July 7, 2024 7:22 pm
MLA Ajitpal Singh

ਵਿਧਾਇਕ ਅਜੀਤਪਾਲ ਸਿੰਘ ਨੇ ਖ਼ੁਦ ਕੀਤੀ ਰਾਹਤ ਕਾਰਜਾਂ ਦੀ ਅਗਵਾਈ, ਗੋਪਾਲ ਕਲੋਨੀ ਦੇ ਵਸਨੀਕਾਂ ਨੂੰ ਪਹੁੰਚਾਇਆ ਰਾਹਤ ਕੈਂਪ

ਪਟਿਆਲਾ, 10 ਜੁਲਾਈ 2023: ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਸਵੇਰੇ ਸਮੇਂ ਇੱਥੇ ਵੱਡੀ ਨਦੀ ਨੇੜੇ ਗੋਪਾਲ ਕਲੋਨੀ ਵਿਖੇ ਪਾਣੀ ਆਉਣ ਕਰਕੇ ਪੈਦਾ ਹੋਈ ਸਥਿਤੀ ਤੋਂ ਸਥਾਨਕ ਵਸਨੀਕਾਂ ਨੂੰ ਬਚਾਉਣ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਰਾਹਤ ਕਾਰਜ ਸ਼ੁਰੂ ਕਰਨ ਦੀ ਅਗਵਾਈ ਕੀਤੀ।

ਵਿਧਾਇਕ ਕੋਹਲੀ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਥੇ ਭਾਰਤੀ ਫ਼ੌਜ ਦੀ ਮਦਦ ਨਾਲ ਕਿਸ਼ਤੀਆਂ ਰਾਹੀਂ ਪਾਣੀ ਵਿੱਚ ਘਿਰੇ ਲੋਕਾਂ ਨੂੰ ਪ੍ਰੇਮ ਬਾਗ ਪੈਲੇਸ ਵਿਖੇ ਬਣਾਏ ਗਏ ਆਰਜੀ ਰਾਹਤ ਕੈਂਪ ਵਿਖੇ ਪਹੁੰਚਾਉਣ ਲਈ ਖ਼ੁਦ ਪਾਣੀ ਵਿੱਚ ਵੜ੍ਹਕੇ ਲੋਕਾਂ ਦੀ ਮਦਦ ਕੀਤੀ। ਉਨ੍ਹਾਂ ਕਿਹਾ ਕਿ ਉਹ ਖ਼ੁਦ ਲੋਕਾਂ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਧਾਇਕ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਉਹ ਖ਼ੁਦ ਅਤੇ ਸਮੁੱਚਾ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੈ।

ਅਜੀਤ ਪਾਲ ਸਿੰਘ ਕੋਹਲੀ ਨੇ ਇੱਥੇ ਗਊਸ਼ਾਲਾ ਵਿੱਚੋਂ ਗਊਆਂ ਸਮੇਤ ਪਾਣੀ ਵਿੱਚ ਘਿਰੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਉਣ ਮੌਕੇ ਕਿਹਾ ਕਿ ਉਹ ਆਪਣੇ ਲੋਕਾਂ ਦੀ ਸੇਵਾ ਵਿੱਚ ਸਦਾ ਤਤਪਰ ਰਹਿਣਗੇ। ਇਸ ਉਪਰੰਤ ਉਹ ਪ੍ਰੇਮ ਬਾਗ ਪੈਲੇਸ ਵਿਖੇ ਮੌਜੂਦ ਰਹੇ, ਜਿਥੇ ਉਨ੍ਹਾਂ ਨੇ ਪ੍ਰਭਾਵਤ ਲੋਕਾਂ ਲਈ ਲੰਗਰ ਦਾ ਇੰਤਜਾਮ ਕਰਵਾਇਆ।

ਅਜੀਤਪਾਲ ਸਿੰਘ ਕੋਹਲੀ ਨੇ ਇਸ ਤੋਂ ਬਾਅਦ ਛੋਟਾ ਅਰਾਈਮਾਜਰਾ ਅਤੇ ਛੋਟੀ ਅਤੇ ਵੱਡੀ ਨਦੀ ਦਾ ਦੌਰਾ ਕਰਨ ਸਮੇਤ ਸ਼ਹਿਰ ਵਿੱਚ ਜਿੱਥੇ ਕਿਤੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਆਈ, ਉਸਨੂੰ ਹੱਲ ਕਰਵਾਉਣ ਲਈ ਪ੍ਰਸ਼ਾਸਨ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦਿੱਤੇ। ਵਿਧਾਇਕ ਕੋਹਲੀ ਨੇ ਕਿਹਾ ਕਿ ਪ੍ਰਭਾਵਤ ਲੋਕ ਮਦਦ ਲਈ ਕੰਟਰੋਲ ਰੂਮ ਨੰਬਰ 0175-2350550 ‘ਤੇ ਜਾਂ ਉਨ੍ਹਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹਨ।

ਇਸ ਦੌਰਾਨ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਟੀਮ ਦੇ ਮੈਂਬਰ ਨਰੇਸ਼ ਕੁਮਾਰ ਕਾਕਾ, ਪ੍ਰਭਜੋਤ ਸਿੰਘ ਜੋਤੀ, ਰਣਜੀਤ ਚੰਡੌਕ, ਹਰਸ਼ਪਾਲ ਸਿੰਘ ਵਾਲੀਆ, ਯੋਗੇਸ਼ ਟੰਡਨ, ਜਗਤਾਰ ਸਿੰਘ ਤਾਰੀ, ਦਵਿੰਦਰਪਾਲ ਸਿੰਘ ਮਿੱਕੀ, ਇਤਵਿੰਦਰ ਸਿੰਘ ਹਨੀ ਲੂਥਰਾ, ਭਵਨਪੁਨੀਤ ਸਿੰਘ, ਸਿਮਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ ਪਾਲੀ, ਸੁਖਵਿੰਦਰ ਸਿੰਘ ਗਾਗੂ ਤੇ ਰਜਤ ਜਿੰਦਲ ਸਮੇਤ ਹੋਰ ਵੀ ਮੌਜੂਦ ਸਨ।