MLA Kulwant Singh

MLA ਕੁਲਵੰਤ ਸਿੰਘ ਵੱਲੋਂ ਮੋਹਾਲੀ ਦੇ ਵਿਕਾਸ ਕਾਰਜਾਂ ‘ਚ ਤੇਜ਼ੀ ਲਿਆਉਣ ਸੰਬੰਧੀ ਗਮਾਡਾ ਦੇ ਅਧਿਕਾਰੀਆਂ ਨਾਲ ਬੈਠਕ

ਮੋਹਾਲੀ, 13 ਅਕਤੂਬਰ 2025: ਵਿਧਾਇਕ ਕੁਲਵੰਤ ਸਿੰਘ ਨੇ ਅੱਜ ਮੋਹਾਲੀ ਹਲਕੇ ਦੇ ਗਮਾਡਾ ਨਾਲ ਸਬੰਧਤ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਗਮਾਡਾ ਦੇ ਮੁੱਖ ਪ੍ਰਸ਼ਾਸਕ ਵਿਸ਼ੇਸ਼ ਸਾਰੰਗਲ ਤੇ ਗਮਾਡਾ ਦੇ ਹੋਰ ਅਧਿਕਾਰੀਆਂ ਨਾਲ ਬੈਠਕ ਕੀਤੀ। ਇਸ ਬੈਠਕ ਦੌਰਾਨ ਮੋਹਾਲੀ ਦੇ ਕਈ ਅਹਿਮ ਸੜਕੀ ਅਤੇ ਚੌਂਕਾਂ ਦੇ ਵਿਕਾਸ ਪ੍ਰੋਜੈਕਟਾਂ ਸਬੰਧੀ ਚਰਚਾ ਕੀਤੀ।

ਵਿਧਾਇਕ ਕੁਲਵੰਤ ਸਿੰਘ ਨੇ ਹਲਕੇ ਦੇ ਵਿਕਾਸ ਪ੍ਰੋਜੈਕਟਾਂ ਸਬੰਧੀ ਪੀ.ਆਰ. 7 ਸੜਕ ’ਤੇ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ, ਸੈਕਟਰ 69-68/78-79 ਇੰਟਰਸੈਕਸ਼ਨ ਅਤੇ ਆਈਸਰ ਲਾਈਟ ਪੁਆਇੰਟ ’ਤੇ ਚੌਂਕਾਂ ਦੀ ਉਸਾਰੀ ਦਾ ਕੰਮ ਛੇਤੀ ਸ਼ੁਰੂ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਏਅਰੋਸਿਟੀ ਖੇਤਰ ‘ਚ ਪੀ.ਆਰ. 7 ਸੜਕ ‘ਤੇ ਤਿੰਨ ਹੋਰ ਚੌਂਕਾਂ ਦੀ ਉਸਾਰੀ ਸਬੰਧੀ ਮੁੱਦਾ ਵੀ ਵਿਚਾਰਿਆ।

ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ 90/94 ਦੀ ਡਿਵਾਈਡਿੰਗ ਸੜਕ ਲਾਂਡਰਾਂ ਤੱਕ, ਅਤੇ ਪੀ.ਜੀ.ਆਈ. ਚੰਡੀਗੜ੍ਹ ਤੋਂ ਸੈਕਟਰ 90/91 ਨੂੰ ਵੰਡਦੀ ਹੋਈ ਲਾਂਡਰਾਂ ਤੱਕ ਆਉਂਦੀ ਸੜਕ ਦੇ ਬਾਕੀ ਹਿੱਸੇ ਨੂੰ ਪੂਰਾ ਕਰਨ ਬਾਰੇ ਵੀ ਗਮਾਡਾ ਅਧਿਕਾਰੀਆਂ ਨਾਲ ਚਰਚਾ ਕੀਤੀ।

ਇਸਦੇ ਨਾਲ ਹੀ ਕੁੰਭੜਾ ਚੌਂਕ ਤੋਂ ਬਾਵਾ ਵਾਈਟ ਹਾਊਸ ਤੱਕ ਦੀ ਸੜਕ ਨੂੰ ‘ਡੂਅਲ ਵੇਅ ਕੈਰਿਜਵੇਅ’ ‘ਚ ਤਬਦੀਲ ਕਰਨ ਦੇ ਕੰਮ ਦੀ ਸ਼ੁਰੂਆਤ ਛੇਤੀ ਕਰਨ ਲਈ ਕਿਹਾ, ਕਿਉਂਕਿ ਇਸ ਪ੍ਰੋਜੈਕਟ ਨਾਲ ਜੁੜੀਆਂ ਕਾਨੂੰਨੀ ਅੜਚਨਾਂ ਹੁਣ ਦੂਰ ਹੋ ਚੁੱਕੀਆਂ ਹਨ। ਗੋਲਫ਼ ਲਿੰਕ ਤੋਂ ਲੀਜ਼ਰ ਵੈਲੀ ਤੱਕ ਆਉਂਦੀ ਸੜਕ ਨੂੰ ਚੌੜਾ ਕਰਨ ਦੇ ਕੰਮ ‘ਚ ਤੇਜ਼ੀ ਲਿਆਉਣ ਲਈ ਵੀ ਹਦਾਇਤ ਕੀਤੀ।

ਬੈਠਕ ਦੌਰਾਨ ਵਿਧਾਇਕ ਕੁਲਵੰਤ ਸਿੰਘ ਵੱਲੋਂ ਗਮਾਡਾ ਵੱਲੋਂ ਤਿਆਰ ਕੀਤੀਆਂ ਡਰਾਇੰਗਾਂ ਦਾ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਸੁਝਾਅ ਦਿੱਤੇ। ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਅਧਿਕਾਰੀਆਂ ਨੂੰ ਪੇਸ਼ਕਸ਼ ਕੀਤੀ ਕਿ ਜੇਕਰ ਇਨ੍ਹਾਂ ਕੰਮਾਂ ਨੂੰ ਅੱਗੇ ਵਧਾਉਣ ਲਈ ਕਿਸੇ ਹੋਰ ਵਿਭਾਗ ਦੀ ਸਹਾਇਤਾ ਦੀ ਲੋੜ ਹੋਵੇ, ਤਾਂ ਉਹ ਖੁਦ ਉਸ ਵਿਭਾਗ ਨਾਲ ਸੰਪਰਕ ਕਰਕੇ ਪੂਰੀ ਸਹਾਇਤਾ ਯਕੀਨੀ ਬਣਾਉਣਗੇ।

Read More: ਵਿਧਾਇਕ ਕੁਲਵੰਤ ਸਿੰਘ ਵੱਲੋਂ ਮੋਹਾਲੀ ‘ਚ PSPCL ਦੇ ਨਵੇਂ ਕਾਲ ਸੈਂਟਰ ਦਾ ਉਦਘਾਟਨ

Scroll to Top