ਪ੍ਰਡਿਊਸਰ (The Unmute)
ਅਮਨਪ੍ਰੀਤ ਕੌਰ ਪਨੂੰ
(Mission Raniganj) ਬੀਤੇ ਬੁਧਵਾਰ ਨੂੰ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਆਪਣੀ 6 ਅਕਤੂਬਰ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ਮਿਸ਼ਨ ਰਾਣੀਗੰਜ: The Great Bharat Rescue ਦਾ ਟੀਜ਼ਰ ਜਾਰੀ ਕੀਤਾ। ਹਾਲਾਂਕਿ ਇਸ ਤੋਂ ਪਹਿਲਾਂ ਫ਼ਿਲਮ ਦਾ ਨਾਮ ਮਿਸ਼ਨ ਰਾਣੀਗੰਜ: The Great Indian Rescue ਰੱਖਿਆ ਗਿਆ ਸੀ। ਪਰ ਬਾਅਦ ਵਿੱਚ ਇੰਡੀਆ ਤੇ ਭਾਰਤ ਦੀ ਚੱਲ ਰਹੀ ਬਹਿਸ ਵਿਚਾਲੇ ਫ਼ਿਲਮ ਦੇ ਨਾਮ ‘ਚ ਵੀ ਇੰਡੀਅਨ ਦੀ ਥਾਂ ਭਾਰਤ ਕਰ ਦਿੱਤਾ ਗਿਆ। ਪਰ ਉਹ ਸ਼ਖਸ ਕੌਣ ਹੈ ਜਿਨ੍ਹਾਂ ‘ਤੇ ਇਹ ਫ਼ਿਲਮ ਬਣ ਰਹੀ ਹੈ।
ਕੈਪਸੂਲ ਗਿੱਲ ਦੇ ਨਾਮ ਨਾਲ ਜਾਣੇ ਜਾਣ ਵਾਲੇ ਜਸਵੰਤ ਸਿੰਘ ਗਿੱਲ, ਜਨਮ 22 ਨਵੰਬਰ 1939 ‘ਚ ਹੋਇਆ ਤੇ ਉਹ ਅੰਮ੍ਰਿਤਸਰ ਦੇ ਸਠਿਆਲਾ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਇੰਡੀਅਨ ਸਕੂਲ ਆਫ਼ ਮਾਈਨਜ਼, ਧਨਬਾਦ ਵਿੱਚ ਪੜ੍ਹਾਈ ਕੀਤੀ ਸੀ ਅਤੇ 1989 ਦੇ ਇਸ ਹਾਦਸੇ ਸਮੇਂ ਉਹ ਜਨਰਲ ਮੈਨੇਜਰ ਵਜੋਂ ਕੰਮ ਕਰ ਰਹੇ ਸੀ।
(Mission Raniganj) ਮਿਸ਼ਨ ਰਾਣੀਗੰਜ ਕੀ ਸੀ ?
ਜਿਸ ਮਗਰੋਂ ਜਸਵੰਤ ਸਿੰਘ ਗਿੱਲ ਨੂੰ ਕੈਪਸੂਲ ਗਿੱਲ ਕਿਹਾ ਜਾਣ ਲੱਗਿਆ। 13 ਨਵੰਬਰ 1989 ਨੂੰ ਪੱਛਮੀ ਬੰਗਾਲ ਦੇ ਰਾਣੀਗੰਜ ਦੀ ਮਹਾਬੀਰ ਕੋਲਾਨੀ ਖਾਨ ‘ਚ ਕੋਲੇ ਦੀ ਖ਼ਾਨ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ ਸੀ। ਜਿਸ ਵਿੱਚ 65 ਮਜ਼ਦੂਰਾਂ ਦੇ ਫਸੇ ਹੋਣ ਦੀ ਖ਼ਬਰ ਆਈ। 6 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਸੀ। ਹਰ ਪਾਸੇ ਭਾਜੜਾਂ ਪੈ ਗਈਆਂ ਸਨ।
ਉਸ ਸਮੇਂ ਇੱਕ ਰੀਅਲ ਲਾਈਫ ਹੀਰੋ ਬਣਕੇ ਆਏ ਪੰਜਾਬੀ ਇੰਜੀਨਿਅਰ ਜਸਵੰਤ ਸਿੰਘ ਗਿੱਲ। ਜੋ ਇਸ ਸਥਿਤੀ ਵਿੱਚ ਇੱਕ ਖ਼ਾਸ ਸਟੀਲ ਕੈਪਸੂਲ ਰਾਹੀਂ ਖ਼ਾਨ ਅੰਦਰ ਗਏ ਅਤੇ 65 ਮਜ਼ਦੂਰਾਂ ਨੂੰ ਬਾਹਰ ਕੱਢਿਆ। ਇਸ ਤੋਂ ਹੀ ਉਨ੍ਹਾਂ ਦਾ ਨਾਮ ਪੈ ਗਿਆ ਕੈਪਸੂਲ ਗਿੱਲ। ਉਨ੍ਹਾਂ ਨੂੰ 1991 ‘ਚ ਰਾਸ਼ਟਰਪਤੀ ਵੱਲੋਂ ਸਰਵਉੱਚ ਜੀਵਨ ਰੱਖਿਆ ਪਦਕ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਗਿਆ।
ਜਸਵੰਤ ਸਿੰਘ ਗਿੱਲ ਹੁਣ ਨਹੀਂ ਰਹੇ ਪਰ ਉਨ੍ਹਾਂ ਦੇ ਪੁੱਤਰ ਸਰਪ੍ਰੀਤ ਸਿੰਘ ਗਿੱਲ ਨੇ BBC ਨਾਲ ਹਾਦਸੇ ਵਾਲੇ ਦਿਨ ਦੀ ਜਾਣਕਾਰੀ ਸਾਂਝੀ ਕੀਤੀ |
13 ਨਵੰਬਰ 1989 ਦੀ ਸਵੇਰ ਨੂੰ ਜਦੋਂ ਜਸਵੰਤ ਸਿੰਘ ਗਿੱਲ ਨੂੰ ਹਾਦਸੇ ਬਾਰੇ ਪਤਾ ਲੱਗਾ ਤਾਂ ਉਹ ਖਾਨ ਵੱਲ ਚਲੇ ਗਏ ਹਾਲਾਂਕਿ ਉਸ ਖਾਨ ਵਿੱਚ ਉਹ ਕੰਮ ਨਹੀਂ ਕਰਦੇ ਸੀ। ਖਾਨ ਦੇ ਨੇੜੇ ਦੀ ਨਦੀ ਵਿੱਚੋਂ ਪਾਣੀ ਇਕੱਠਾ ਹੋਣਾ ਸ਼ੁਰੂ ਹੋ ਗਿਆ। ਅਗਲੀ ਪਰਤ 330 ਫੁੱਟ ‘ਤੇ ਸੀ ਜਿੱਥੇ ਕਰਮਚਾਰੀ ਕੰਮ ਕਰ ਰਹੇ ਸੀ। ਉੱਥੇ ਇੱਕ ਥੰਮ੍ਹ ਸੀ ਜਿੱਥੇ ਬਲਾਸਟ ਨਹੀਂ ਕਰਨਾ ਸੀ ਪਰ ਕਿਸੇ ਨੇ ਗ਼ਲਤੀ ਨਾਲ ਬਲਾਸਟ ਕਰ ਦਿੱਤਾ ਤੇ ਧਮਾਕੇ ਤੋਂ ਬਾਅਦ ਪਿੱਲਰ ਡਿੱਗ ਗਿਆ ਅਤੇ ਕਿਸੇ ਵੱਡੇ ਝਰਨੇ ਵਾਂਗ ਸਾਰਾ ਪਾਣੀ ਖਾਨ ਵਿੱਚ ਆ ਗਿਆ।
71 ਮਾਈਨਰਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ। ਪੰਪ ਲਗਾ ਕੇ ਖਾਣ ਵਿੱਚੋਂ ਪਾਣੀ ਕੱਢਣ ਤੇ ਦੂਜੇ ਪਾਸੇ ਚਮੜੇ ਦੀ ਮਜ਼ਬੂਤ ਬੈਲਟ ਟੰਗੀ ਹੋਈ ਸੀ ਤਾਂ ਜੋ ਬਚਾਅ ਟੀਮ ਅੰਦਰ ਜਾ ਕੇ ਲੋਕਾਂ ਨੂੰ ਬਾਹਰ ਕੱਢ ਸਕੇ। ਪਰ ਪਾਣੀ ਦਾ ਦਬਾਅ ਇੰਨਾ ਜ਼ਿਆਦਾ ਸੀ ਕਿ ਬੈਲਟ ਦੇ ਟੁਕੜੇ ਹੋ ਗਏ। ਜਦੋਂ ਜਸਵੰਤ ਸਿੰਘ ਉੱਥੇ ਪਹੁੰਚੇ ਤਾਂ ਉਨ੍ਹਾਂ ਨੇ ਸੁਝਾਅ ਦਿੱਤਾ ਕਿ ਇੱਕ ਨਵਾਂ ਬੋਰ ਡ੍ਰਿੱਲ ਕੀਤਾ ਜਾਵੇ।ਨਾਲ ਹੀ ਉਨ੍ਹਾਂ ਸਟੀਲ ਦਾ ਇੱਕ ਕੈਪਸੂਲ ਬਣਾਉਣ ਲਈ ਕਿਹਾ, ਜਿਸ ਨੂੰ ਖਾਨ ਵਿੱਚ ਸੁੱਟ ਕੇ ਇੱਕ-ਇੱਕ ਕਰਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਸਕੇ।
ਹੁਣ ਬੋਰ ਤੇ ਕੈਪਸੂਲ ਨੂੰ ਲੈ ਕੇ ਕਈ ਮੁਸ਼ਕਿਲਾਂ ਆਈਆਂ ਪਰ ਸਰਪ੍ਰੀਤ ਸਿੰਘ ਨੇ ਅੱਗੇ BBC ਨੂੰ ਦੱਸਿਆ ਕਿ, “ਇਹ ਸਭ ਕਰਦੇ ਹੋਏ 13 ਤੋਂ 15 ਨਵੰਬਰ ਦੀ ਰਾਤ ਬੀਤ ਗਈ ਤੇ ਫਿਰ ਜਸਵੰਤ ਸਿੰਘ ਨੇ ਖੁਦ ਖਾਨ ਵਿੱਚ ਜਾਣ ਦਾ ਫ਼ੈਸਲਾ ਲਿਆ।” ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਜਾਨ ‘ਤੇ ਖੇਡ ਕੇ 65 ਮਜ਼ਦੂਰਾਂ ਨੂੰ ਖਾਨ ‘ਚੋਂ ਬਾਹਰ ਕੱਢਣ ਦੀ ਜ਼ਿੰਮੇਵਾਰੀ ਲਈ। ਜਦੋਂ ਉਹ ਅਖੀਰ ‘ਚ ਖੁਦ ਬਾਹਰ ਆਏ ਤਾਂ ਲੋਕ ਵੱਡੀ ਗਿਣਤੀ ‘ਚ ਇਕੱਠੇ ਹੋਏ ਸਨ। ਸਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ, “ਉਨ੍ਹਾਂ ਦੇ ਪਿਤਾ ਕਹਿੰਦੇ ਸਨ ਕਿ ਉੱਥੇ ਸਿਰਫ ਬੰਗਾਲੀ ਲੋਕ ਸੀ ਪਰ ਉਹ ਸਭ ਬੋਲੇ ਸੋ ਨਿਹਾਲ ਦੇ ਨਾਅਰੇ ਲਾ ਰਹੇ ਸੀ ਤੇ ਕਈ ਤਾਂ ਗਿੱਲ ਨਾਂ ਦੇ ਨਾਅਰੇ ਲਾ ਰਹੇ ਸੀ। ਮਜ਼ਦੂਰਾਂ ਦੇ ਪਰਿਵਾਰ ਅੱਗੇ ਵੱਧ ਕੇ ਜਸਵੰਤ ਸਿੰਘ ਗਿੱਲ ਦੇ ਪੈਰੀਂ ਹੱਥ ਲਾ ਰਹੇ ਸੀ।”
ਤਾਂ ਹੁਣ ਇਸ ਬਹਾਦਰ ਇੰਜੀਨੀਅਰ ਜਸਵੰਤ ਸਿੰਘ ਗਿੱਲ ਦੀ ਜ਼ਿੰਦਗੀ ‘ਤੇ ਅਧਾਰਿਤ ਫ਼ਿਲਮ ਆਉਣ ਜਾ ਰਹੀ ਹੈ। ਇਹ ਫ਼ਿਲਮ 6 ਅਕਤੂਬਰ 2023 ਨੂੰ ਰਿਲੀਜ਼ ਹੋਵੇਗੀ। ਇਸ ਦੇ ਨਿਰਦੇਸ਼ਕ ਹਨ ਟੀਨੂੰ ਦੇਸਾਈ ਤੇ ਇਸ ‘ਚ ਅਕਸ਼ੈ ਕੁਮਾਰ ਜਸਵੰਤ ਸਿੰਘ ਗਿੱਲ ਦਾ ਕਿਰਦਾਰ ਨਿਭਾ ਰਹੇ ਹਨ। ਜਦੋਂ ਜਸਵੰਤ ਸਿੰਘ ਗਿੱਲ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਜ਼ਿੰਦਗੀ ‘ਤੇ ਫ਼ਿਲਮ ਬਣ ਰਹੀ ਹੈ ਤਾਂ ਉਨ੍ਹਾਂ ਕਿਹਾ ਕਿ, “ਜੇ ਇੱਦਾਂ ਹੋਇਆ ਤਾਂ ਸਮਝੋ ਮੇਰੀ ਜ਼ਿੰਦਗੀ ਸਫ਼ਲ ਹੋ ਗਈ।”