ਲਾਲਜੀਤ ਸਿੰਘ ਭੁੱਲਰ

ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ 5 ਲੀਟਰ ਡੀਜ਼ਲ ਚੋਰੀ ਕਰਦੇ ਡਰਾਈਵਰ ਸਣੇ ਸਵਾਰੀਆਂ ਨੂੰ ਪੈਸੇ ਲੈ ਕੇ ਟਿਕਟ ਨਾ ਦੇਣ ਵਾਲੇ ਦੋ ਕੰਡਕਟਰ ਫੜੇ

ਚੰਡੀਗੜ੍ਹ, 08 ਅਗਸਤ 2023: ਪੰਜਾਬ ਦੇ ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ (Minister’s Flying Squad) ਵੱਲੋਂ ਗਠਤ ਕੀਤੇ ਗਏ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਪਿਛਲੇ ਇੱਕ ਹਫ਼ਤੇ ਦੌਰਾਨ ਵੱਖ-ਵੱਖ ਥਾਵਾਂ ‘ਤੇ ਮਾਰੇ ਛਾਪਿਆਂ ਵਿੱਚ ਜਿੱਥੇ 5 ਲੀਟਰ ਡੀਜ਼ਲ ਚੋਰੀ ਕਰਦੇ ਡਰਾਈਵਰ ਨੂੰ ਰੰਗੇ-ਹੱਥੀਂ ਕਾਬੂ ਕੀਤਾ ਹੈ, ਉਥੇ ਸਵਾਰੀਆਂ ਤੋਂ ਪੈਸੇ ਲੈ ਕੇ ਟਿਕਟ ਨਾ ਦੇਣ ਵਾਲੇ ਦੋ ਕੰਡਕਟਰਾਂ ਸਮੇਤ ਅਣਅਧਿਕਾਰਤ ਰੂਟ ‘ਤੇ ਚੱਲਣ ਵਾਲੀਆਂ ਪੰਜ ਬੱਸਾਂ ਨੂੰ ਰਿਪੋਰਟ ਕੀਤਾ ਗਿਆ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸ. ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਮਨਿਸਟਰਜ਼ ਫ਼ਲਾਇੰਗ ਸਕੁਐਡ ਨੇ ਸ੍ਰੀ ਝਾੜ ਸਾਹਿਬ ਵਿਖੇ ਚੈਕਿੰਗ ਦੌਰਾਨ ਰੋਡਵੇਜ਼/ਪਨਬੱਸ ਡਿਪੂ ਲੁਧਿਆਣਾ ਦੀ ਬੱਸ ਨੰਬਰ ਪੀ.ਬੀ-10-ਡੀ.ਐਮ 8073 ਵਿੱਚੋਂ ਤੇਲ ਚੋਰੀ ਕਰਦਿਆਂ ਡਰਾਈਵਰ ਚਰਨਜੀਤ ਸਿੰਘ ਨੂੰ ਰੰਗੇ-ਹੱਥੀਂ ਕਾਬੂ ਕੀਤਾ ਹੈ। ਉਸ ਕੋਲੋਂ ਮੌਕੇ ਤੋਂ 5 ਲੀਟਰ ਡੀਜ਼ਲ ਬਰਾਮਦ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਕੈਰਾਨਾ (ਉੱਤਰ ਪ੍ਰਦੇਸ਼) ਵਿਖੇ ਫ਼ਲਾਇੰਗ ਸਕੁਐਡ (Minister’s Flying Squad) ਨੇ ਚੈਕਿੰਗ ਕੀਤੀ ਅਤੇ ਚੰਡੀਗੜ੍ਹ ਡਿਪੂ ਦੀ ਬੱਸ ਨੰਬਰ ਪੀ.ਬੀ-65-ਬੀ.ਬੀ 8852 ਦੇ ਕੰਡਕਟਰ ਲਖਵਿੰਦਰ ਸਿੰਘ ਨੂੰ ਸਵਾਰੀਆਂ ਤੋਂ 845 ਰੁਪਏ ਲੈ ਕੇ ਟਿਕਟਾਂ ਨਾ ਦੇਣ ਲਈ ਰਿਪੋਰਟ ਕੀਤਾ ਗਿਆ ਹੈ ਜਦਕਿ ਖਮਾਣੋਂ ਵਿਖੇ ਚੈਕਿੰਗ ਦੌਰਾਨ ਪੰਜਾਬ ਰੋਡਵਜ਼/ਪਨਬਸ ਪੱਟੀ ਡਿਪੂ ਦੀ ਬੱਸ ਨੰਬਰ ਪੀ.ਬੀ-02-ਈ.ਜੀ 4398 ਦੇ ਡਰਾਈਵਰ ਲਖਵਿੰਦਰ ਸਿੰਘ ਅਤੇ ਕੰਡਕਟਰ ਸਤਨਾਮ ਸਿੰਘ ਨੂੰ ਖਮਾਣੋਂ ਬੱਸ ਅੱਡੇ ‘ਤੇ ਬੱਸ ਨਾ ਰੋਕਣ ਅਤੇ 8 ਸਵਾਰੀਆਂ ਛੱਡ ਜਾਣ ਕਾਰਨ ਵਿਭਾਗ ਨੂੰ 510 ਰੁਪਏ ਵਿੱਤੀ ਨੁਕਸਾਨ ਪਹੁੰਚਾਉਣ ਲਈ ਰਿਪੋਰਟ ਕੀਤਾ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਖੰਨਾ ਵਿਖੇ ਚੈਕਿੰਗ ਦੌਰਾਨ ਬੱਸ ਨੰਬਰ ਪੀ.ਬੀ-06-ਬੀ.ਬੀ 3756 ਤੇ ਬੱਸ ਨੰਬਰ ਪੀ.ਬੀ-06 ਬੀ.ਬੀ 5356, ਸਰਹਿੰਦ ਵਿਖੇ ਬੱਸ ਨੰਬਰ ਪੀ.ਬੀ-02-ਈ.ਜੀ 1037, ਗੁਰਾਇਆ ਵਿਖੇ ਬੱਸ ਨੰਬਰ ਪੀ.ਬੀ-06 ਬੀ.ਸੀ 0206 ਅਤੇ ਉੱਚਾ ਪਿੰਡ ਵਿਖੇ ਚੈਕਿੰਗ ਦੌਰਾਨ ਬੱਸ ਨੰਬਰ ਪੀ.ਬੀ-46-ਐਮ 9304 ਨੂੰ ਅਣ-ਅਧਿਕਾਰਤ ਰੂਟਾਂ ‘ਤੇ ਚਲਦਾ ਪਾਇਆ ਗਿਆ। ਟਰਾਂਸਪੋਰਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਪਹੁੰਚਾਉਣ ਵਾਲੇ ਡਰਾਈਵਰਾਂ ਅਤੇ ਕੰਡਕਟਰਾਂ ਵਿਰੁੱਧ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।

Scroll to Top