ਐਸ.ਏ.ਐਸ ਨਗਰ (ਮੋਹਾਲੀ) 28 ਮਾਰਚ 2025: 16ਵੀਂ ਪੰਜਾਬ ਵਿਧਾਨ ਸਭਾ ਦੇ 8ਵੇਂ (ਬਜਟ) ਸੈਸ਼ਨ ਦੌਰਾਨ ਅੱਜ ਹਲਕਾ ਐਸ.ਏ.ਐਸ ਨਗਰ, ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਕੰਮਕਾਜੀ ਔਰਤਾਂ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਸਦਨ ‘ਚ ਚੁੱਕਿਆ | ਪੰਜਾਬ ਵਿਧਾਨ ਸਭਾ ਦੇ ਸ਼ੈਸਨ ਦੌਰਾਨ ਸ. ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਸ਼ਹਿਰ ਐਜੂਸਿਟੀ, ਮੈਡੀਸਿਟੀ ਅਤੇ ਆਈ.ਟੀ ਸਿਟੀ ਵਜੋਂ ਬਹੁਤ ਤੇਜ਼ੀ ਨਾਲ ਉੱਭਰ ਰਿਹਾ ਹੈ|
ਮੋਹਾਲੀ ਸ਼ਹਿਰ ‘ਚ ਵੱਡੀ ਗਿਣਤੀ ‘ਚ ਔਰਤਾਂ ਕੰਮ ਕਰਦੀਆਂ ਹਨ | ਬਾਹਰ ਤੋਂ ਆਈਆਂ ਇਨ੍ਹਾਂ ਕੰਮਕਾਜੀ ਔਰਤਾਂ ਨੂੰ ਰਹਿਣ ‘ਚ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨ ਪੈਂਦਾ ਹੈ ਅਤੇ ਪੀਜੀ ‘ਚ ਰਹਿਣ ਪੈਂਦਾ ਹੈ ਜੋ ਕਾਫ਼ੀ ਮਹਿੰਗੇ ਪੈਂਦੇ ਹਨ ਅਤੇ ਕੁਝ ਅਣ-ਅਧਿਕਾਰਤ ਵੀ ਹਨ | ਇਸਦੇ ਨਾਲ ਹੀ ਇੱਥੇ ਲੁੱਟ-ਖਸੁੱਟ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਇਸ ਦੇ ਮੱਦੇਨਜ਼ਰ ਇੱਥੇ ਕੋਈ ਵਰਿਕੰਗ ਵੂਮੇਨ ਹੋਸਟਲ ਬਣਾਉਣ ਦੀ ਬਹੁਤ ਜ਼ਰੂਰਤ ਹੈ। ਜੇਕਰ ਤਜਵੀਜ਼ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ? ਜੇਕਰ ਹੈ ਤਾਂ ਕਦੋਂ ਤੱਕ ਤਿਆਰ ਹੋ ਜਾਵੇਗਾ?
ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਵਿਧਾਇਕ ਕੁਲਵੰਤ ਸਿੰਘ ਦੇ ਸਵਾਲ ਦਾ ਜਵਾਬ ਦਿੰਦਿਆਂ ਦੱਸਿਆ ਕਿ ਐਸ.ਏ.ਐਸ. ਨਗਰ ਵਿਖੇ 3 ਵਰਿਕੰਗ ਵੂਮੈਨ ਹੋਸਟਲ ਬਣਾਉਣ ਦੀ ਤਜਵੀਜ਼ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਹੈ। ਮੋਹਾਲੀ ਦੇ ਸੈਕਟਰ-79 ‘ਚ 0.98 ਏਕੜ ਦੇ ਪਲਾਟ ‘ਚ 100 ਕੰਮਕਾਜੀ ਔਰਤਾਂ ਲਈ 12.57 ਕਰੋੜ ਰੁਪਏ ਦੀ ਲਾਗਤ ਨਾਲ ਵਰਿਕੰਗ ਵੂਮੈਨ ਹੋਸਟਲ ਬਣਾਇਆ ਜਾਵੇਗਾ। ਡਾ. ਬਲਜੀਤ ਕੌਰ ਨੇ ਦੱਸਿਆ ਕਿ ਇਸ ਹੋਸਟਲ ਦੀ ਉਸਾਰੀ ਦਾ ਕੇਸ ਨਿਰਭਯਾ ਫੰਡ (Nirbhaya Fund) ਤਹਿਤ ਮਨਜ਼ੂਰ ਹੋ ਚੁੱਕਾ ਹੈ। ਇਸ ਰਾਸ਼ੀ ਦਾ 60 ਫੀਸਦੀ (7.54 ਕਰੋੜ ਰੁਪਏ) ਭਾਰਤ ਸਰਕਾਰ ਵੱਲੋਂ ਨਿਰਭਯਾ ਫੰਡ (Nirbhaya Fund) ‘ਚੋਂ ਦਿੱਤਾ ਜਾਵੇਗਾ ਅਤੇ 40 ਫੀਸਦੀ (5.03 ਕਰੋੜ ਰੁਪਏ) ਸੂਬਾ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ।
ਭਾਰਤ ਸਰਕਾਰ ਤੋਂ ਰਾਸ਼ੀ ਛੇਤੀ ਪ੍ਰਾਪਤ ਹੋਣ ਦੀ ਸੰਭਾਵਨਾ ਹੈ, ਜਿਸ ਉਪਰੰਤ ਇਸ ਹੋਸਟਲ ਦੀ ਉਸਾਰੀ ਸ਼ੁਰੂ ਕਰ ਦਿੱਤੀ ਜਾਵੇਗੀ। ਮੋਹਾਲੀ ਦੇ ਸੈਕਟਰ-66 ‘ਚ ਗਮਾਡਾ ਵੱਲੋਂ 5 ਏਕੜ ਦੇ ਪਲਾਟ ਦੀ ਸ਼ਨਾਖਤ ਇਸ ਮੰਤਵ ਲਈ ਕੀਤੀ ਹੈ। ਇਸ ਪਲਾਟ ‘ਚ 3.5 ਏਕੜ ‘ਚ 350 ਕੰਮਕਾਜੀ ਔਰਤ ਲਈ ਰੁਪਏ 73.85 ਕਰੋੜ ਦੀ ਲਾਗਤ ਨਾਲ ਵਰਕਿੰਗ ਵੂਮੈਨ ਹੋਸਟਲ ਉਸਾਰਨ ਦਾ ਕੇਸ ਪੂੰਜੀ ਨਿਵੇਸ਼ ਲਈ ਸੂਬਿਆਂ ਨੂੰ ਵਿਸ਼ੇਸ਼ ਸਹਾਇਤਾ (Special Assistance to States for Capital Investment (SASCI) ਸਕੀਮ ਅਧੀਨ ਫੰਡਿੰਗ ਲਈ ਮਨਜ਼ੂਰੀ ਭਾਰਤ ਸਰਕਾਰ ਤੋਂ ਪ੍ਰਾਪਤ ਹੋ ਗਈ ਹੈ।
ਉਨ੍ਹਾਂ ਦੱਸਿਆ ਕਿ ਮੋਹਾਲੀ ਦੇ ਫੇਜ਼-1 ‘ਚ ਨੈਸ਼ਨਲ ਇਸਟੀਚਿਊਟ ਆਫ ਫੈਸ਼ਨ ਟੈਕਨੋਲਜੀ) National Institute of Fashion Technology (NIFT) ‘ਚ 150 ਕੰਮਕਾਜੀ ਔਰਤਾਂ ਲਈ ਰੁਪਏ 25.26 ਕਰੋੜ ਰੁਪਏ ਦੀ ਲਾਗਤ ਨਾਲ ਵਰਿਕੰਗ ਵੂਮੈਨ ਹੋਸਟਲ ਬਣਾਉਣ ਦਾ ਕੇਸ ਪੂੰਜੀ ਨਿਵੇਸ਼ ਲਈ ਸੂਬਿਆਂ ਨੂੰ ਵਿਸ਼ੇਸ਼ ਸਹਾਇਤਾ (Special Assistance to States for Capital Investment) (SASCI) ਸਕੀਮ ਤਹਿਤ ਫਡਿੰਗ ਲਈ ਮਨਜ਼ੂਰੀ ਭਾਰਤ ਸਰਕਾਰ ਤੋਂ ਪ੍ਰਾਪਤ ਹੋ ਗਈ ਹੈ।
ਮੋਹਾਲੀ ‘ਚ ਇਨ੍ਹਾਂ 3 ਹੋਸਟਲਾਂ ਦਾ ਅੰਦਾਜ਼ਾ ਲਗਾ ਕੇ ਅਤੇ ਟੈਂਡਰ ਲਗਾ ਕੇ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾਵੇਗਾ। ਇਨ੍ਹਾਂ ਹੋਸਟਲਾਂ ਦੀ ਉਸਾਰੀ ਸਾਲ 2026 ਦੇ ਅੰਤ ਤੱਕ ਪੂਰੀ ਹੋਣ ਦੀ ਸੰਭਾਵਨਾ ਹੈ।
ਪੰਜਾਬ ਦੇ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੋਹਾਲੀ ਜ਼ਿਲ੍ਹੇ ‘ਚ 3 ਵਰਕਿੰਗ ਹੋਸਟਲ ਬਣਾਏ ਜਾਣਗੇ | ਇਸਦੇ ਨਾਲ ਹੀ ਜਲੰਧਰ, ਅੰਮ੍ਰਿਤਸਰ ਅਤੇ ਬਠਿੰਡਾ ‘ਚ 1-1 ਹੋਸਟਲ ਬਣਾਇਆ ਜਾਵੇਗਾ | ਇਨ੍ਹਾਂ ਵਰਕਿੰਗ ਹੋਸਟਲਾਂ ਦੇ ਨਿਰਮਾਣ ‘ਤੇ ਲਗਭਗ 150 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ 31 ਮਾਰਚ 2026 ਤੱਕ ਤਿਆਰ ਹੋ ਜਾਣਗੇ | ਇਸਦੇ ਨਾਲ ਕੁੱਲ 800 ਕੰਮਕਾਜੀ ਔਰਤਾਂ ਨੂੰ ਲਾਭ ਮਿਲੇਗਾ|
Read More: ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ‘ਚ ਚੁੱਕਿਆ ਡਿਸਪੈਂਸਰੀਆਂ ‘ਚ ਸਟਾਫ਼ ਦੀ ਕਮੀ ਦਾ ਮੁੱਦਾ