Site icon TheUnmute.com

ਵਿਧਾਇਕ ਦਿਨੇਸ਼ ਚੱਢਾ ਨੇ ਮੌਕੇ ਉਤੇ ਪੁੱਜ ਕੇ ਸੀਵਰੇਜ ਪਾਣੀ ਦੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੇ ਦਿੱਤੇ ਨਿਰਦੇਸ਼

ਦਿਨੇਸ਼ ਚੱਢਾ

ਰੂਪਨਗਰ 25 ਜਨਵਰੀ 2023: ਰੂਪਨਗਰ ਹਲਕੇ ਤੋਂ ਆਪ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਅੱਜ ਸਵੇਰੇ ਪ੍ਰੀਤ ਕਲੋਨੀ ਰੋਪੜ ਗਾਂਧੀ ਸਕੂਲ ਦੇ ਸਾਹਮਣੇ ਬਾਰਿਸ਼ ਦੇ ਪਾਣੀ ਦਾ ਨਿਕਾਸ ਨਾ ਹੋਣ ਨਾਲ ਸੜਕਾਂ ਉਤੇ ਖੜੇ ਪਾਣੀ ਦੀ ਸਮੱਸਿਆ ਅਤੇ ਸ਼ਿਵ ਮੰਦਿਰ ਦੇ ਸਾਹਮਣੇ ਸੀਵਰੇਜ ਦਾ ਓਵਰ ਫਲੋਅ ਹੋਣ ਕਾਰਨ ਮੌਕੇ ਉੱਤੇ ਜਾ ਕੇ ਸਮੱਸਿਆ ਦਾ ਨਿਰੀਖਣ ਕੀਤਾ।

ਉਨ੍ਹਾਂ ਨੇ ਸੀਵਰੇਜ ਦੇ ਖੜੇ ਪਾਣੀ ਦਾ ਸਮੇਂ ਸਿਰ ਹੱਲ ਨਾ ਕਰਨ ਅਤੇ ਸਮੱਸਿਆ ਪ੍ਰਤੀ ਅਣਗਿਹਲੀ ਕਰਨ ਵਾਲੇ ਅਫ਼ਸਰਾਂ ਖ਼ਿਲਾਫ਼ ਮੌਕੇ ਉੱਤੇ ਮੌਜੂਦ ਐਸ.ਡੀ.ਐਮ. ਰੂਪਨਗਰ ਸ. ਹਰਬੰਸ ਸਿੰਘ ਨੂੰ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਇਸ ਸਮੱਸਿਆ ਦੇ ਪੱਕੇ ਹੱਲ ਲਈ ਨਗਰ ਕੌਂਸਲ ਨੂੰ ਜਲਦ ਤੋਂ ਜਲਦ ਪ੍ਰਬੰਧ ਕਰਨ ਲਈ ਹਦਾਇਤ ਕੀਤੀ ਗਈ ਹੈ । ਉਨ੍ਹਾਂ ਸੀਵਰੇਜ ਦੇ ਪਾਣੀ ਦੀ ਸਮੱਸਿਆ ਦਾ ਜਾਇਜ਼ਾ ਲੈਂਦਿਆਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਮੌਕੇ ਉੱਤੇ ਸਮੱਸਿਆ ਵਾਲੀ ਥਾਂ ਉਤੇ ਬੁਲਾਇਆ, ਜਿੱਥੇ ਵਿਧਾਇਕ ਨੇ ਇਸ ਸਮੱਸਿਆ ਦਾ ਹੁਣ ਤੱਕ ਕੋਈ ਤਕਨੀਕੀ ਹੱਲ ਨਾ ਕੱਢੇ ਜਾਣ ਬਾਰੇ ਉਨ੍ਹਾਂ ਤੋਂ ਪੁੱਛ-ਪੜਤਾਲ ਵੀ ਕੀਤੀ।

ਵਿਧਾਇਕ ਦਿਨੇਸ਼ ਚੱਢਾ ਨੇ ਦੱਸਿਆ ਕਿ ਸ਼ਹਿਰ ਵਿਚ ਸੀਵੇਰਜ ਦੀ ਸਮੱਸਿਆ ਵੱਡੇ ਪੱਧਰ ਉੱਤੇ ਹੋਣ ਕਰਕੇ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰੀਤ ਕਲੋਨੀ ਤੇ ਗਾਂਧੀ ਸਕੂਲ ਦੇ ਸਾਹਮਣੇ ਵੀ ਥੋੜ੍ਹੀ ਬਰਸਾਤ ਹੋਣ ਨਾਲ ਹੀ ਕਾਫੀ ਪਾਣੀ ਜਮ੍ਹਾਂ ਹੋ ਜਾਂਦਾ ਹੈ | ਜਿਸ ਕਾਰਨ ਕਲੋਨੀ ਵਾਸੀਆਂ ਅਤੇ ਨੇੜੇ ਸਕੂਲ ਹੋਣ ਕਾਰਨ ਬੱਚਿਆਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।

ਹਲਕਾ ਵਿਧਾਇਕ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਅਧਿਕਾਰੀਆ ਤੇ ਕਰਮਚਾਰੀਆਂ ਦੇ ਨਾਲ ਮਿਲ-ਜੁਲ ਕੇ ਸਲਾਹ ਮਸ਼ਵਰੇ ਨਾਲ ਸੀਵਰੇਜ ਦੀ ਸਮੱਸਿਆ ਨੂੰ ਪੱਕੇ ਤੌਰ ਉੱਤੇ ਹੱਲ ਕਰਨ ਲਈ ਆਪਣਾ ਸਹਿਯੋਗ ਜਰੂਰ ਦੇਣ। ਕਿਉਂਕਿ ਸਬੰਧਤ ਇਲਾਕੇ ਦੇ ਲੋਕਾਂ ਨੂੰ ਮਸਲੇ ਨਾਲ ਸੰਬਧਿਤ ਪੂਰਨ ਜਾਣਕਾਰੀ ਹੁੰਦੀ ਹੈ ਕਿ ਇਸ ਨੂੰ ਕਿਸ ਤਰੀਕੇ ਨਾਲ ਹੱਲ ਕੀਤਾ ਜਾ ਸਕਦਾ ਹੈ।

 

Exit mobile version