ਮੋਹਾਲੀ, 17 ਸਤੰਬਰ 2025: ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਸ਼ਹਿਰ ਦੀਆਂ ਸੜਕਾਂ ਅਤੇ ਇਨਫ੍ਰਾਸਟਰਕਚਰ ਦੀ ਖਸਤਾਹਾਲ ਹਾਲਤ ‘ਤੇ ਗੁੱਸੇ ‘ਚ ਨਜ਼ਰ ਆਏ। ਵਿਧਾਇਕ ਕੁਲਵੰਤ ਸਿੰਘ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਏਸੀ ਕਮਰਿਆਂ ਤੋਂ ਬਾਹਰ ਕੱਢ ਕੇ ਸੜਕਾਂ ਦੀ ਅਸਲੀ ਹਾਲਤ ਦਿਖਾਈ। ਇਸ ਵਿਧਾਇਕ ਨੇ ਸਪੱਸ਼ਟ ਕਿਹਾ ਕਿ ਗਮਾਡਾ ਦੇ ਅਧਿਕਾਰੀ ਆਪਣੇ ਕਮਰਿਆਂ ਤੋਂ ਬਾਹਰ ਨਿਕਲ ਕੇ ਸ਼ਹਿਰ ਦਾ ਦੌਰਾ ਤੱਕ ਨਹੀਂ ਕਰਦੇ ਅਤੇ ਨਾ ਹੀ ਕੋਈ ਸਮੱਸਿਆਵਾਂ ਦੇਖਦੇ ਹਨ, ਜਦੋਂ ਕਿ “ਗਮਾਡਾ ਸ਼ਹਿਰ ਤੋਂ ਸਭ ਤੋਂ ਵੱਧ ਪੈਸਾ ਕਮਾਉਂਦਾ ਹੈ, ਪਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਵੀ ਢੰਗ ਨਾਲ ਨਹੀਂ ਮਿਲ ਰਹੀਆਂ।”
ਵਿਧਾਇਕ ਕੁਲਵੰਤ ਸਿੰਘ ਨੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਸੀਪੀ ਮਾਲ ਦੇ ਸਾਹਮਣੇ 79-68 ਸੈਕਟਰ ਵਾਲੇ ਚੌਂਕ ਦੀ ਹਾਲਤ ਦਿਖਾਈ, ਜਿੱਥੇ ਪੂਰੀ ਸੜਕ ਬੈਠ ਚੁੱਕੀ ਹੈ। “ਇਹ ਸੜਕ 10-12 ਸਾਲ ਪਹਿਲਾਂ ਬਣੀ ਸੀ, ਪਰ ਅੱਜ ਹੈਰਾਨੀਜਨਕ ਤਰੀਕੇ ਨਾਲ ਪੂਰੀ ਤਰ੍ਹਾਂ ਡਿੱਗ ਚੁੱਕੀ ਹੈ। ਕੁਲਵੰਤ ਸਿੰਘ ਨੇ ਕਿਹਾ ਕਿ ਇਹ ਲੋਕਾਂ ਦੇ ਪੈਸੇ ਦੀ ਬਰਬਾਦੀ ਅਤੇ ਕੁਆਲਿਟੀ ਨਾਲ ਵੱਡਾ ਸਮਝੌਤਾ ਹੈ |
ਕੁਲਵੰਤ ਸਿੰਘ ਨੇ ਚੇਤਾਵਨੀ ਦਿੱਤੀ ਕਿ “ਜੇਕਰ ਕੋਈ ਮਿਸ ਹੈਪਨਿੰਗ ਜਾਂ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਸਿੱਧੀ ਜਿੰਮੇਵਾਰੀ ਜੇਈ, ਐਸਡੀਓ, ਐਕਸੀਐਨ ਅਤੇ ਗਮਾਡਾ ਅਧਿਕਾਰੀਆਂ ‘ਤੇ ਹੋਵੇਗੀ। ਅਜਿਹੇ ਕੇਸਾਂ ‘ਚ ਸਖ਼ਤ ਕਾਰਵਾਈ ਅਤੇ ਪਰਚੇ ਦਰਜ ਹੋਣੇ ਚਾਹੀਦੇ ਹਨ।”
ਕੁਲਵੰਤ ਸਿੰਘ ਨੇ ਇਹ ਵੀ ਕਿਹਾ ਕਿ ਉਹ ਇਸ ਸਾਰੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣਗੇ ਅਤੇ ਛੇਤੀ ਹੀ ਇਸਨੂੰ ਵਿਧਾਨ ਸਭਾ ‘ਚ ਵੀ ਚੁੱਕਣਗੇ। ਉਨ੍ਹਾਂ ਕਿਹਾ ਕਿ “ਲੱਖਾਂ ਕਰੋੜਾਂ ਰੁਪਏ ਲੋਕਾਂ ਦੇ ਖਰਚ ਹੋ ਰਹੇ ਹਨ, ਪਰ ਨਾ ਸੜਕਾਂ ਢੰਗ ਦੀਆਂ ਹਨ ਤੇ ਨਾ ਹੀ ਸੀਵਰੇਜ ਦਾ ਕੋਈ ਹੱਲ। ਲੋਕ ਰੋਜ਼ਾਨਾ ਪਰੇਸ਼ਾਨ ਹੋ ਰਹੇ ਹਨ, ਪਰ ਅਧਿਕਾਰੀ ਮਾਤਰ ਫਾਈਲਾਂ ‘ਚ ਹੀ ਕੰਮ ਕਰ ਰਹੇ ਹਨ।”
ਸ਼ਹਿਰ ਦੇ ਪੰਜ ਵੱਡੇ ਚੌਂਕਾਂ ਨੂੰ “ਮੌਤ ਦੇ ਚੌਂਕ” ਦੱਸਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ “ਹੁਣ ਲੋਕਾਂ ਦੇ ਧੀਰਜ ਦਾ ਪਿਆਲਾ ਛੱਲਕ ਰਿਹਾ ਹੈ। ਪੰਜਾਬ ਸਰਕਾਰ ਨੂੰ ਸਖ਼ਤ ਹਦਾਇਤਾਂ ਦੇਣੀਆਂ ਹੀ ਪੈਣਗੀਆਂ ਤਾਂ ਜੋ ਮੋਹਾਲੀ ਦੇ ਵਸਨੀਕਾਂ ਨੂੰ ਰਾਹਤ ਮਿਲ ਸਕੇ ਅਤੇ ਲੋਕਾਂ ਦਾ ਪੈਸਾ ਵਿਅਰਥ ਨਾ ਜਾਵੇ।”
Read More: ਵਿਧਾਇਕ ਕੁਲਵੰਤ ਸਿੰਘ ਵੱਲੋਂ ‘ਈਜ਼ੀ ਰਜਿਸਟਰੀ’ ਪ੍ਰਣਾਲੀ ਦੀ ਸ਼ੁਰੂਆਤ ਕਰਨ ‘ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ