MLA Kulwant Singh

ਵਿਧਾਇਕ ਕੁਲਵੰਤ ਸਿੰਘ ਨੇ ਮੋਹਾਲੀ ‘ਚ ‘ਸਵੱਛਤਾ ਹੀ ਸੇਵਾ ਹੈ’ ਮੁਹਿੰਮ ਦੀ ਸ਼ੁਰੂਆਤ ਕਰਵਾਈ

ਮੋਹਾਲੀ, 17 ਸਤੰਬਰ 2024: ਭਾਰਤ ਸਰਕਾਰ ਵੱਲੋਂ ਦੇਸ਼ ਭਰ ‘ਚ ਵਾਤਾਵਰਣ ਨੂੰ ਬਿਹਤਰ ਬਣਾਉਣ ਅਤੇ ਸਾਫ ਸੁਥਰਾ ਰੱਖਣ ਲਈ 17 ਸਤੰਬਰ 2024 ਤੋਂ 02 ਅਕਤੂਬਰ 2024 ਤੱਕ ‘ਸਵੱਛਤਾ ਹੀ ਸੇਵਾ ਹੈ’ ਮੁਹਿੰਮ ਚਲਾਈ ਜਾ ਰਹੀ ਹੈ | ਇਸੇ ਮੁਹਿੰਮ ਤਹਿਤ ਅੱਜ ਹਲਕਾ ਐਸ.ਏ.ਐਸ. ਨਗਰ ਦੇ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਆਪਣੇ ਹਲਕੇ ‘ਚ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ |

Kulwant singh

ਇਸਦੇ ਨਾਲ ਹੀ ਸ. ਕੁਲਵੰਤ ਸਿੰਘ ਨੇ ਸੈਕਟਰ-79, ਐਸ.ਏ.ਐਸ. ਨਗਰ ਵਿਖੇ ਇੱਕ ਪੌਦਾ ਲਗਾਉਣ ਉਪਰੰਤ ਇੱਕ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਸ ਮੌਕੇ ਹਾਜ਼ਰ ਲੋਕਾਂ ਨੂੰ ਦੇਸ਼ ਨੂੰ ਸਾਫ ਸੁਥਰਾ ਰੱਖਣ ਦੀ ਸੌਂਹ ਚੁਕਾਈ ਗਈ।

ਇਸ ਮੌਕੇ ਵਿਧਾਇਕ (MLA Kulwant Singh) ਨੇ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਦੇਸ਼ ਦੇ ਵਾਤਾਵਰਣ ‘ਚ ਸੁਧਾਰ ਲਿਆਉਣਾ ਅਤੇ ਦੇਸ਼ ‘ਚ ਸਫਾਈ ਦਾ ਪੱਧਰ ਉੱਚਾ ਚੁੱਕ ਕੇ ਦੇਸ਼ ਵਾਸੀਆਂ ਨੂੰ ਹਰਿਆ-ਭਰਿਆ ਅਤੇ ਸਾਫ ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ। ਇਸ ਮੁਹਿੰਮ ਬਾਰੇ ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਸਾਰੇ ਦਫਤਰਾਂ, ਪਿੰਡਾਂ, ਸਕੂਲਾਂ, ਸੈਰ ਸਪਾਟੇ ਦੇ ਸਥਾਨਾਂ, ਧਾਰਮਿਕ ਸਥਾਨਾਂ ਦੀ ਸਫਾਈ ਕਰਨ ‘ਤੇ ਜੋਰ ਦਿੱਤਾ ਜਾਵੇਗਾ |

ਇਸਦੇ ਨਾਲ ਹੀ ਕੂੜੇ ਦੀ ਸਾਂਭ ਸੰਭਾਲ ਲਈ ਨਿਰਧਾਰਤ ਥਾਵਾਂ, ਵਾਟਰ ਵਰਕਸਾਂ ਦੀ ਜਗ੍ਹਾ ਅਤੇ ਪਾਰਕਾਂ ਆਦਿ ‘ਚ ਪੌਦੇ ਲਗਾਏ ਜਾਣਗੇ, ਛੱਪੜਾਂ ਦੇ ਆਲੇ ਦੁਆਲੇ ਦੀ ਸਫਾਈ ਕੀਤੀ ਜਾਵੇਗੀ | ਸਫਾਈ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਵੱਖ-ਵੱਖ ਸਮਾਜ ਭਲਾਈ ਸਕੀਮਾਂ ਅਧੀਨ ਸਫਾਈ ਮਿੱਤਰ ਸੁਰੱਖਿਆ ਕੈਂਪ ਲਗਾਉਣਾ ਅਤੇ ਸਾਰੇ ਸਫਾਈ ਮਿੱਤਰਾਂ ਨੂੰ ਪੀ.ਪੀ.ਈ. ਕਿੱਟਾਂ ਦਿੱਤੀਆਂ ਜਾਣਗੀਆਂ।

ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਨੂੰ ਸਾਫ ਸੁਥਰਾ ਰੱਖਣ ਅਤੇ ਆਪਣੇ ਪਿੰਡ/ਸ਼ਹਿਰ ਨੂੰ ਸਾਫ ਸੁਥਰਾ ਬਣਾਉਣ ‘ਚ ਵਧ ਚੜ੍ਹ ਕੇ ਸਰਕਾਰ ਦਾ ਸਹਿਯੋਗ ਕਰਨ। ਇਸ ਮੌਕੇ ਪੰਜਾਬ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਐਸ.ਏ.ਐਸ. ਨਗਰ ਦੇ ਨਿਗਰਾਨ ਇੰਜੀਨੀਅਰ ਅਨਿਲ ਕੁਮਾਰ, ਰਮਨ੍ਰਪੀਤ ਸਿੰਘ, ਕਾਰਜਕਾਰੀ ਇੰਜੀਨੀਅਰ, ਸੁਖਦੇਵ ਸਿੰਘ ਪਟਵਾਰੀ, ਮਿਉਂਸੀਪਲ ਕੌਂਸਲਰ, ਰਾਜੀਵ ਵਸ਼ਿਸ਼ਟ, ਹਰਮੇਸ਼ ਸਿੰਘ ਕੁੰਬੜਾ, ਰਣਦੀਪ ਸਿੰਘ, ਜਸਪਾਲ ਸਿੰਘ, ਹਰਪਾਲ ਸਿੰਘ ਚੰਨਾ, ਆਰ.ਪੀ. ਸ਼ਰਮਾ, ਹਰਸੰਗਤ ਸਿੰਘ, ਸੁਰਿੰਦਰ ਸਿੰਘ ਰੋਡਾ, ਅਵਤਾਰ ਸਿੰਘ ਸਰਪੰਚ, ਡਾ. ਕੁਲਦੀਪ ਸਿੰਘ, ਅਕਬਿੰਦਰ ਸਿੰਘ ਗੋਸਲ, ਸੁਖਚੈਨ ਸਿੰਘ, ਸ਼੍ਰੀਮਤੀ ਜਸਵੀਰ ਕੌਰ ਅਤਲੀ ਅਤੇ ਸ਼੍ਰੀਮਤੀ ਚਰਨਜੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ‘ਚ ਹਲਕਾ ਵਾਸੀ ਅਤੇ ਕਾਲਜਾਂ/ਸਕੂਲਾਂ ਦੇ ਵਿਦਿਆਰਥੀ ਹਾਜ਼ਰ ਸਨ।

Scroll to Top