ਐੱਸ.ਏ.ਐੱਸ ਨਗਰ (ਮੋਹਾਲੀ) 27 ਮਈ, 2025: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਅੱਜ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੇ ਸਰਕਾਰੀ ਪ੍ਰਾਇਮਰੀ ਸਕੂਲ ਕੈਲੋਂ ਵਿਖੇ 20 ਲੱਖ ਰੁਪਏ ਦੀ ਲਾਗਤ ਨਾਲ ਕਮਰਿਆਂ ਦੀ ਕੀਤੀ ਮੁਰੰਮਤ ਅਤੇ ਸਰਕਾਰੀ ਸਕੂਲ ਦੀ ਚਾਰਦੀਵਾਰੀ, ਸਰਕਾਰੀ ਪ੍ਰਾਇਮਰੀ ਸਕੂਲ, ਪਿੰਡ ਚੱਪੜਚਿੜੀ ਖੁਰਦ ਵਿਖੇ 7.50 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਸਮਾਰਟ ਕਲਾਸ ਰੂਮ ਅਤੇ ਚੱਪੜਚਿੜੀ ਕਲਾਂ ਦੇ ਸਰਕਾਰੀ ਮਿਡਲ ਸਕੂਲ ‘ਚ 6.40 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਚਾਰਦੀਵਾਰੀ ਦਾ ਕਾਰਜ ਪੂਰਾ ਹੋਣ ‘ਤੇ ਸਕੂਲ ਦੇ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ ਗਿਆ ਹੈ |
ਇਸ ਮੌਕੇ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਸਿੱਖਿਆ ਢਾਂਚੇ ਨੂੰ ਬਿਹਤਰੀਨ ਬਣਾਉਣ ਦਾ ਵਾਅਦਾ ਕਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ‘ਚ ਆਈ ਸੀ ਤੇ ਸੂਬਾ ਸਰਕਾਰ ਨੇ ਦਿਨ ਰਾਤ ਇੱਕ ਕਰ ਕੇ ਇਹ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਸਕੂਲਾਂ ਦੇ ‘ਚ ਪਿਛਲੇ 75 ਸਾਲ ਤੋਂ ਬੁਨਿਆਦੀ ਕੰਮ ਲੰਬਿਤ ਪਏ ਸਨ | ਜਿਨ੍ਹਾਂ ਨੂੰ ਸਿੱਖਿਆ ਕ੍ਰਾਂਤੀ ਮੁਹਿੰਮ ਤਹਿਤ ਕਰਵਾਇਆ ਗਿਆ ਹੈ।
ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਸਰਕਾਰੀ ਸਕੂਲਾਂ ‘ਚ 20,000 ਨਵੇਂ ਅਧਿਆਪਕ ਭਰਤੀ ਹੋਏ ਹਨ ਤੇ 12,700 ਕੱਚੇ ਅਧਿਆਪਕ ਪੱਕੇ ਕੀਤੇ ਗਏ ਹਨ। ਉਨ੍ਹਾਂ ਕਿਹਾ ਸੂਬੇ ‘ਚ ਪਹਿਲੀ ਵਾਰ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਉੱਚ ਦਰਜੇ ਦੀ ਸਿਖਲਾਈ ਦੇਣ ਲਈ ਦੇਸ਼ ਦੀਆਂ ਵੱਡੀਆਂ ਸੰਸਥਾਵਾਂ ਅਤੇ ਵਿਦੇਸ਼ਾਂ ‘ਚ ਭੇਜਿਆ ਹੈ। ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ 100 ਦੇ ਕਰੀਬ ‘ਸਕੂਲ ਆਫ ਐਮੀਨੈਂਸ’ ਸਥਾਪਿਤ ਕੀਤੇ ਗਏ ਹਨ |
ਇਸਦੇ ਨਾਲ ਹੀ ਸਰਕਾਰੀ ਸਕੂਲਾਂ ਲਈ ਬੱਸ ਸੇਵਾ ਵੀ ਸ਼ੁਰੂ ਕੀਤੀ ਹੈ ਤੇ 10 ਹਜ਼ਾਰ ਵਿਦਿਆਰਥੀ ਬੱਸ ਸੇਵਾ ਦਾ ਲਾਹਾ ਲੈ ਰਹੇ ਹਨ। ਕੈਂਪਸ ਮੈਨੇਜਰ, ਸੁਰੱਖਿਆ ਗਾਰਡ ਤੇ ਚੌਕੀਦਾਰ ਸਕੂਲਾਂ ‘ਚ ਨਿਯੁਕਤ ਕੀਤੇ ਹਨ। ਜ਼ਿਆਦਾਤਰ ਸਕੂਲਾਂ ਨੂੰ ਇੰਟਰਨੈਟ ਵਾਈ-ਫਾਈ ਦੀ ਸਹੂਲਤ ਨਾਲ ਲੈਸ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ਨਿਵੇਸ਼ ਦੀ ਦਰ ਵੀ ਬਹੁਤ ਉੱਤੇ ਆ ਗਈ ਹੈ ਅਤੇ ਪੰਜਾਬ ‘ਚ 97 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਜਿਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਵੱਡੇ ਪੱਧਰ ਉੱਤੇ ਰੁਜ਼ਗਾਰ ਮਿਲ ਰਿਹਾ ਹੈ। ਪੰਜਾਬ ਸਰਕਾਰ ਵੱਲੋਂ 56 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
Read More: MLA ਕੁਲਵੰਤ ਸਿੰਘ ਦੇ ਯਤਨਾਂ ਸਦਕਾ ਚੱਪੜਚਿੜੀ ਖੁਰਦ ‘ਚ ਸੜਕ ਦੀ ਮੁਰੰਮਤ ਦਾ ਕੰਮ ਜਾਰੀ