ਚੰਡੀਗੜ੍ਹ, 11 ਜਨਵਰੀ 2025: ਪੰਜਾਬ ਦੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ ਨੂੰ ਲਗਭਗ 12 ਵਜੇ ਦੀ ਦੱਸੀ ਜਾ ਰਹੀ ਹੈ।
ਇਸ ਸੰਬੰਧੀ ਸੰਯੁਕਤ ਕਮਿਸ਼ਨਰ ਜਸਕਰਨ ਸਿੰਘ ਤੇਜਾ ਨੇ ਕਿਹਾ ਕਿ ਡੀਐਮਸੀ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਗੁਰਪ੍ਰੀਤ ਗੋਗੀ ਦੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਰੱਖਵਾ ਦਿੱਤਾ ਗਿਆ ਹੈ। ਪੁਲਿਸ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਹਸਪਤਾਲ ਪਹੁੰਚ ਗਏ।
ਏਡੀਸੀਪੀ ਜਸਕਰਨ ਸਿੰਘ ਤੇਜਾ ਨੇ ਦੱਸਿਆ ਕਿ ਪਿਸਤੌਲ 25 ਬੋਰ ਦਾ ਸੀ। ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਵਿਧਾਇਕ ਦੀ ਮੌਤ ਕਿਹੜੇ ਹਲਾਤਾਂ ‘ਚ ਹੋਈ। ਰਸੋਈ ‘ਚ ਕੰਮ ਕਰ ਰਹੇ ਨੌਕਰ ਨੇ ਕਿਹਾ ਕਿ ਸਿਰਫ਼ ਇੱਕ ਗੋਲੀ ਚੱਲੀ ਸੀ।
ਉਨ੍ਹਾਂ ਕਿਹਾ ਕਿ ਅਜੇ ਤੱਕ ਡਿਪਰੈਸ਼ਨ ਵਰਗੀ ਕੋਈ ਚੀਜ਼ ਸਾਹਮਣੇ ਨਹੀਂ ਆਈ ਹੈ। ਉਨ੍ਹਾਂ ਨੇ ਆਪਣਾ ਖਾਣਾ ਰੁਟੀਨ ਅਨੁਸਾਰ ਖਾਧਾ ਸੀ। ਅੱਜ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ। ਉਨ੍ਹਾਂ ਦਾ ਅੰਤਿਮ ਸਸਕਾਰ ਦੁਪਹਿਰ 3 ਵਜੇ ਲੁਧਿਆਣਾ ਦੇ ਕੇਵੀਐਮ ਸਕੂਲ ਨੇੜੇ ਸ਼ਮਸ਼ਾਨਘਾਟ ‘ਚ ਕੀਤਾ ਜਾਵੇਗਾ। ਅੱਜ ਸਵੇਰੇ ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਬਰਿੰਦਰ ਕੁਮਾਰ ਗੋਇਲ ਗੋਗੀ ਦੇ ਘਰ ਪਹੁੰਚੇ। ਦੂਜੇ ਪਾਸੇ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ।
ਜਿਕਰਯੋਗ ਹੈ ਕਿ ਗੋਗੀ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਭਾਰਤ ਭੂਸ਼ਣ ਆਸ਼ੂ ਨੂੰ ਵੀ ਹਰਾਇਆ ਸੀ। ਵਿਧਾਇਕ ਬਣਨ ਤੋਂ ਪਹਿਲਾਂ ਗੁਰਪ੍ਰੀਤ ਗੋਗੀ ਦੋ ਵਾਰ ਨਗਰ ਨਿਗਮ ‘ਚ ਕੌਂਸਲਰ ਵੀ ਰਹਿ ਚੁੱਕੇ ਹਨ। ਉਹ ਲੁਧਿਆਣਾ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਉਹ ਆਪਣੀ ਪਾਰਟੀ ਬਦਲ ਕੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਗਏ।
Read More: Amritsar News: ਸੁਨਿਆਰੇ ਦੀ ਦੁਕਾਨ ਦੇ ਬਾਹਰ ਚੱਲੀ ਗੋ.ਲੀ, ਇੱਕ ਵਿਅਕਤੀ ਦੀ ਮੌ.ਤ