ਚੰਡੀਗੜ੍ਹ, 02 ਅਕਤੂਬਰ 2025: ਦੇਰ ਰਾਤ ਚੰਡੀਗੜ੍ਹ ਦੇ ਸੈਕਟਰ 30 ਦੇ ਦੁਸਹਿਰਾ ਗਰਾਊਂਡ ‘ਚ ਸ਼ਰਾਰਤੀ ਅਨਸਰਾਂ ਨੇ ਰਾਵਣ ਦੇ ਪੁਤਲੇ ਨੂੰ ਅੱਗ ਲਗਾ ਦਿੱਤੀ। ਅਚਾਨਕ ਲੱਗੀ ਅੱਗ ਨਾਲ ਦਹਿਸ਼ਤ ਫੈਲ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਇਆ, ਪਰ ਉਦੋਂ ਤੱਕ ਪੁਤਲਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਸੀ। ਪ੍ਰਬੰਧਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੰਜਾਬ ‘ਚ ਕੁਝ ਜ਼ਿਲ੍ਹਿਆਂ ‘ਚ ਤੇਜ਼ ਹਵਾਵਾਂ ਅਤੇ ਮੀਂਹ ਪਿਆ। ਜਲੰਧਰ ‘ਚ ਤੇਜ਼ ਹਵਾਵਾਂ ਕਾਰਨ ਰਾਵਣ ਦੇ ਪੁਤਲੇ ਦੀ ਗਰਦਨ ਟੁੱਟ ਗਈ ਅਤੇ ਲਟਕ ਗਈ। ਹੁਸ਼ਿਆਰਪੁਰ ‘ਚ ਭਾਰੀ ਮੀਂਹ ਕਾਰਨ ਪੁਤਲਾ ਗਿੱਲਾ ਹੋ ਗਿਆ।
ਚੰਡੀਗੜ੍ਹ ਅਤੇ ਮੋਹਾਲੀ ‘ਚ ਕੁੱਲ 50 ਥਾਵਾਂ ‘ਤੇ ਰਾਵਣ ਦਹਿਨ ਦਾ ਸਮਾਗਮ ਕੀਤਾ ਜਾਵੇਗਾ। ਚੰਡੀਗੜ੍ਹ ਦੇ ਸੈਕਟਰ 46 ;ਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ 101 ਫੁੱਟ ਉੱਚੇ ਪੁਤਲੇ ਸਾੜੇ ਜਾਣਗੇ। ਇਸਨੂੰ ਚੰਡੀਗੜ੍ਹ ਦਾ ਸਭ ਤੋਂ ਵੱਡਾ ਪੁਤਲਾ ਮੰਨਿਆ ਜਾਂਦਾ ਹੈ। ਸੂਰਜ ਡੁੱਬਣ ਤੋਂ ਤੁਰੰਤ ਬਾਅਦ ਸਾੜਨ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬਚੰਦ ਕਟਾਰੀਆ ਇੱਥੇ ਮੁੱਖ ਮਹਿਮਾਨ ਹੋਣਗੇ। ਸੈਕਟਰ-17 ‘ਚ ਵੀ ਰਾਵਣ ਦਹਿਨ ਦੇ ਪ੍ਰੋਗਰਾਮ ਕੀਤੇ ਜਾਣਗੇ। ਮੋਹਾਲੀ ਦੇ ਸੈਕਟਰ-79 ‘ਚ ਵੀ 100 ਫੁੱਟ ਉੱਚੇ ਪੁਤਲੇ ਸਾੜੇ ਜਾਣਗੇ।
ਇਸ ਵਾਰ ਸੂਬੇ ਦਾ ਸਭ ਤੋਂ ਵੱਡਾ ਰਾਵਣ ਲੁਧਿਆਣਾ ‘ਚ ਸਾੜਿਆ ਜਾਵੇਗਾ। ਇੱਥੇ ਦਰੇਸੀ ਖੇਤਰ ‘ਚ 121 ਫੁੱਟ ਉੱਚਾ ਰਾਵਣ ਤਿਆਰ ਹੈ। ਜਲੰਧਰ ਅਤੇ ਅੰਮ੍ਰਿਤਸਰ ‘ਚ 120 ਫੁੱਟ ਉੱਚਾ ਰਾਵਣ ਸਾੜੇ ਜਾਣਗੇ। ਇਸ ਤੋਂ ਇਲਾਵਾ ਵੱਖ-ਵੱਖ ਸ਼ਹਿਰਾਂ ‘ਚ 60 ਤੋਂ 100 ਫੁੱਟ ਉੱਚੇ ਪੁਤਲੇ ਸਾੜੇ ਜਾਣਗੇ। ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਚੰਡੀਗੜ੍ਹ-ਮੋਹਾਲੀ ‘ਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ।
Read More: ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਪੰਜਾਬ ਵਾਸੀਆਂ ਨੂੰ ਦੁਸ਼ਹਿਰੇ ਦੀਆਂ ਵਧਾਈਆਂ