Site icon TheUnmute.com

ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਗ਼ੈਰ-ਨਿਰਧਾਰਿਤ ਰੂਟਾਂ ‘ਤੇ ਚਲ ਰਹੀਆਂ ਪੰਜ ਬੱਸਾਂ ਅਤੇ ਤਿੰਨ ਟਿਕਟ ਗ਼ਬਨ ਮਾਮਲੇ ਫੜੇ: ਲਾਲਜੀਤ ਸਿੰਘ ਭੁੱਲਰ

ਸ਼ਮਸ਼ਾਨਘਾਟ

ਚੰਡੀਗੜ੍ਹ, 28 ਮਈ 2023: ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ (LALJIT SINGH BHULLAR) ਨੇ ਅੱਜ ਦੱਸਿਆ ਕਿ “ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਗ਼ੈਰ-ਨਿਰਧਾਰਤ ਰੂਟਾਂ ‘ਤੇ ਚਲ ਰਹੀਆਂ ਪਨਬੱਸ ਦੀਆਂ ਪੰਜ ਬੱਸਾਂ ਫੜੀਆਂ ਹਨ। ਇਸ ਤੋਂ ਇਲਾਵਾ ਟਿਕਟ ਗ਼ਬਨ ਦੇ ਤਿੰਨ ਹੋਰ ਮਾਮਲੇ ਵੀ ਰਿਪੋਰਟ ਕੀਤੇ ਗਏ ਹਨ।

ਟਰਾਂਸਪੋਰਟ ਮੰਤਰੀ (LALJIT SINGH BHULLAR)  ਨੇ ਦੱਸਿਆ ਕਿ ਸਵਾਰੀਆਂ ਵੱਲੋਂ ਬੱਸਾਂ ਦੇ ਬਿਨਾਂ ਸਵਾਰੀ ਚੜ੍ਹਾਇਆਂ ਲੰਘ ਜਾਣ ਅਤੇ ਰੂਟ ਬਦਲ ਕੇ ਲੰਘ ਜਾਣ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਫ਼ਲਾਇੰਗ ਸਕੁਐਡ ਨੇ ਪਿਛਲੇ ਦਿਨੀਂ ਵੱਖ-ਵੱਖ ਥਾਵਾਂ ‘ਤੇ ਚੈਕਿੰਗ ਕੀਤੀ ਜਿਸ ਵਿਚ ਮੋਰਿੰਡਾ ਬਾਈਪਾਸ ‘ਤੇ ਚੈਕਿੰਗ ਦੌਰਾਨ ਪੱਟੀ ਡਿਪੂ ਦੀ ਬੱਸ ਨੰਬਰ-ਪੀ.ਬੀ-02-ਐਲ.ਜੀ 4279, ਖੰਨਾ ਫ਼ਲਾਈਓਵਰ ‘ਤੇ ਬਟਾਲਾ ਡਿਪੂ ਦੀ ਬੱਸ ਨੰਬਰ-ਪੀ.ਬੀ-06-ਬੀ.ਐਕਸ-0213, ਖੰਨਾ ਬਾਈਪਾਸ ‘ਤੇ ਲੁਧਿਆਣਾ ਡਿਪੂ ਦੀ ਬੱਸ ਨੰਬਰ-ਪੀ.ਬੀ-10-ਜੀ.ਐਕਸ 5376, ਗੁਰਾਇਆ ਪੁਲ ‘ਤੇ ਅੰਮ੍ਰਿਤਸਰ-1 ਡਿਪੂ ਦੀ ਬੱਸ ਨੰਬਰ-ਪੀ.ਬੀ-02-ਈ.ਜੀ 5739 ਅਤੇ ਬਟਾਲਾ ਡਿਪੂ ਦੀ ਬੱਸ ਨੰਬਰ-ਪੀ.ਬੀ-06-ਬੀ.ਸੀ 0216 ਨੂੰ ਨਿਰਧਾਰਤ ਰੂਟਾਂ ਨਾਲੋਂ ਬਦਲਵੇਂ ਰੂਟਾਂ ‘ਤੇ ਚੱਲਣ ਲਈ ਰਿਪੋਰਟ ਕੀਤਾ ਗਿਆ ਹੈ।

ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਤਿੰਨ ਬੱਸਾਂ ਵਿੱਚ ਟਿਕਟ ਗ਼ਬਨ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਕਾਂਗੜਾ (ਹਿਮਾਚਲ ਪ੍ਰਦੇਸ਼) ਵਿਖੇ ਚੈਕਿੰਗ ਦੌਰਾਨ ਹੁਸ਼ਿਆਰਪੁਰ ਡਿਪੂ ਦੀ ਬੱਸ ਨੰਬਰ-ਪੀ.ਬੀ-07-ਬੀ.ਕਿਊ 0824 ਵਿੱਚ 90 ਰੁਪਏ ਦਾ ਟਿਕਟ ਗ਼ਬਨ, ਕੋਟ ਪੁਤਲੀ ਵਿਖੇ ਚੈਕਿੰਗ ਦੌਰਾਨ ਚੰਡੀਗੜ੍ਹ ਡਿਪੂ ਦੀ ਬੱਸ ਨੰਬਰ-ਪੀ.ਬੀ-65-ਬੀ.ਬੀ 9360 ਵਿੱਚ 30 ਰੁਪਏ ਅਤੇ ਤਿਹਾੜਾ ਵਿਖੇ ਚੈਕਿੰਗ ਦੌਰਾਨ ਜਗਰਾਉਂ ਡਿਪੂ ਦੀ ਬੱਸ ਨੰਬਰ-ਪੀ.ਬੀ-10-ਜੀ.ਐਕਸ 6852 ਵਿੱਚ 20 ਰੁਪਏ ਦਾ ਟਿਕਟ ਗ਼ਬਨ ਸਾਹਮਣੇ ਆਇਆ।

ਟਰਾਂਸਪੋਰਟ ਮੰਤਰੀ ਨੇ ਡਾਇਰੈਕਟਰ ਸਟੇਟ ਟਰਾਂਸਪੋਰਟ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਰਿਪੋਰਟ ਕੀਤੇ ਗਏ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਬਣਦੀ ਵਿਭਾਗੀ ਕਾਰਵਾਈ ਅਮਲ ਵਿੱਚ ਲਿਆਉਣ। ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਖ਼ਤ ਚਿਤਾਵਨੀ ਦਿੱਤੀ ਕਿ ਸਵਾਰੀਆਂ ਦੀ ਖੱਜਲ-ਖੁਆਰੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Exit mobile version