ਮੋਹਾਲੀ, 14 ਅਪ੍ਰੈਲ 2023: ਪੰਜਾਬ ਵਿੱਚ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸੇ ਮੌਕੇ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਇਸ ਪਵਿੱਤਰ ਦਿਹਾੜੇ ਦੇ ਮੌਕੇ ਮੋਹਾਲੀ ਹਲਕੇ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਪਵਿੱਤਰ ਗੁਰਬਾਣੀ ਦਾ ਸਰਵਣ ਕੀਤਾ | ਇਸ ਮੌਕੇ ਉਨ੍ਹਾਂ ਨੇ ਸਮੂਹ ਸੰਗਤ ਨੂੰ ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲਗਾਉਂਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ |
ਇਸਦੇ ਨਾਲ ਹੀ ਮੋਹਾਲੀ ਦੇ ਫੇਜ਼ 3ਬੀ-1 ਵਿੱਚ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਮੱਥਾ ਟੇਕਿਆ, ਇਸ ਗੁਰਦੁਆਰਾ ਸਾਹਿਬ ਵਿੱਚ ਸ. ਕੁਲਵੰਤ ਸਿੰਘ ਨੇ ਅੱਖਾਂ ਦੇ ਮੁਫ਼ਤ ਚੈੱਕਅੱਪ ਕੈਂਪ ਦਾ ਉਦਘਾਟਨ ਕੀਤਾ | ਇਹ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਜੇ.ਪੀ. ਹਸਪਤਾਲ ਵਲੋਂ ਲਗਾਇਆ ਗਿਆ |
ਇਸ ਮੌਕੇ ਵਿਧਾਇਕ ਨੇ ਮੁਫ਼ਤ ਕੈਂਪ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੋਕਾਂ ਲਈ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਲਗਾਇਆ ਗਿਆ ਹੈ | ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੈਲਫੇਅਰ ਸੁਸਾਇਟੀ ਅਤੇ ਡਾ. ਜੇ ਪੀ ਸਿੰਘ ਦੇ ਸਹਿਯੋਗ ਨਾਲ ਇਸਦੀ ਸ਼ੁਰੂਆਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਦੀ ਸੇਵਾ ਲਈ ਅਹਿਮ ਕਦਮ ਹੈ | ਇਸ ਕੈਂਪ ਵਿੱਚ ਦਿੱਤੀਆਂ 3.5 ਲੱਖ ਦੀਆਂ ਮਸ਼ੀਨਾਂ ਜਗਜੀਤ ਸਿੰਘ ਵਲੋਂ ਦਿੱਤੀਆਂ ਗਈਆਂ ਹਨ, ਜੋ ਕੇ ਸਮਾਜ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ |
ਸ. ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਦੇਣ ਲਈ ਮੁਹੱਲਾ ਕਲੀਨਿਕ ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਸੈਂਕੜੇ ਲੋਕ ਲਾਹਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੋਹਾਲੀ ਵਿੱਚ ਪੰਜ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਇਸਦੇ ਨਾਲ ਹੀ ਜਲਦੀ ਹੀ ਪੰਜ ਹੋਰ ਕਲੀਨਿਕ ਖੋਲ੍ਹੇ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਵੱਧ ਹੈ |
ਇਸ ਮੌਕੇ ਪ੍ਰੀਤਮ ਸਿੰਘ (ਪ੍ਰਧਾਨ ਗੁਰਦੁਆਰਾ ਸਾਹਿਬ ਫੇਜ-1),ਪਰਮ ਸਿੰਘ ਪ੍ਰਧਾਨ, ਗੁਰਮੀਤ ਕੌਰ ਐਮ.ਸੀ., ਹਰਬਿੰਦਰ ਸਿੰਘ, ਜਗਜੀਤ ਸਿੰਘ ਅਰੋੜਾ, ਜਰਨੈਲ ਸਿੰਘ, ਬਲਜਿੰਦਰ ਬੇਦੀ, ਜਸਪਾਲ ਸਿੰਘ, ਡਾ. ਬੇਦੀ, ਪੀ.ਐਸ. ਵਿਰਦੀ, ਡਾ. ਕੁਲਦੀਪ ਸਿੰਘ, ਹਰਮੇਸ਼ ਸਿੰਘ ਕੁੰਬੜਾ, ਰਜੀਵ ਵਸ਼ਿਸ਼ਟ ਅਤੇ ਗੁਰਦੁਆਰਾ ਸਿੰਘ ਸਭਾ ਫ਼ੇਜ਼-1 ਮੋਹਾਲੀ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਰਹੇ |