July 2, 2024 10:07 pm
Kyiv

ਕੀਵ ਦੀ ਰਿਹਾਇਸ਼ੀ ਇਮਾਰਤਾਂ ‘ਤੇ ਮਿਜ਼ਾਈਲ ਹਮਲਾ, ਯੂਕਰੇਨ ਦੇ ਰਾਸ਼ਟਰਪਤੀ ਦਾ ਦਾਅਵਾ- 110 ਮਿਜ਼ਾਈਲਾਂ ਦਾਗੀਆਂ

ਚੰਡੀਗੜ੍ਹ, 29 ਦਸੰਬਰ 2023: ਰੂਸ ਅਤੇ ਯੂਕਰੇਨ ਵਿਚਾਲੇ ਡੇਢ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਭਿਆਨਕ ਯੁੱਧ ਚੱਲ ਰਿਹਾ ਹੈ। ਇਸ ਦੌਰਾਨ ਯੂਕਰੇਨ ਦੇ ਅਧਿਕਾਰੀਆਂ ਦੇ ਮੁਤਾਬਕ ਰੂਸੀ ਫੌਜ ਨੇ ਮਿਜ਼ਾਈਲਾਂ ਨਾਲ ਕੀਵ (Kyiv) ਵਿੱਚ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਹੈ। ਇਸ ‘ਚ 12 ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ ਦਰਜਨਾਂ ਨਾਗਰਿਕ ਜ਼ਖਮੀ ਹੋ ਗਏ। ਸ਼ਹਿਰ ਦੇ ਫੌਜੀ ਪ੍ਰਸ਼ਾਸਨ ਨੇ ਦੱਸਿਆ ਕਿ ਰਾਜਧਾਨੀ ‘ਚ ਮਲਬੇ ਹੇਠਾਂ 10 ਜਣੇ ਦਬੇ ਹੋਏ ਹਨ। ਇਸ ਦੇ ਨਾਲ ਹੀ ਰਾਜਪਾਲ ਨੇ ਕਿਹਾ ਕਿ ਡਨੀਪਰੋ ਸ਼ਹਿਰ ‘ਚ ਇਕ ਮੈਟਰਨਿਟੀ ਵਾਰਡ ਨੂੰ ਨੁਕਸਾਨ ਪਹੁੰਚਿਆ ਪਰ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਕਿਹਾ, “ਰੂਸ ਨੇ ਆਪਣੇ ਹਥਿਆਰਾਂ ਵਿਚ ਮੌਜੂਦ ਹਰ ਚੀਜ਼ ਨਾਲ ਹਮਲਾ ਕੀਤਾ ਹੈ । ਕਰੀਬ 110 ਮਿਜ਼ਾਈਲਾਂ ਦਾਗੀਆਂ ਗਈਆਂ, ਜਿਨ੍ਹਾਂ ‘ਚੋਂ ਜ਼ਿਆਦਾਤਰ ਨੂੰ ਡੇਗ ਦਿੱਤਾ ਗਿਆ।

ਹਵਾਈ ਸੈਨਾ ਦੇ ਕਮਾਂਡਰ ਮਾਈਕੋਲ ਨੇ ਇਸ ਨੂੰ 2022 ਵਿਚ ਰੂਸ ਦੇ ਹਮਲੇ ਤੋਂ ਬਾਅਦ ਦਾ ਸਭ ਤੋਂ ਵੱਡਾ ਹਵਾਈ ਹਮਲਾ ਦੱਸਿਆ। ਫੌਜ ਮੁਖੀ ਜਨਰਲ ਵਲੇਰੀ ਜਾਲੁਝਨੀ ਨੇ ਕਿਹਾ ਕਿ ਹਮਲੇ ‘ਚ ਮਹੱਤਵਪੂਰਨ ਬੁਨਿਆਦੀ ਢਾਂਚੇ, ਉਦਯੋਗਿਕ ਅਤੇ ਫੌਜੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਰੂਸ ਵੱਲੋਂ ਫਿਲਹਾਲ ਕੋਈ ਟਿੱਪਣੀ ਨਹੀਂ ਕੀਤੀ ਗਈ।