MLA Ajit pal Singh Kohli

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੇ ਡਿਪਟੀ ਕਮਿਸ਼ਨਰ ਵੱਲੋਂ ਓਲਡ ਬੱਸ ਸਟੈਂਡ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨਾਲ ਬੈਠਕ

ਪਟਿਆਲਾ, 6 ਸਤੰਬਰ 2023: ਵਿਧਾਇਕ ਅਜੀਤਪਾਲ ਸਿੰਘ ਕੋਹਲੀ (MLA Ajit pal Singh Kohli) ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਨੇੜਲੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਦੀ ਜੱਥੇਬੰਦੀ ਓਲਡ ਬੱਸ ਸਟੈਂਡ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ ਵਟਾਂਦਰਾ ਕੀਤਾ।

ਵਿਧਾਇਕ ਕੋਹਲੀ ਦੀ ਪਹਿਲਕਦਮੀ ‘ਤੇ ਸੁਖਾਂਵੇਂ ਮਾਹੌਲ ਵਿੱਚ ਹੋਈ ਇਸ ਮੀਟਿੰਗ ਦੌਰਾਨ ਓਲਡ ਬੱਸ ਸਟੈਂਡ ਸ਼ਾਪ ਕੀਪਰਸ ਐਸੋਸੀਏਸ਼ਨ ਦੇ ਕਨਵੀਨਰ ਗੁਰਪਾਲ ਸਿੰਘ ਲਾਲੀ, ਸ਼ੇਰ ਸਿੰਘ ਮਾਨ, ਬਿੱਟੂ ਕੁਮਾਰ, ਜਤਿੰਦਰ ਕੁਮਾਰ ਜਿੰਮੀ, ਸੰਜੂ ਬਾਵਾ, ਪ੍ਰੇਮ ਕੁਮਾਰ, ਓਮ ਪ੍ਰਕਾਸ਼ ਸਿੰਗਲਾ, ਸੰਦੀਪ ਗਰਗ, ਨਵੀਨ ਚੁੱਘ ਆਦਿ ਨੁਮਾਇੰਦੇ ਹਾਜਰ ਸਨ, ਜਿਨ੍ਹਾਂ ਨੇ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਦਾ ਜਿਕਰ ਕੀਤਾ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਇਨ੍ਹਾਂ ਦੀਆਂ ਮੰਗਾਂ ਨੂੰ ਗੌਰ ਨਾਲ ਸੁਣਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਹੀ ਇਹ ਐਲਾਨ ਕਰ ਚੁੱਕੇ ਹਨ ਕਿ ਪਟਿਆਲਾ ਦੇ ਪੁਰਾਣੇ ਬੱਸ ਅੱਡੇ ਕੰਪਲੈਕਸ ਨੂੰ ਬੱਸ ਅੱਡੇ ਦੀ ਥਾਂ ਕਿਸੇ ਹੋਰ ਮੰਤਵ ਲਈ ਨਹੀਂ ਵਰਤਿਆ ਜਾਵੇਗਾ ਅਤੇ ਇੱਥੇ ਸ਼ੱਟਲ ਬੱਸ ਸਰਵਿਸ ਚਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪੀ.ਆਰ.ਟੀ.ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨਾਲ ਵੀ ਰਾਬਤਾ ਕੀਤਾ ਗਿਆ ਹੈ ਅਤੇ ਉਹ ਵੀ ਚਾਹੁੰਦੇ ਹਨ ਕਿ ਪੁਰਾਣੇ ਬੱਸ ਅੱਡੇ ਨੂੰ ਜਲਦੀ ਚਲਾਇਆ ਜਾ ਸਕੇ।

ਵਿਧਾਇਕ ਕੋਹਲੀ (MLA Ajit pal Singh Kohli) ਨੇ ਦੱਸਿਆ ਕਿ ਪੀਆਰਟੀਸੀ ਨੂੰ ਅਗਲੇ 10 ਦਿਨਾਂ ਦੇ ਅੰਦਰ-ਅੰਦਰ ਪੁਰਾਣੇ ਬੱਸ ਅੱਡੇ ਨੂੰ ਨੇੜਲੇ ਰੂਟਾਂ ਦੀਆਂ ਬੱਸਾਂ ਨਾਲ ਚਲਾਉਣ ਲਈ ਇੱਕ ਤਜਵੀਜ ਤਿਆਰ ਕਰਨ ਲਈ ਆਖ ਦਿੱਤਾ ਗਿਆ ਹੈ, ਤਾਂ ਕਿ ਇੱਥੇ ਮੁੜ ਤੋਂ ਸਵਾਰੀਆਂ ਆਉਣ ਲੱਗਣ ਜਿਸ ਨਾਲ ਨੇੜਲੇ ਦੁਕਾਨਦਾਰਾਂ ਦਾ ਕਾਰੋਬਾਰ ਚੱਲ ਸਕੇ। ਕੋਹਲੀ ਨੇ ਭਰੋਸਾ ਦਿੱਤਾ ਕਿ ਉਹ ਖ਼ੁਦ ਅਤੇ ਡਿਪਟੀ ਕਮਿਸ਼ਨਰ ਪਟਿਆਲਾ, ਸਕੱਤਰ ਟਰਾਂਸਪੋਰਟ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕ ਪਹੁੰਚ ਕਰਕੇ ਇੱਥੋਂ ਦੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਨੂੰ ਦਰਪੇਸ਼ ਸਮੱਸਿਆ ਦਾ ਨਿਪਟਾਰਾ ਜਰੂਰ ਕਰਵਾਉਣਗੇ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਮੀਟਿੰਗ ਦੌਰਾਨ ਪੀ.ਆਰ.ਟੀ.ਸੀ. ਨੂੰ ਆਉਂਦੇ 10 ਦਿਨਾਂ ਦੇ ਅੰਦਰ-ਅੰਦਰ ਇਸ ਮਸਲੇ ਦਾ ਢੁਕਵਾਂ ਹੱਲ ਲੱਭਣ ਲਈ ਕਿਹਾ ਹੈ ਅਤੇ ਪੀ.ਆਰ.ਟੀ.ਸੀ. ਵੱਲੋਂ ਬਣਾਈ ਜਾਣ ਵਾਲੀ ਤਜਵੀਜ ਦਾ ਸਰਕਾਰੀ ਪੱਧਰ ‘ਤੇ ਪੈਰਵਾਈ ਕਰਨਗੇ।

ਇਸ ਸੰਘਰਸ਼ ਕਮੇਟੀ ਦੇ ਨੁਮਾਇੰਦਿਆਂ ਨੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੂੰ ਦੱਸਿਆ ਕਿ ਉਨ੍ਹਾਂ ਦੇ ਕਾਰੋਬਾਰ ਤੇ ਦੁਕਾਨਾਂ ਬੱਸ ਅੱਡਾ ਨਵਾਂ ਬਣਨ ਕਰਕੇ ਸਵਾਰੀਆਂ ਤੇ ਗਾਹਕ ਪੁਰਾਣੇ ਬੱਸ ਅੱਡੇ ਵਿਖੇ ਨਾ ਆਉਣ ਕਰਕੇ ਨਾਲ ਪ੍ਰਭਾਵਿਤ ਹੋਏ ਹਨ। ਦੁਕਾਨਦਾਰਾਂ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਅਤੇ ਰੇਹੜੀ ਫੜੀ ਵਾਲਿਆਂ ਦਾ ਕਾਰੋਬਾਰ ਠੱਪ ਹੋਕੇ ਰਹਿ ਗਿਆ ਹੈ, ਜਿਸ ਲਈ ਪੁਰਾਣਾ ਬੱਸ ਅੱਡਾ ਲੋਕਲ ਬੱਸਾਂ ਲਈ ਚਲਾਇਆ ਜਾਵੇ। ਮੀਟਿੰਗ ਮੌਕੇ ਏ.ਡੀ.ਸੀ. (ਸ਼ਹਿਰੀ ਵਿਕਾਸ) ਗੁਰਪ੍ਰੀਤ ਸਿੰਘ ਥਿੰਦ, ਪੀ.ਆਰ.ਟੀ.ਸੀ. ਦੇ ਏ.ਐਮ.ਡੀ. ਚਰਨਜੋਤ ਸਿੰਘ ਵਾਲੀਆ, ਕਾਰਜਕਾਰੀ ਇੰਜੀਨੀਅਰ ਜਤਿੰਦਰ ਸਿੰਘ ਗਰੇਵਾਲ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।

Scroll to Top