MLA Kulwant Singh

ਵਿਧਾਇਕ ਕੁਲਵੰਤ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਸੰਬੰਧੀ ਚੁਕਾਈ ਸਹੁੰ

ਐਸ.ਏ ਐਸ ਨਗਰ (ਮੋਹਾਲੀ) 06 ਸਤੰਬਰ 2024: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਸੂਬੇ ਭਰ ‘ਚ ਲੋਕ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ | ਇਸੇ ਲੜੀ ਤਹਿਤ ਅੱਜ ਮੋਹਾਲੀ ਦੇ ਪਿੰਡ ਬਾਕਰਪੁਰ ਵਿਖੇ ਲੋਕ ਸੁਵਿਧਾ ਕੈਂਪ ਲਗਾਇਆ । ਇਸ ਕੈਂਪ ਦੌਰਾਨ ਪਿੰਡ ਬੜੀ, ਬਾਕਰਪੁਰ, ਮਟਰਾ ਅਤੇ ਸਫੀਪੁਰ ਦੇ ਨਿਵਾਸੀਆਂ ਵੱਲੋਂ ਆਪਣੀਆਂ ਮੁਸ਼ਕਿਲਾਂ/ਸਮੱਸਿਆਵਾਂ ਲੈ ਕੇ ਪਹੁੰਚ ਕੀਤੀ। ਇਸ ਦੌਰਾਨ ਸੰਬੰਧਿਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਕੈਂਪ ‘ਚ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ‘ਤੇ ਨਿਪਟਾਰਾ ਕੀਤਾ|

ਇਸ ਦੌਰਾਨ ਹਲਕਾ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਕੈਂਪ ਦਾ ਜਾਇਜ਼ਾ ਲਿਆ | ਕੈਂਪ ‘ਚ ਵਿਧਾਇਕ ਕੁਲਵੰਤ ਸਿੰਘ ਨੇ ਪਰਾਲੀ ਨੂੰ ਨਾ ਸਾੜ ਕੇ ਸਗੋ ਖੇਤਾਂ ‘ਚ ਹੀ ਮਿਲਾ ਕੇ ਮਿੱਟੀ ਨੂੰ ਉਪਜਾਊ ਬਣਾਉਣ ਨੂੰ ਲੈ ਕੇ ਕਿਸਾਨਾਂ ਨੂੰ ਸਹੁੰ ਚੁਕਾਈ, ਤਾਂ ਜੋ ਵਾਤਾਵਰਨ ਸਾਫ-ਸੁਥਰਾ ਰੱਖਿਆ ਜਾ ਸਕੇ ।

ਵਿਧਾਇਕ ਨੇ ਇਸ ਕੈਂਪ ‘ਚ ਪਹੁੰਚੇ ਵੱਖ-ਵੱਖ ਵਿਭਾਗਾਂ ਦੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਪਿੰਡਾਂ, ਵਾਰਡਾਂ/ਸ਼ਹਿਰਾਂ ‘ਚ ਲੱਗਣ ਵਾਲੇ ਕੈਂਪਾਂ ਸਬੰਧੀ ਆਮ ਲੋਕਾਂ ਨੂੰ ਘੱਟੋ-ਘੱਟ 15 ਦਿਨ ਪਹਿਲਾਂ ਸੂਚਿਤ ਕਰਨਾ ਯਕੀਨੀ ਬਣਾਉਣ ਤਾਂ ਜੋ ਲੋਕ ਆਪਣੇ ਲੰਬਿਤ ਕੰਮਾਂ ਸਬੰਧੀ ਆਪਣੇ ਪੂਰੇ ਦਸਤਾਵੇਜ਼ ਲੈ ਕੇ ਕੈਂਪ ‘ਚ ਪਹੁੰਚਣ ਅਤੇ ਉਨ੍ਹਾਂ ਦਾ ਕੰਮ ਸਹੀ ਢੰਗ ਨਾਲ ਨੇਪਰੇ ਚੜ੍ਹ ਸਕੇ।

ਵਿਧਾਇਕ ਸ. ਕੁਲਵੰਤ ਸਿੰਘ (MLA Kulwant Singh) ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਲੋਕਾਂ ਨੂੰ ਇਹ ਵੀ ਪਤਾ ਹੋਣਾ ਯਕੀਨੀ ਬਣਾਇਆ ਜਾਵੇ ਕਿ ਲੱਗਣ ਵਾਲੇ ਕੈਂਪ ‘ਚ ਕਿਹੜੇ-ਕਿਹੜੇ ਵਿਭਾਗ ਸ਼ਾਮਲ ਹੋ ਰਹੇ ਹਨ ਤਾਂ ਜੋ ਉਸ ਅਨੁਸਾਰ ਲੋਕ ਆਪਣੀਆਂ ਅਰਜ਼ੀਆਂ ਲੈ ਕੇ ਇਨ੍ਹਾਂ ਕੈਂਪਾਂ ‘ਚ ਆ ਸਕਣ।

ਵਿਧਾਇਕ ਨੇ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਕੰਮ ‘ਚ ਹੋਰ ਵਧੇਰੇ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਹੈ, ਤਾਂ ਜੋ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਸੁਵਿਧਾ ਦਾ ਆਮ ਲੋਕ ਵੱਧ ਤੋਂ ਵੱਧ ਲਾਭ ਲੈ ਸਕਣ। ਇਸ ਤੋਂ ਇਲਾਵਾ ਉਨ੍ਹਾਂ ਨੇ ਹਰ ਵਿਭਾਗ ਨੂੰ ਉਨ੍ਹਾਂ ਕੋਲ ਪਹੁੰਚ ਕਰਨ ਵਾਲੇ ਹਰ ਨਾਗਰਿਕ ਦਾ ਨਾਮ, ਪਤਾ, ਮੋਬਾਇਲ ਨੰਬਰ, ਕਿੰਨੀਆਂ ਸਮੱਸਿਆਵਾਂ/ਮੁਸ਼ਕਿਲਾਂ ਸਬੰਧੀ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ ਕਿੰਨੀਆਂ ਦਾ ਹੱਲ ਮੌਕੇ ‘ਤੇ ਕੀਤਾ ਹੈ ਅਤੇ ਕਿੰਨੀਆਂ ਲੰਬਿਤ ਹਨ, ਸਬੰਧੀ ਰਿਕਾਰਡ ਰੱਖਣ ਲਈ ਵੀ ਕਿਹਾ।

ਵਿਧਾਇਕ ਨੇ ਮੋਹਾਲੀ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਪਿੰਡਾਂ ਨਾਲ ਸਬੰਧਤ ਅਜਿਹੇ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਇਨ੍ਹਾਂ ਕੈਂਪਾਂ ਰਾਹੀਂ ਆਪਣੇ ਦਫ਼ਤਰ ਛੱਡ ਉਨ੍ਹਾਂ ਨੂੰ ਸੇਵਾਵਾਂ ਦੇਣ ਪੁੱਜੇ ਵਿਭਾਗ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਉੱਥੇ ਹੀ ਨਿਪਟਾਰਾ ਕਰ ਸਕਣ। ਇਸ ਦੌਰਾਨ ਤਹਿਸੀਲਦਾਰ ਮੋਹਾਲੀ ਅਰਜਨ ਸਿੰਘ ਗਰੇਵਾਲ, ਬੀਡੀਪੀਓ ਸਤਵੰਤ ਸਿੰਘ ਰੰਧਾਵਾ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਅਤੇ ਸਟਾਫ਼ ਹਾਜ਼ਰ ਰਿਹਾ |

ਪੰਜਾਬ ਸਰਕਾਰ ਦੁਆਰਾ ਲਗਾਏ ਜਾ ਰਹੇ ਇਨ੍ਹਾਂ ਕੈਂਪਾਂ ‘ਚ ਲੋਕ ਜਨਮ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਸਰਟੀਫਿਕੇਟ, ਬੁਢਾਪਾ, ਦਿਵਿਆਂਗ ਅਤੇ ਆਸ਼ਰਿਤ ਪੈਨਸ਼ਨ, ਜਨਮ ਸਰਟੀਫਿਕੇਟ ’ਚ ਨਾਂ ਦੀ ਤਬਦੀਲੀ, ਬਿਜਲੀ ਦੇ ਬਿੱਲਾਂ ਦੇ ਭੁਗਤਾਨ, ਮਾਲ ਵਿਭਾਗ ਸਬੰਧੀ ਰਿਕਾਰਡ ਦੀ ਪੜਤਾਲ, ਵਿਆਹ ਦੀ ਰਜਿਸਟ੍ਰੇਸ਼ਨ, ਮੌਤ ਦੇ ਸਰਟੀਫਿਕੇਟ ਦੀ ਇਕ ਤੋਂ ਵਧੀਕ ਕਾਪੀਆਂ, ਪੇਂਡੂ ਖੇਤਰ ਸਰਟੀਫਿਕੇਟ, ਫਰਦ ਬਣਾਉਣੀ, ਸ਼ਗਨ ਸਕੀਮ, ਜ਼ਮੀਨ ਦੀ ਨਿਸ਼ਾਨਦੇਹੀ, ਐੱਨ.ਆਰ. ਆਈ. ਦੇ ਸਰਟੀਫਿਕੇਟਾਂ ਦੇ ਕਾਊਂਟਰ ਦਸਤਖ਼ਤ, ਪੁਲਿਸ ਕਲੀਅਰੈਂਸ ਸਰਟੀਫਿਕੇਟ ਦੇ ਕਾਊਂਟਰ ਦਸਤਖ਼ਤ, ਮੌਤ ਸਰਟੀਫਿਕੇਟ ’ਚ ਤਬਦੀਲੀ ਆਦਿ ਸੇਵਾਵਾਂ ਟੋਲ ਫ੍ਰੀ ਨੰਬਰ 1076 ’ਤੇ ਸੰਪਰਕ ਕਰਕੇ ਵੀ ਹਾਸਲ ਕਰ ਸਕਦੇ ਹਨ। ਇਨ੍ਹਾਂ ਸੇਵਾਵਾਂ ਲਈ ਸੁਵਿਧਾ ਕੈਂਪ ਚ ਵੀ ਅਰਜ਼ੀ ਦਿੱਤੀ ਜਾ ਸਕਦੀ ਹੈ।

 

Scroll to Top