ਐਸ.ਏ.ਐਸ. ਨਗਰ 08 ਅਗਸਤ 2024: ਐਸ.ਏ.ਐਸ. ਨਗਰ ਸ਼ਹਿਰ (Mohali) ਵਿਖੇ ਪਿਛਲੇ ਲਗਭਗ 2 ਸਾਲਾਂ ਤੋਂ ਵੱਧ ਸਮੇਂ ਤੋਂ ਮੁੱਖ ਸੜਕਾਂ ਦੀ ਸਫ਼ਾਈ ਮਕੈਨੀਕਲ ਮਸ਼ੀਨਾਂ (mechanical sweeping machines) ਨਾਲ ਨਾ ਹੋਣ ਕਾਰਨ ਸ਼ਹਿਰ ‘ਚ ਸਾਫ਼-ਸਫ਼ਾਈ ਦੇ ਕੰਮ ‘ਚ ਲਗਾਤਾਰ ਆ ਰਹੀ ਗਿਰਾਵਟ ਦੇ ਮੱਦੇਨਜ਼ਰ ਕੁਲਵੰਤ ਸਿੰਘ (MLA Kulwant Singh), ਹਲਕਾ ਵਿਧਾਇਕ ਐਸ.ਏ.ਐਸ. ਨਗਰ ਵੱਲੋਂ ਸ਼ਹਿਰ ‘ਚ ਸਫ਼ਾਈ ਦੇ ਕੰਮਾਂ ‘ਚ ਸੁਧਾਰ ਲਿਆਉਣ ਲਈ ਇਹ ਮਸਲਾ ਕਈ ਵਾਰ ਕਮਿਸ਼ਨਰ ਨਗਰ ਨਿਗਮ ਕੋਲ ਚੁੱਕਿਆ ਗਿਆ | ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਨਗਰ ਨਿਗਮ ਮੋਹਾਲੀ ਕੋਲ ਮਕੈਨੀਕਲ ਸਵੀਪਿੰਗ ਮਸ਼ੀਨਾਂ ਨੂੰ ਖ਼ਰੀਦਣ ਲਈ ਲੋੜੀਂਦੇ ਫ਼ੰਡ ਉਪਲਬੱਧ ਨਹੀਂ ਹਨ।
ਇਸ ਉਪਰੰਤ ਹਲਕਾ ਵਿਧਾਇਕ ਵੱਲੋਂ ਪੰਜਾਬ ਦੇ ਸ਼ਹਿਰੀ ਵਿਕਾਸ ਮੰਤਰੀ ਨਾਲ 19 ਨਵੰਬਰ 2022 ਨੂੰ ਬੈਠਕ ਕੀਤੀ ਅਤੇ ਉਨ੍ਹਾਂ ਤੋਂ ਗਮਾਡਾ ਨੂੰ ਹੁਕਮ ਜ਼ਾਰੀ ਕਰਵਾਇਆ ਕਿ ਲੋੜੀਂਦੀਆਂ ਮਸ਼ੀਨਾਂ ਖ਼ਰੀਦਣ ਲਈ ਨਗਰ ਨਿਗਮ ਨੂੰ 10 ਕਰੋੜ ਰੁਪਏ ਦਿੱਤੇ ਜਾਣ। ਗਮਾਡਾ ਵੱਲੋਂ ਇਹ ਰਕਮ ਦਿੱਤੇ ਜਾਣ ਦਾ ਭਰੋਸਾ ਮਿਲਣ ਉਪਰੰਤ ਅਤੇ ਇਹ ਰਕਮ ਨਗਰ ਨਿਗਮ ਨੂੰ ਗਮਾਡਾ ਤੋਂ ਛੇਤੀ ਹੀ ਪ੍ਰਾਪਤ ਹੋਣ ਦੀ ਆਸ ‘ਚ ਨਗਰ ਨਿਗਮ ਵੱਲੋਂ ਸ਼ਹਿਰ ਦੀ ਸਫ਼ਾਈ ਲਈ ਲੋੜੀਂਦੀਆਂ 4 ਮਕੈਨੀਕਲ ਸਵੀਪਿੰਗ ਮਸ਼ੀਨਾਂ ਇਟਲੀ ਤੋਂ ਖ਼ਰੀਦਣ ਲਈ ਕਾਰਵਾਈ ਆਰੰਭ ਕਰ ਦਿੱਤੀ ਅਤੇ 4 ਮਸ਼ੀਨਾਂ ‘ਚੋਂ 2 ਮਸ਼ੀਨਾਂ ਸ਼ਹਿਰ ‘ਚ ਪਹੁੰਚ ਚੁੱਕੀਆਂ ਹਨ ਅਤੇ ਬਾਕੀ ਦੀਆਂ 2 ਮਸ਼ੀਨਾਂ ਅਗਲੇ ਮਹੀਨੇ ਦੇ ਅਖ਼ੀਰ ਤੱਕ ਪਹੁੰਚਣ ਦੀ ਉਮੀਦ ਹੈ।
ਸ਼ਹਿਰ (Mohali) ਨੂੰ ਸਾਫ਼-ਸੁਥਰਾ ਬਣਾਉਣ ਦੇ ਯਤਨਾਂ ਲਈ ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਦੇਸ਼ ਤੋਂ ਆਈਆਂ ਦੋ ਮਕੈਨੀਕਲ ਸਵੀਪਿੰਗ ਮਸ਼ੀਨਾਂ ਨਾਲ ਸ਼ਹਿਰ ਦੀਆਂ ‘ਏ’ ਕੈਟਾਗਰੀ ਦੀਆਂ ਸੜਕਾਂ ਦੀ ਸਫ਼ਾਈ ਦੇ ਕੰਮ ਦੀ ਸ਼ੁਰੂਆਤ ਕਰਵਾਈ ਅਤੇ ਸਵੀਪਿੰਗ ਮਸ਼ੀਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਹ ਦੋਵੇਂ ਮਸ਼ੀਨਾਂ ਰਾਤ ਨੂੰ ਰੋਜ਼ਾਨਾ 8 ਘੰਟੇ ਦੇ ਕਰੀਬ ਕੰਮ ਕਰਦੀਆਂ ਹੋਈਆਂ 110 ਕਿਲੋਮੀਟਰ ਸੜਕਾਂ ਦੀ ਸਫਾਈ ਕਰਨਗੀਆਂ।
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ 2 ਮਸ਼ੀਨਾਂ ਨਾਲ ਸ਼ਹਿਰ ਦੀਆਂ ‘ਏ’ ਕੈਟਾਗਰੀ ਦੀਆਂ ਸੜਕਾਂ ਦੀ ਸਫ਼ਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਾਕੀ ਦੀਆਂ 2 ਮਸ਼ੀਨਾਂ ਸਤੰਬਰ ਮਹੀਨੇ ਦੇ ਅਖ਼ੀਰ ਤੱਕ ਨਗਰ ਨਿਗਮ ਕੋਲ ਪਹੁੰਚਣ ‘ਤੇ ਸ਼ਹਿਰ ਦੀਆਂ ‘ਬੀ’ ਕੈਟਾਗਰੀ ਦੀਆਂ ਸੜਕਾਂ ਦੀ ਸਫ਼ਾਈ ਵੀ ਮਕੈਨੀਕਲ ਸਵੀਪਿੰਗ ਮਸ਼ੀਨਾਂ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਵਿਧਾਇਕ ਹੋਣ ਦੇ ਨਾਤੇ ਐਸ.ਏ.ਐਸ. ਨਗਰ ਸ਼ਹਿਰ ਦੇ ਨਿਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਮੋਹਾਲੀ ਸ਼ਹਿਰ ਨੂੰ ਸੁੰਦਰ ਸ਼ਹਿਰ ਬਣਾਉਣ ਲਈ ਵਚਨਬੱਧ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਵਾਸੀਆਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਇਸ ਮੌਕੇ ਤੇ ਹਲਕਾ ਵਿਧਾਇਕ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਲਈ ਉਹ ਨਗਰ ਨਿਗਮ ਨੂੰ ਪੂਰਾ ਸਹਿਯੋਗ ਦੇਣ।