ਚੰਡੀਗੜ੍ਹ, 9 ਅਗਸਤ 2023: ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਕਥਿਤ ਪਠਾਨਕੋਟ ਜ਼ਮੀਨ ਘਪਲੇ ਵਿੱਚ ‘ਆਪ’ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਨਾਂ ਆਉਣ ਤੋਂ ਬਾਅਦ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ। ਇਸਦੇ ਨਾਲ ਹੀ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ ਜਾਂਚ ਲਈ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਈ ਜਾਵੇ।
ਪ੍ਰਤਾਪ ਬਾਜਵਾ ਨੇ ਇਕ ਖ਼ਬਰ ਦਾ ਹਵਾਲਾ ਦਿੰਦਿਆਂ ਕੈਬਨਿਟ ਮੰਤਰੀ ਕਟਾਰੂਚੱਕ ਨੇ ਕਥਿਤ ਤੌਰ ‘ਤੇ ਘਪਲੇ ਵਿਚ ਸ਼ਾਮਲ ਡੀਡੀਪੀਓ ਕੁਲਦੀਪ ਸਿੰਘ ਨੂੰ ਪਠਾਨਕੋਟ ਦੇ ਵਧੀਕ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕਰਨ ਵਿਚ ਮੱਦਦ ਕੀਤੀ ਸੀ।
ਬਾਜਵਾ ਨੇ ਦੋਸ਼ ਲਾਇਆ ਕਿ ਇਸ ਪੋਸਟਿੰਗ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਕਟਾਰੂਚੱਕ ਨੇ ਤਤਕਾਲੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇੱਕ ਡੈਮੀ-ਆਫੀਸ਼ੀਅਲ (ਡੀਓ) ਪੱਤਰ ਵੀ ਲਿਖਿਆ ਸੀ। ਇਸ ਤੋਂ ਸਾਬਤ ਹੁੰਦਾ ਹੈ ਕਿ ਕਟਾਰੂਚੱਕ ਕਥਿਤ ਦਾਗੀ ਡੀਡੀਪੀਓ ਨਾਲ ਮਿਲ ਕੇ ਕੰਮ ਕਰ ਰਿਹਾ ਸੀ।
ਪ੍ਰਤਾਪ ਬਾਜਵਾ (Partap Singh Bajwa) ਨੇ ਕਿਹਾ ਕਿ ਕਟਾਰੂਚੱਕ ਨੇ ਆਪਣੇ ਖ਼ਿਲਾਫ਼ ਜਿਨਸੀ ਸ਼ੋਸ਼ਣ ਮਾਮਲੇ ਦੀ ਪੰਜਾਬ ਪੁਲਿਸ ਦੀ ਸਿਟ ਜਾਂਚ ਨੂੰ ਪ੍ਰਭਾਵਿਤ ਕੀਤਾ। ਸਿੱਟੇ ਵਜੋਂ, ਕੇਸ ਦਾ ਪੀੜਤ ਸ਼ਿਕਾਇਤਕਰਤਾ ਆਪਣੇ ਪਹਿਲੇ ਬਿਆਨਾਂ ਤੋਂ ਪਿੱਛੇ ਹਟ ਗਿਆ ਅਤੇ ਆਪਣੀ ਸ਼ਿਕਾਇਤ ਵਾਪਸ ਲੈ ਲਈ। ਦੋਸ਼ ਲਾਇਆ ਕਿ ਐੱਸਆਈਟੀ ਨੇ ਪੀੜਤ ਅਤੇ ਉਸ ਦੇ ਪਰਿਵਾਰ ‘ਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾਇਆ। ਜਦੋਂ ਕਿ ਰਾਜਪਾਲ ਵੱਲੋਂ ਬਣਾਈ ਗਈ ਫੋਰੈਂਸਿਕ ਜਾਂਚ ਰਿਪੋਰਟ ਤੋਂ ਸਾਫ਼ ਪਤਾ ਲੱਗਦਾ ਹੈ ਕਿ ਵੀਡੀਓ ਨਾਲ ਛੇੜਛਾੜ ਨਹੀਂ ਕੀਤੀ ਗਈ ਸੀ।
ਬਾਜਵਾ ਨੇ ਕਿਹਾ ਕਿ ਹੁਣ ਦੂਜੀ ਵਾਰ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਮੰਤਰੀ ਕਟਾਰੂਚੱਕ ਦਾ ਨਾਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀ ਵੱਲੋਂ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਕਟਾਰੁਚਕ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਸਦੇ ਨਾਲ ਹੀ ਕਿਹਾ ਕਿ ਜੇਕਰ ਸੂਬੇ ਦੀ ਕੋਈ ਜਾਂਚ ਏਜੰਸੀ ਇਸ ਮਾਮਲੇ ਦੀ ਜਾਂਚ ਕਰਦੀ ਹੈ ਤਾਂ ਉਹ ਭਰੋਸੇਮੰਦ ਨਹੀਂ ਹੋਵੇਗੀ।