ ਉਡੀਕ ’ਚ ਪਈ ਫ਼ਿਰਨੀ ਦਾ ਕਰੀਬ 45 ਲੱਖ ਰੁਪਏ ਨਾਲ ਨਵੀਨੀਕਰਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਨਵੀਨੀਕਰਨ ਮੌਕੇ ਪਾਣੀ ਦੇ ਨਿਕਾਸ ਲਈ ਡਰੇਨੇਜ ਪਾਈਪਾਂ ਵੀ ਪਾਈਆਂ ਗਈਆਂ ਸਨ।

ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਦੀ ਸੇਵਾ ਦਾ ਤਹੱਈਆ ਕਰ ਮਾਰਚ 2022 ’ਚ ਸੰਭਾਲੀ ਸੇਵਾ ਤਹਿਤ ਲੋਕਾਂ ਦੀ ਸਿੱਖਿਆ ਅਤੇ ਸਿਹਤ ’ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਪੰਜਾਬ ’ਚ ਹੁਣ ਤੱਕ 881 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ , ਜਿਨ੍ਹਾਂ ’ਚੋਂ ਇੱਕ ਬਲੌਂਗੀ ਪਿੰਡ ’ਚ ਵੀ ਹੈ। ਇਨ੍ਹਾਂ ਕਲੀਨਿਕਾਂ ’ਚ ਮੁਫ਼ਤ ਦਵਾਈਆਂ, ਮੁਫ਼ਤ ਲੈਬ ਟੈਸਟ ਦੀ ਸਹੂਲਤ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਵੀ ਛੇਤੀ ਸ਼ੁਰੂ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਿਖਿਆ ਕ੍ਰਾਂਤੀ ਤਹਿਤ ਸੂਬੇ ਦੇ 12000 ਹਜ਼ਾਰ ਸਕੂਲਾਂ ’ਚ 2000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟ ਮੁਕੰਮਲ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ ਜਾ ਰਹੇ ਹਨ। ਪੰਜਾਬ ’ਚ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਦੇ ਘਰਾਂ ’ਤੇ ਚੱਲ ਰਹੇ ਬਲਡੋਜ਼ਰ ਅਤੇ ਜੇਲ੍ਹਾਂ ਪਿੱਛੇ ਡੱਕੇ ਜਾ ਰਹੇ ਸਮੱਗਲਰ, ਸਰਕਾਰ ਦੀ ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਦੀ ਵਚਨਬੱਧਤਾ ਦਾ ਪ੍ਰਤੀਕ ਹਨ।

ਵਿਧਾਇਕ ਨੇ ਦੱਸਿਆ ਕਿ ਪੰਜਾਬ ’ਚ ਪੇਂਡੂ ਲਿੰਕ ਸੜ੍ਹਕਾਂ ਦੀ ਜੰਗੀ ਪੱਧਰ ’ਤੇ ਮੁਰੰਮਤ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਸਰਕਾਰ ਵੱਲੋਂ 1800 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ।
ਇਸ ਮੌਕੇ ਕੁਲਦੀਪ ਸਿੰਘ ਸਮਾਣਾ, ਪਿੰਡ ਦੀ ਸਰਪੰਚ ਜਸਵਿੰਦਰ ਕੌਰ ਬਰਾੜ, ਮਗਨ ਲਾਲ (ਬਲਾਕ ਪ੍ਰਧਾਨ ਆਪ), ਅਵਤਾਰ ਸਿੰਘ ਮੌਲੀ ਬੈਦਵਾਨ, ਮੱਖਣ ਸਿੰਘ ਬਰਾੜ, ਜੇ ਈ ਜਸਪਾਲ ਮਸੀਹ, ਕੌਂਸਲਰ ਅਰੁਣ ਗੋਇਲ, ਪਿੰਡ ਦੀ ਪੰਚਾਇਤ ਅਤੇ ਲੋਕ ਮੌਜੂਦ ਸਨ।

Read More: ਵਿਧਾਇਕ ਕੁਲਵੰਤ ਸਿੰਘ ਵੱਲੋਂ ਰਾਏਪੁਰ ਕਲਾਂ ਤੇ ਮੋਟੇਮਾਜਰਾ ਦੇ ਸਕੂਲ ਵਿਖੇ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ

Scroll to Top