July 4, 2024 10:54 pm
Khanna

ਖੰਨਾ ‘ਚ ਸ਼ਰਾਰਤੀ ਅਨਸਰਾਂ ਨੇ ਆਵਾਰਾ ਕੁੱਤਿਆਂ ਨੂੰ ਦਿੱਤਾ ਲੱਡੂ ‘ਚ ਜ਼ਹਿਰ, 20 ਤੋਂ ਵੱਧ ਮੌਤਾਂ

ਚੰਡੀਗੜ੍ਹ ,19 ਮਈ 2023: ਖੰਨਾ (Khanna) ਦੇ ਲਲਹੇੜੀ ਰੋਡ ‘ਤੇ ਸਥਿਤ ਕੇਹਰ ਸਿੰਘ ਕਾਲੋਨੀ ‘ਚ ਕੁਝ ਸ਼ਰਾਰਤੀ ਅਨਸਰਾਂ ਨੇ ਆਵਾਰਾ ਕੁੱਤਿਆਂ ਨੂੰ ਲੱਡੂ ਵਿਚ ਜ਼ਹਿਰ ਪਾ ਕੇ ਖੁਆ ਦਿੱਤਾ, ਜਿਸ ਨਾਲ 20 ਤੋਂ ਵੱਧ ਕੁੱਤਿਆਂ ਦੀ ਮੌਤ ਹੋ ਗਈ। ਜਿਵੇਂ ਹੀ ਕੁੱਤੇ ਦੀ ਮੌਤ ਦੀ ਖਬਰ ਫੈਲੀ ਤਾਂ ਲੋਕਾਂ ‘ਚ ਹੜਕੰਪ ਮੱਚ ਗਿਆ। ਇਲਾਕਾ ਵਾਸੀਆਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਇਲਾਕਾ ਨਿਵਾਸੀ ਅਸ਼ੋਕ ਕੁਮਾਰ, ਕਰਮਪਾਲ, ਧੀਰ ਸਿੰਘ, ਕਾਲਾ, ਜੋਗਿੰਦਰ ਸਿੰਘ, ਬੱਬੂ ਅਤੇ ਲਖਵਰ ਸਿੰਘ ਸਮੇਤ ਔਰਤਾਂ ਸਮੇਤ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਕੱਲ੍ਹ ਤੱਕ ਕਰੀਬ 20 ਤੋਂ 25 ਕੁੱਤੇ ਮੁਹੱਲੇ ਵਿੱਚ ਘੁੰਮ ਰਹੇ ਸਨ ਪਰ ਅੱਜ ਅਚਾਨਕ ਇਹ ਸਾਰੇ ਹੀ ਲਾਪਤਾ ਹਨ।

ਉਨ੍ਹਾਂ ਕਿਹਾ ਕਿ ਸ਼ਰਾਰਤੀ ਅਨਸਰਾਂ ਨੇ ਲੱਡੂ ਵਿੱਚ ਜ਼ਹਿਰ ਦੇ ਕੇ ਮਾਰ ਦਿੱਤਾ ਹੈ। ਲੋਕਾਂ ਨੇ ਦੱਸਿਆ ਕਿ ਅੱਜ ਸਵੇਰ ਤੋਂ ਹੀ ਇਲਾਕੇ ਵਿੱਚ ਕਈ ਕੁੱਤੇ ਉਲਟੀਆਂ ਕਰ ਰਹੇ ਸਨ, ਜਿਨ੍ਹਾਂ ਦੀ ਅਚਾਨਕ ਤਬੀਅਤ ਵਿਗੜ ਜਾਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਲੋਕਾਂ ਨੇ ਦੱਸਿਆ ਕਿ ਕੁੱਤਿਆਂ ਨੂੰ ਜ਼ਹਿਰ ਦੇਣ ਅਤੇ ਮਾਰਨ ਦੇ ਮਾਮਲੇ ਵਿੱਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ, ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਨਗਰ ਕੌਂਸਲ ਦੇ ਈਓ ਹਰਪਾਲ ਸਿੰਘ ਵੀ ਟੀਮ ਸਮੇਤ ਜਾਂਚ ਵਿੱਚ ਲੱਗੇ ਹੋਏ ਹਨ।

ਡੀਐਸਪੀ ਟਰੇਨੀ ਐਡੀਸ਼ਨਲ ਐਸਐਚਓ ਮਨਦੀਪ ਕੌਰ ਨੇ ਮੌਕੇ ’ਤੇ ਜਾ ਕੇ ਜਾਂਚ ਕੀਤੀ। ਉਨ੍ਹਾਂ ਦੱਸਿਆ ਕਿ ਪੰਜ ਕੁੱਤਿਆਂ ਦੀਆਂ ਲਾਸ਼ਾਂ ਮਿਲੀਆਂ ਹਨ, ਮਰਨ ਵਾਲੇ ਕੁੱਤਿਆਂ ਦੀ ਗਿਣਤੀ ਦੀ ਜਾਂਚ ਕੀਤੀ ਜਾ ਰਹੀ ਹੈ, ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕਰੀਬ 25 ਕੁੱਤਿਆਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਕੁੱਤਿਆਂ ਨੂੰ ਜ਼ਹਿਰ ਦੇ ਕੇ ਕੌਣ ਮਾਰ ਰਿਹਾ ਹੈ।