MLA Kulwant Singh

ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ‘ਚ ਚੁੱਕਿਆ ਡਿਸਪੈਂਸਰੀਆਂ ‘ਚ ਸਟਾਫ਼ ਦੀ ਕਮੀ ਦਾ ਮੁੱਦਾ

ਐਸ.ਏ.ਐਸ ਨਗਰ, ਮੋਹਾਲੀ 25 ਮਾਰਚ 2025: 16ਵੀਂ ਪੰਜਾਬ ਵਿਧਾਨ ਸਭਾ ਦੇ 8ਵੇਂ (ਬਜਟ) ਸੈਸ਼ਨ ਦੌਰਾਨ ਅੱਜ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਮੋਹਾਲੀ ਦੇ ਸੈਕਟਰ-69 ਅਤੇ ਇਸਦੇ ਨਾਲ ਲੱਗਦੇ ਪਿੰਡ ਸਨੇਟਾ ਵਿਖੇ ਡਿਸਪੈਂਸਰੀਆਂ ਲਈ ਉਸਾਰੀਆਂ ਨਵੀਆਂ ਇਮਾਰਤਾਂ ‘ਚ ਲੋੜੀਂਦਾ ਸਿਹਤ ਅਮਲਾ ਤਾਇਨਾਤ ਕਰਨ ਦਾ ਮੁੱਦਾ ਜ਼ੋਰ-ਸ਼ੋਰ ਨਾਲ ਚੁੱਕਿਆ।

ਵਿਧਾਨ ਸਭਾ ‘ਚ ਵਿਧਾਇਕ ਸ. ਕੁਲਵੰਤ ਸਿੰਘ ਨੇ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਸਪੈਂਸਰੀਆ ‘ਚ ਸਿਹਤ ਸਟਾਫ਼ ਪੂਰਾ ਨਹੀਂ ਹੈ, ਇਸਦੇ ਨਾਲ ਹੀ ਲੋਕ ਉੱਥੇ ਲੰਮਾਂ ਸਮਾਂ ਇੰਤਜ਼ਾਰ ਕਰਦੇ ਰਹੇ, ਪਰ ਸਟਾਫ਼ ਸਮੇਂ ਸਿਰ ਨਹੀਂ ਪਹੁੰਚਿਆ। ਇਸ ‘ਤੇ ਸਿਹਤ ਮੰਤਰੀ ਨੇ ਕਿਹਾ ਕਿ ਅਜਿਹਾ ਹੋ ਸਕਦਾ ਹਲਕਾ ਵਿਧਾਇਕ ਨੂੰ ਗਲਤ ਸੂਚਨਾ ਮਿਲੀ ਹੋਵੇ ਅਤੇ ਸਟਾਫ ਕੁਝ ਦੇਰ ਬਾਅਦ ਆ ਗਿਆ ਹੋਵੇ। ਇਸਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਾਇਦ ਸਿਹਤ ਮੰਤਰੀ ਨੂੰ ਇਸ ਸੰਬੰਧੀ ਅਧੂਰੀ ਜਾਣਕਾਰੀ ਦਿੱਤੀ ਗਈ ਹੈ।

ਸ. ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਇਨ੍ਹਾਂ ਡਿਸਪੈਂਸਰੀਆ ਨੂੰ ਤਿਆਰ ਲਈ ਬਹੁਤ ਸਾਰਾ ਪੈਸਾ ਖਰਚਿਆਂ ਗਿਆ ਅਤੇ ਵਧੀਆ ਤਰੀਕੇ ਨਾਲ ਬਣਾਈਆਂ ਗਈਆਂ ਹਨ। ਇਨ੍ਹਾਂ ਡਿਸਪੈਂਸਰੀਆ ਨੂੰ ਬਣੇ ਨੂੰ ਕਾਫ਼ੀ ਸਮਾਂ ਹੋ ਗਿਆ ਹੈ, ਪਰ ਇੱਥੇ ਲੋੜੀਂਦੇ ਸਿਹਤ ਸਟਾਫ਼ ਦੀ ਕਮੀ ਹੈ। ਵਿਧਾਇਕ ਸ. ਕੁਲਵੰਤ ਸਿੰਘ ਨੇ ਸਿਹਤ ਮੰਤਰੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਆਰਜ਼ੀ ਤੌਰ ‘ਤੇ ਸਟਾਫ ਨਿਯੁਕਤ ਕਰਕੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ।

ਵਿਧਾਇਕ ਸ. ਕੁਲਵੰਤ ਸਿੰਘ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਡਿਸਪੈਂਸਰੀਆ ਵਿੱਚ ਸਰਕਾਰ ਵੱਲੋਂ ਛੇਤੀ ਤੋਂ ਛੇਤੀ ਲੋਕਾਂ ਨੂੰ ਸਿਹਤ ਸਹੂਲਤਾਂ ਉਪਲਬੱਧ ਕਰਵਾਉਣ ਲਈ ਸਥਾਈ ਸਿਹਤ ਸਟਾਫ਼ ਨਿਯੁਕਤ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ। ਇਸਦੇ ਨਾਲ ਹੀ ਵਿਧਾਇਕ ਨੇ ਸਿਹਤ ਮੰਤਰੀ ਕੋਲ ਮੋਹਾਲੀ ਦੇ ਸੈਕਟਰ-79 ਵਿਖੇ ਉਸਾਰੀ ਅਧੀਨ ਡਿਸਪੈਂਸਰੀ ਦੀ ਇਮਾਰਤ ਦਾ ਮੁੱਦਾ ਵੀ ਚੁੱਕਿਆ। ਉਹਨਾਂ ਕਿਹਾ ਕਿ ਸੈਕਟਰ-79 ਵਿਖੇ ਉਸਾਰੀ ਅਧੀਨ ਡਿਸਪੈਂਸਰੀ ਦਾ ਕੰਮ 2021 ‘ਚ ਸ਼ੁਰੂ ਹੋਇਆ ਸੀ ਅਤੇ ਲਗਭਗ 40 ਫੀਸਦੀ ਕੰਮ ਮੁਕੰਮਲ ਹੋਇਆ ਹੈ, ਬਾਕੀ ਉਸਾਰੀ ਦਾ ਕੰਮ ਅਜੇ ਅਧੂਰਾ ਹੈ।

ਸ. ਕੁਲਵੰਤ ਸਿੰਘ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਤੋਂ ਪੁੱਛਿਆ ਕਿ ਇਸ ਕਾਰਜ ਲਈ ਕਿੰਨਾ ਫੰਡ ਆਉਣਾ ਹੈ ? ਅਤੇ ਕਦੋਂ ਤੱਕ ਸਰਕਾਰ ਇਹ ਫੰਡ ਮੁਹੱਈਆ ਕਰਵਾ ਦੇਵੇਗੀ ?

ਹਲਕਾ ਵਿਧਾਇਕ ਦੇ ਸਵਾਲਾਂ ਦਾ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵੇਰਵੇ ਸਹਿਤ ਦੱਸਿਆ ਕਿ ਐਸ.ਏ.ਐਸ. ਨਗਰ, ਮੋਹਾਲੀ ਦੇ ਸੈਕਟਰ-69 ਅਤੇ ਇਸਦੇ ਨਾਲ ਲੱਗਦੇ ਪਿੰਡ ਸਨੇਟਾ ਵਿਖੇ ਡਿਸਪੈਂਸਰੀਆਂ ਸ਼ੁਰੂ ਕਰਨ ਲਈ ਉਸਾਰੀਆਂ ਇਮਾਰਤਾਂ ‘ਚ ਚੰਗੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਆਰਜ਼ੀ ਤੌਰ ‘ਤੇ ਸਿਹਤ ਅਮਲਾ ਤਾਇਨਾਤ ਹੈ। ਸਿਹਤ ਮੰਤਰੀ ਨੇ ਸੈਕਟਰ-79 ਵਿਖੇ ਉਸਾਰੀ ਅਧੀਨ ਡਿਸਪੈਂਸਰੀ ਦੇ ਲੰਬਿਤ ਪਏ ਕੰਮ ਬਾਰੇ ਦੱਸਿਆ ਕਿ ਪਿਛਲੀਆਂ ਸਰਕਾਰ ਦੌਰਾਨ ਬਿਲਡਰ ਅਤੇ ਸਰਕਾਰ ਵਿੱਚ ਕੁਝ ਮਤਭੇਦ ਕਾਰਨ ਕੰਮ ਰੋਕ ਦਿੱਤਾ ਗਿਆ ਸੀ, ਇਸਦੇ ਵਿਗੜੇ ਕੰਮ ਨੂੰ ਸੁਧਾਰਨ ਲਈ ਸਮਾਂ ਲੱਗੇਗਾ।

ਸਿਹਤ ਮੰਤਰੀ ਨੇ ਕਿਹਾ ਕਿ ਸੈਕਟਰ-79 ਵਿਖੇ ਅਰਬਨ ਪ੍ਰਾਇਮਰੀ ਸਿਹਤ ਕੇਂਦਰ ਦੀ ਇਮਾਰਤ ਦਾ ਕੰਮ ਉਸਾਰੀ ਅਧੀਨ ਹੈ, ਰਹਿੰਦੇ ਕੰਮ ਦਾ ਰੀਵਾਈਜ਼ਡ ਡੀਟੇਲ ਤਖਮੀਨਾਂ ਬਾਬਤ 151.03 ਲੱਖ ਰੁਪਏ ਦਾ ਤਿਆਰ ਕੀਤਾ ਗਿਆ ਹੈ। ਫੰਡ ਪ੍ਰਾਪਤ ਹੋਣ ਉਪਰੰਤ ਕੰਮ ਸ਼ੁਰੂ ਕਰਨ ਲਈ 6 ਮਹੀਨੇ ਅਤੇ ਉਸਾਰੀ ਦੇ ਕੰਮ ਨੂੰ ਮੁਕੰਮਲ ਕਰਨ ਲਈ ਲਗਭਗ 6 ਮਹੀਨੇ, ਭਾਵ ਲਗਭਗ 12 ਮਹੀਨਿਆਂ ਦਾ ਸਮਾਂ ਲੱਗਣ ਦੀ ਸੰਭਾਵਨਾ ਹੈ।

Read More: ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ‘ਚ ਸਫਾਈ ਸੇਵਕਾਂ ਦੀ ਘੱਟੋ-ਘੱਟ ਉਜਰਤ ‘ਚ ਵਾਧਾ ਕਰਨ ਦਾ ਮੁੱਦਾ ਚੁੱਕਿਆ

Scroll to Top