July 7, 2024 2:32 am
MLA Kulwant Singh

ਵਿਧਾਇਕ ਕੁਲਵੰਤ ਸਿੰਘ ਦਾ ਛਲਕਿਆ ਦਰਦ, ਕਿਹਾ- “ਮੋਹਾਲੀ ਦਾ ਜਿਸ ਤਰੀਕੇ ਨਾਲ ਵਿਕਾਸ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ”

ਐਸ.ਏ.ਐਸ.ਨਗਰ 03 ਜੁਲਾਈ 2024: ਮੋਹਾਲੀ ਦੇ ਹਲਕਾ ਵਿਧਾਇਕ ਕੁਲਵੰਤ ਸਿੰਘ (MLA Kulwant Singh) ਨੇ ਕਿਹਾ ਕਿ ਜਿਸ ਤਰੀਕੇ ਨਾਲ ਮੋਹਾਲੀ ਸ਼ਹਿਰ ਦਾ ਵਿਕਾਸ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ। ਜਦਕਿ ਮੋਹਾਲੀ ਦੇ ਮੁਕਾਬਲੇ 25 ਸਾਲ ਪਹਿਲਾਂ ਵਸੇ ਚੰਡੀਗੜ੍ਹ ਦੀ ਪਲੈਨਡ ਤਰੀਕੇ ਨਾਲ ਡਿਵੈੱਲਪਮੈਂਟ ਹੋਈ ਹੈ ਤੇ ਵਾਤਾਵਰਣ ਦੀ ਸ਼ੁੱਧਤਾ ਲਈ ਦੁੱਗਣਾ ਤੋਂ ਜ਼ਿਆਦਾ ਹਰਿਆ ਭਰਿਆ ਵੀ ਹੈ।

ਵਿਧਾਇਕ ਕੁਲਵੰਤ ਸਿੰਘ ਦਾ ਅੱਜ ਮੋਹਾਲੀ ਸ਼ਹਿਰ ਲਈ ਦਰਦ ਛਲਕਿਆ ਅਤੇ ਕਿਹਾ ਕਿ ਬੇਸ਼ੱਕ ਉਹ ਨਗਰ ਪ੍ਰੀਸ਼ਦ ਦੇ ਪ੍ਰਧਾਨ ਵੀ ਰਹੇ, ਨਗਰ ਨਿਗਮ ਦੇ ਮੇਅਰ ਵੀ ਰਹੇ ਹਨ ਅਤੇ ਹੁਣ ਹਲਕਾ ਮੋਹਾਲੀ ਦੇ ਵਿਧਾਇਕ ਵੀ ਹਨ ਅਤੇ ਉਹ ਇਸ ਸ਼ਹਿਰ ਨਾਲ ਦਿਲੋਂ ਜੁੜੇ ਹੋਏ ਹਨ |

ਪ੍ਰੰਤੂ ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦਾ ਬੇਹੱਦ ਅਫਸੋਸ ਹੈ ਕਿ ਜੋ ਪੰਜਾਬ ਦੇ ਇਸ ਇੱਕੋ-ਇੱਕ ਪਲਾਨਡ ਸਿਟੀ ਦਾ ਜੋ ਵਿਕਾਸ ਹੋਣਾ ਚਾਹੀਦਾ ਸੀ, ਉਹ ਉਸ ਤਰੀਕੇ ਨਾਲ ਨਹੀਂ ਹੋਇਆ | ਕਿਉਂਕਿ ਇੱਥੇ ਕੂੜਾ ਸੁੱਟਣ ਲਈ ਕੋਈ ਡੰਪਿੰਗ ਗਰਾਊਂਡ ਲਈ ਕੋਈ ਜਗ੍ਹਾ ਰਿਜ਼ਰਵ ਨਹੀਂ ਰੱਖੀ ਗਈ ਅਤੇ ਹੋਰ ਐਸ.ਟੀ.ਪੀ. ਲਗਾਉਣ ਲਈ ਕੋਈ ਜਗ੍ਹਾ ਨਹੀਂ ਛੱਡੀ ਗਈ | ਡਰੇਨ ਸਿਸਟਮ ਦਾ ਹੋਰ ਵੀ ਬੁਰਾ ਹਾਲ ਹੈ। ਜ਼ਿਆਦਾਤਰ ਗਰੀਨ ਬੈਲਟਾਂ ਤੇ ਨਜ਼ਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਵਾਤਾਵਰਣ ਦੀ ਸੰਭਾਲ ਲਈ ਕੁੱਝ ਨਹੀਂ ਕੀਤਾ ਗਿਆ।

ਉਨ੍ਹਾਂ (MLA Kulwant Singh) ਨੇ ਕਿਹਾ ਕਿ ਸ਼ਹਿਰ ‘ਚ ਬਹੁਤ ਸਾਰੇ ਪ੍ਰਾਈਵੇਟ ਬਿਲਡਰਾਂ ਨੇ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਨਜਾਇਜ਼ ਕਲੋਨੀਆਂ ਉਸਾਰ ਦਿੱਤੀਆਂ ਹਨ, ਜਿਨ੍ਹਾਂ ਦੀ ਜਾਂ ਤਾਂ ਸਰਕਾਰੀ ਅਧਿਕਾਰੀਆਂ ਨੂੰ ਪਰਵਾਹ ਨਹੀਂ ਰਹੀ ਜਾਂ ਫਿਰ ਉਨ੍ਹਾਂ ਵੱਲੋਂ ਲੋੜੀਂਦੀ ਕਾਰਵਾਈ ਨੂੰ ਸਹੀ ਤਰੀਕੇ ਨਾਲ ਅੰਜ਼ਾਮ ਨਹੀਂ ਦਿੱਤਾ ਗਿਆ।

ਜਦੋਂ ਸਰਕਾਰਾਂ ਹੀ ਵਪਾਰੀ ਬਣ ਜਾਣ ਉਦੋਂ ਨੁਕਸਾਨ ਹੋਣਾ ਸੁਭਾਵਿਕ ਹੈ। ਪਿਛਲੀਆਂ ਸਰਕਾਰਾਂ ਦੇ ਵਪਾਰੀ ਬਣਨ ਦੇ ਨਤੀਜ਼ੇ ਵਜੋਂ ਪੰਜਾਬ ‘ਚ 90 ਤੋਂ 95 ਫੀਸਦੀ ਨਜਾਇਜ਼ ਕਲੋਨੀਆਂ ਬਣ ਗਈਆਂ ਹਨ, ਜਿਨ੍ਹਾਂ ‘ਚ ਲੋਕ ਮੁੱਢਲੀਆ ਸਹੂਲਤਾਂ ਨੂੰ ਤਰਸ ਰਹੇ ਹਨ ਅਤੇ ਅਜਿਹੀਆਂ ਕਲੌਨੀਆਂ ‘ਚ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਸਰਕਾਰ ਤੇ ਪੈ ਰਹੀ ਹੈ।

ਪੰਜਾਬ ‘ਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਉਦੋਂ ਤੋਂ ਇਸ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ ਕਿ ਪੰਜਾਬ ਅਤੇ ਖ਼ਾਸ ਕਰਕੇ ਮੋਹਾਲੀ ਸ਼ਹਿਰ ਦੀ ਪਲਾਨਿੰਗ ਅਤੇ ਡਿਜ਼ਾਇਨਿੰਗ ਦੁਨੀਆ ‘ਚ ਹੋ ਰਹੇ ਆਧੁਨਿਕ ਕਿਸਮ ਦੇ ਵਿਕਾਸ ਦੇ ਪੱਧਰ ਦੀ ਹੋਵੇ। ਹਲਕਾ ਵਿਧਾਇਕ ਵੱਲੋਂ ਕਿਹਾ ਗਿਆ ਹੈ ਕਿ ਭਾਵੇਂ ਉਹ ਵੀ ਸਰਕਾਰ ਦਾ ਹਿੱਸਾ ਹਨ, ਪ੍ਰੰਤੂ ਉਨ੍ਹਾਂ ਨੂੰ ਥੋੜ੍ਹਾ ਜਿਹਾ ਅਫ਼ਸੋਸ ਵੀ ਹੈ ਕਿ ਹੁਣ ਤੱਕ ਸ਼ਹਿਰ ਦਾ ਵਿਕਾਸ ਉਸ ਪੱਧਰ ਤੱਕ ਨਹੀਂ ਹੋ ਪਾਇਆ ਜੋ ਉਨ੍ਹਾਂ ਦਾ ਸੁਪਨਾ ਹੈ।