ਐਸ.ਏ.ਐਸ. ਨਗਰ 04 ਜੁਲਾਈ 2024: ਐਸ.ਏ.ਐਸ. ਨਗਰ ਦੇ ਹਲਕਾ ਸ. ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਅੱਜ ਸ਼ਹਿਰ ‘ਚ ਟ੍ਰੈਫਿਕ ਦੀ ਸਮੱਸਿਆ ਨਾਲ ਨਜਿੱਠਣ, ਸੜਕ ਦੁਰਘਟਨਾਵਾਂ ਨੂੰ ਰੋਕਣ, ਆਮ ਸ਼ਹਿਰ ਵਾਸੀਆਂ ਦੀ ਲੁੱਟਾਂ-ਖੋਹਾਂ/ਚੋਰੀ/ਹੁੱਲੜਬਾਜੀ ਅਤੇ ਬੀਬੀਆਂ ਨਾਲ ਬਦਸਲੂਕੀ ਕਰਨ ਵਾਲੇ ਮਾੜੇ ਅਨਸਰਾਂ ‘ਤੇ ਕਾਬੂ ਪਾਉਣ ਲਈ ਸ਼ਹਿਰ ‘ਚ 18 ਰੋਡ ਜੰਕਸ਼ਨਾਂ ਤੇ 405 ਹਾਈਰੈਜ਼ੂਲੇਸ਼ਨ ਕੈਮਰੇ ਲਗਾਉਣ ਤੇ ਏਅਰਪੋਰਟ ਰੋਡ ਦੀਆਂ ਦੋ ਥਾਵਾਂ ‘ਤੇ ਵਾਹਨਾਂ ਵੱਲੋਂ ਸਪੀਡ ਲਿਮਟ ਦੀ ਉਲੰਘਣਾ ਦਾ ਪਤਾ ਲਗਾਉਣ ਲਈ ਸਿਸਟਮ ਲਗਾਏ ਜਾਣ ਵਾਲੇ ਪ੍ਰਾਜੈਕਟ ਦੀ ਮੋਹਾਲੀ ਦੇ ਫੇਜ਼—7/8 ਦੇ ਟ੍ਰੈਫਿਕ ਲਾਈਟ ਤੋਂ ਸ਼ੁਰੂਆਤ ਕੀਤੀ ਹੈ |
ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਪ੍ਰਾਜੈਕਟ ‘ਤੇ 17.60 ਕਰੋੜ ਰੁਪਏ ਖਰਚ ਕੀਤੇ ਜਾਣਗੇ, ਜਿਸ ‘ਚੋਂ ਪੰਜਾਬ ਸਰਕਾਰ ਵੱਲੋਂ 10.84 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਫੰਡਾਂ ਦੀ ਕੋਈ ਕਮੀ ਨਹੀ ਆਉਣ ਦਿੱਤੀ ਜਾਵੇਗੀ।
ਹਲਕਾ ਵਿਧਾਇਕ (MLA Kulwant Singh) ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬਾ ਵਾਸੀਆਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ | ਇਸ ਲੜੀ ਤਹਿਤ ਮੋਹਾਲੀ ਸ਼ਹਿਰ ‘ਚ ਇਹ ਪ੍ਰਾਜੈਕਟ ਲਗਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਅਧੀਨ ਨੰਬਰ ਪਲੇਟ ਦੀ ਆਟੋਮੈਟਿਕ ਪਛਾਣ ਕਰਨ ਵਾਲੇ 216 ਏ.ਐਨ.ਪੀ.ਆਰ. ਕੈਮਰੇ, ਟ੍ਰੈਫਿਕ ਲਾਈਟ ਦੀ ਉਲੰਘਣਾ ਕਰਨ ਵਾਲੇ ਵਹੀਕਲਾਂ ਦਾ ਪਤਾ ਲਗਾਉਣ ਵਾਲੇ 63 ਆਰ.ਐਨਵੀ.ਡੀ. ਕੈਮਰੇ ਅਤੇ 360 ਡਿਗਰੀ ਤੇ ਘੁੰਮਣ ਵਾਲੇ ਅਤੇ ਆਲੇ-ਦੁਆਲੇ ਦੀ ਗਤੀਵਿਧੀਆਂ ‘ਤੇ ਨਜ਼ਰ ਵਾਲੇ 22 ਪੀ.ਟੀ.ਜੈੱਡ ਕੈਮਰੇ ਲਗਾਏ ਜਾਣਗੇ।
ਕੁਲਵੰਤ ਸਿੰਘ ਨੇ ਦੱਸਿਆ ਇਸ ਪ੍ਰਾਜੈਕਟ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੈਮਰਿਆਂ ਦੇ ਲੱਗਣ ਨਾਲ ਟ੍ਰੈਫਿਕ ਨਿਯਮਾਂ ਦੀ ਉਲੰਘਣਾ, ਜਿਵੇਂ ਕਿ ਰੈੱਡ ਲਾਈਟ ਜੰਪ ਕਰਨਾ, ਓਵਰ ਸਪੀਡ, ਟ੍ਰੀਪਲ ਰਾਈਡਿੰਗ, ਬਿਨ੍ਹਾਂ ਹੈਲਮਟ ਪਹਿਨੇ ਦੋ ਪਹੀਆ ਵਾਹਨ ਚਲਾਉਣ ਵਾਲੇ ਵਾਹਨਾਂ ਦੇ ਈ—ਚਲਾਨ ਕੀਤੇ ਜਾਣਗੇ ਅਤੇ ਸ਼ਹਿਰ ‘ਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ‘ਚ ਸੁਧਾਰ ਹੋਵੇਗਾ ਕਿਉਂਕਿ ਕੈਮਰਿਆਂ ਦੇ ਲੱਗਣ ਨਾਲ ਚੋਰੀ, ਲੁੱਟਾਂ-ਖੋਹਾਂ ਕਰਨ ਵਾਲੇ, ਹੁੱਲੜਬਾਜੀ ਕਰਨ ਵਾਲੇ, ਬੀਬੀਆਂ ਅਤੇ ਬੱਚਿਆਂ ਨਾਲ ਬਦਸਲੂਕੀ ਕਰਨ ਵਾਲਿਆਂ ਅਤੇ ਹੋਰ ਕਿਸੇ ਵੀ ਗੈਰ-ਕਾਨੂੰਨੀ ਕਾਰਵਾਈ ਕਰਨ ਵਾਲੇ ਮਾੜੇ ਅਨਸਰਾਂ ‘ਤੇ 24 ਘੰਟੇ ਇਨ੍ਹਾਂ ਕੈਮਰਿਆਂ ਰਾਹੀਂ ਤਿੱਖੀ ਨਜ਼ਰ ਰੱਖੀ ਜਾਵੇਗੀ ਅਤੇ ਲਾਪ੍ਰਵਾਹੀ ਕਾਰਨ ਹੋਣ ਵਾਲੀਆਂ ਸੜਕ ਦੁਰਘਟਨਾਵਾਂ ‘ਚ ਜਾਂਦੀਆਂ ਕੀਮਤਾਂ ਜਾਨਾਂ ‘ਚ ਵੀ ਇਨ੍ਹਾਂ ਕੈਮਰਿਆਂ ਦੇ ਲੱਗਣ ਨਾਲ ਕਾਫ਼ੀ ਹੱਦ ਤੱਕ ਕਮੀ ਆਵੇਗੀ ਕਿੳਂਕਿ ਇਨ੍ਹਾਂ ਕੈਮਰਿਆਂ ਦੇ ਡਰ ਕਾਰਨ ਲੋਕ ਲਾਪ੍ਰਵਾਹੀ ਨਹੀ ਵਰਤਣਗੇ।