ਪਟਿਆਲਾ, 1 ਸਤੰਬਰ 2023: ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajit Pal Singh Kohli) ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਜਾਰੀ ਕੀਤੇ 57 ਕਰੋੜ ਰੁਪਏ ਦੇ ਨਾਲ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਅਦਿੱਤਿਆ ਉਪਲ, ਸੰਯੁਕਤ ਕਮਿਸ਼ਨਰ ਮਨੀਸ਼ਾ ਰਾਣਾ ਤੇ ਜਸ਼ਨਪ੍ਰੀਤ ਕੌਰ ਗਿੱਲ ਸਮੇਤ ਹੋਰ ਅਧਿਕਾਰੀਆਂ ਨਾਲ ਬੈਠਕ ਕਰਕੇ ਪਟਿਆਲਾ ਸ਼ਹਿਰੀ ਹਲਕੇ ਅੰਦਰ ਕਰਵਾਏ ਜਾਣ ਵਾਲੇ ਕੰਮਾਂ ਵਿੱਚ ਤੇਜੀ ਲਿਆਉਣ ਦੇ ਆਦੇਸ਼ ਜਾਰੀ ਕੀਤੇ।
ਇਸ ਦੌਰਾਨ ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਗ਼ੈਰ-ਯੋਜਨਾਬੱਧ ਤਰੀਕੇ ਨਾਲ ਕੀਤੇ ਗਏ ਕੰਮ ਸ਼ਹਿਰ ਦੇ ਲੋਕਾਂ ਲਈ ਸਮੱਸਿਆ ਦਾ ਕਾਰਨ ਬਣ ਗਏ ਹਨ, ਜਿਸ ਕਰਕੇ ਲੋਕਾਂ ਉਪਰ ਹੁਕਮ ਚਲਾਉਣ ਵਾਲੇ ਪੁਰਾਣੇ ਹਾਕਮਾਂ ਨੂੰ ਲੋਕਾਂ ਨੇ ਘਰ ਬਿਠਾਅ ਦਿੱਤਾ ਹੈ। ਉਨ੍ਹਾਂ ਨੇ ਕਿਹਾ ਮਾੜੀ ਯੋਜਨਾਬੰਦੀ ਕਰਕੇ ਹੀ ਛੋਟੀ ਨਦੀ ਤੇ ਵੱਡੀ ਨਦੀ ਦੇ ਪ੍ਰਾਜੈਕਟ ਸਿਰੇ ਨਹੀਂ ਲੱਗ ਸਕੇ ਜਦਕਿ ਹੈਰੀਟੇਜ ਸਟਰੀਟ ਲਈ ਆਇਆ 90 ਲੱਖ ਰੁਪਏ ਦਾ ਕੋਬਲਰ ਸਟੋਨ ਅਜੇ ਵੀ ਠੇਕੇਦਾਰ ਕੋਲ ਪਿਆ ਹੈ ਅਤੇ ਇੱਥੇ ਲੱਗਿਆ ਪੱਥਰ ਲੋਕਾਂ ਨੂੰ ਰਾਸ ਨਾ ਆਉਣ ਕਰਕੇ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼ਹਿਰ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਦਾ ਰਸਤਾ ਲੱਭਿਆ ਜਾ ਰਿਹਾ ਹੈ।
ਸ਼ਹਿਰ ਵਿੱਚ ਨਵੀਂ ਅਤਿ-ਆਧੁਨਿਕ ਫੂਡ ਸਟਰੀਟ ਬਣਾਉਣ ਦੀ ਲੋੜ ‘ਤੇ ਜੋਰ ਦਿੰਦਿਆਂ ਐਮ.ਐਲ.ਏ. ਕੋਹਲੀ ਨੇ ਕਿਹਾ ਕਿ ਇਸ ਸੰਦਰਭ ‘ਚ ਵੀ ਕੰਮ ਜਾਰੀ ਹੈ ਅਤੇ ਲੋਕਾਂ ਨੂੰ ਜਲਦ ਇਸ ਬਾਰੇ ਵੀ ਖੁਸ਼ਖ਼ਬਰੀ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਮਹਾਰਾਜਾ ਅਗਰਸੈਨ ਚੌਂਕ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਅਤੇ ਜਲਦੀ ਹੀ ਦੋ ਨਵੇਂ ਚੌਂਕ ਹੋਰ ਬਣਾਏ ਜਾਣਗੇ, ਜਦਕਿ ਸ਼ਹਿਰ ਦੀਆਂ ਸੜਕਾਂ ਨੂੰ ਹਾਦਸਾ ਮੁਕਤ ਬਣਾਉਣ ਲਈ ਡਿਵਾਇਡਰ ਵੀ ਬਣਾਏ ਜਾਣਗੇ ਤੇ ਲੋਅਰ ਮਾਲ ‘ਤੇ ਨਵੀਂਆਂ ਲਾਇਟਾਂ ਲਗਣਗੀਆਂ। ਨਵੀਆਂ ਪਾਰਕਾਂ ਬਣਾਉਣ ਦਾ ਜ਼ਿਕਰ ਕਰਦਿਆਂ ਵਿਧਾਇਕ ਕੋਹਲੀ ਨੇ ਦੱਸਿਆ ਕਿ ਵੱਡਾ ਅਰਾਈ ਮਾਜਰਾ, ਵਿਕਾਸ ਕਲੋਨੀ, 21 ਤੋਂ 22 ਨੰਬਰ ਫਾਟਕ ਤੱਕ ਰੇਲ ਮਾਰਗ ਦੇ ਨਾਲ-ਨਾਲ ਲੱਗਦੇ ਪਾਰਕ ਨਵੇਂ ਬਣਨਗੇ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajit Pal Singh Kohli) ਨੇ ਹੋਰ ਕਿਹਾ ਕਿ ਸ਼ਹਿਰ ਵਿੱਚ ਬੇਕਾਰ ਪਈਆਂ ਨਗਰ ਨਿਗਮ ਦੀਆਂ ਥਾਵਾਂ ਵਿੱਚ 20 ਨਵੇਂ ਟੁਆਇਲਟ ਬਲਾਕ ਬਣਾਏ ਜਾਣਗੇ। ਨਿਗਮ ਦੇ ਪੁਰਾਣੇ ਕਿਰਾਏਦਾਰਾਂ ਦੀ ਸਹੂਲਤ ਲਈ ਰਜਿਸਟਰੀਆਂ ਖੋਲ੍ਹੀਆਂ ਜਾਣਗੀਆਂ। ਨਵੀਆਂ ਧਰਮਸ਼ਾਲਾਵਾਂ ਉਸਾਰੀਆਂ ਜਾਣਗੀਆਂ, ਜਿਨ੍ਹਾਂ ‘ਚ ਮਹਾਸ਼ਿਆ ਧਰਮਸ਼ਾਲਾ, ਮੋਤੀ ਰਾਮ ਮਹਿਰਾ, ਖੁਖਰੈਣ ਬਿਰਾਦਰੀ ਆਦਿ ਸ਼ਾਮਲ ਹਨ ਅਤੇ ਮੁਸਲਿਮ ਧਰਮਸ਼ਾਲਾ ਦਾ ਕੰਮ ਜਾਰੀ ਹੈ। ਉਨ੍ਹਾਂ ਦੱਸਿਆ ਅਬਲੋਵਾਲ ਸਥਿਤ ਡੇਅਰੀ ਪ੍ਰਾਜੈਕਟ ਵੀ ਬਹੁਤ ਜਲਦ ਸਿਰੇ ਚੜ੍ਹ ਜਾਵੇਗਾ, ਜਿੱਥੇ ਇੱਕ ਛੱਤ ਹੇਠਾਂ ਡੇਅਰੀ ਮਾਲਕਾਂ ਨੂੰ ਸਾਰੀਆਂ ਸਹੂਲਤਾਂ ਉਪਲਬੱਧ ਹੋਣਗੀਆਂ।
ਅਜੀਤਪਾਲ ਸਿੰਘ ਕੋਹਲੀ ਨੇ ਅੱਗੇ ਦੱਸਿਆ ਕਿ ਧਾਮੋਮਾਜਰਾ ਵਿਖੇ 2.33 ਕਰੋੜ ਰੁਪਏ ਦੇ ਵਿਕਾਸ ਕੰਮ ਕਰਵਾਏ ਜਾ ਰਹੇ ਹਨ, ਇੱਥੇ ਸੀਵਰੇਜ, ਜਲ ਸਪਲਾਈ, ਸੜਕਾਂ, ਲਾਇਟਾਂ ਦੇ ਕੰਮ ਹੋਣਗੇ। ਉਨ੍ਹਾਂ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਰਾਜ ਪੱਧਰੀ ਸਮਾਗਮ ਤੋਂ ਪਹਿਲਾਂ ਨਗਰ ਨਿਗਮ ਕਮਿਸ਼ਨਰ ਅਦਿੱਤਆ ਉਪਲ ਤੇ ਉਨ੍ਹਾਂ ਦੀ ਟੀਮ ਨੇ ਸ਼ਹਿਰ ਨੂੰ ਸਜਾਉਣ, ਚੌਂਕਾਂ ਵਿੱਚ ਆਈ ਲਵ ਪਟਿਆਲਾ ਦੇ ਸਾਈਨੇਜ਼ ਲਗਾਉਣ ਦਾ ਬਹੁਤ ਵਧੀਆ ਕੰਮ ਕੀਤਾ ਹੈ। ਸ਼ਹਿਰ ਵਿੱਚ ਲੱਗੀਆਂ ਸਜਾਵਟੀ ਐਲ.ਈ.ਡੀ. ਲਾਇਟਾਂ ਸ਼ਹਿਰ ਦੀ ਖ਼ੂਬਸੂਰਤੀ ਨੂੰ ਚਾਰ ਚੰਨ ਲਾਉਣ ਲਈ ਪੱਕੇ ਤੌਰ ‘ਤੇ ਹੀ ਲਗਵਾ ਦਿੱਤੀਆਂ ਗਈਆਂ ਹਨ।
ਵਿਧਾਇਕ ਕੋਹਲੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪਟਿਆਲਾ ਸ਼ਹਿਰ ਦੇ ਵਿਕਾਸ ਲਈ ਫੰਡਾਂ ਦੇ ਖੁੱਲ੍ਹੇ ਗੱਫ਼ੇ ਦਿੱਤ ਹਨ, ਜਿਸ ਲਈ ਪਾਰਦਰਸ਼ੀ ਤੇ ਭ੍ਰਿਸ਼ਟਾਚਾਰ ਰਹਿਤ ਢੰਗ ਨਾਲ ਸਮੁੱਚੇ ਵਿਕਾਸ ਕਾਰਜ ਜੰਗੀ ਪੱਧਰ ‘ਤੇ ਨੇਪਰੇ ਚੜ੍ਹਾਏ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਉਨ੍ਹਾਂ ਨੂੰ ਤਾਕਤ ਦਿੱਤੀ ਅਤੇ ਉਹ ਇਸ ਸ਼ਕਤੀ ਨੂੰ ਲੋਕਾਂ ਦੀ ਸੇਵਾ ਲਈ ਹੀ ਲਗਾ ਰਹੇ ਹਨ।
ਕੋਹਲੀ ਨੇ ਕਿਹਾ ਕਿ ਉਹ ਹਰ ਵੇਲੇ ਆਪਣੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ ਅਤੇ ਲੋਕਾਂ ਨੂੰ ਵੀ ਅਪੀਲ ਕਰਦੇ ਹਨ ਕਿ ਉਹ ਸਰਕਾਰ ਦੇ ਅੱਖਾਂ ਤੇ ਕੰਨ ਬਣਕੇ ਸ਼ਹਿਰ ਵਿਖੇ ਕਰਵਾਏ ਜਾਣ ਵਾਲੇ ਵਿਕਾਸ ਕਾਰਜਾਂ ਉਪਰ ਨਿਗਰਾਨੀ ਰੱਖਣ ਅਤੇ ਆਪਣੀ ਭਾਗੀਦਾਰੀ ਨਾਲ ਇਨ੍ਹਾਂ ਕੰਮਾਂ ਨੂੰ ਮੁਕੰਮਲ ਕਰਵਾਉਣ। ਵਿਧਾਇਕ ਵਲੋਂ ਕੀਤੀ ਮੀਟਿੰਗ ਮੌਕੇ ਨਗਰ ਨਿਗਮ ਦੇ ਐਸ.ਈ. ਸ਼ਾਮ ਲਾਲ, ਹਰਕਿਰਨ ਸਿੰਘ ਤੇ ਗੁਰਜੀਤ ਸਿੰਘ ਵਾਲੀਆ ਸਮੇਤ ਸਾਰੀਆਂ ਬਰਾਂਚਾਂ ਦੇ ਅਧਿਕਾਰੀ ਹਾਜਰ ਸਨ।