ਚੰਡੀਗੜ੍ਹ ,11 ਮਈ 2023: ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਪੰਜਾਬ ਦੇ ਰਾਜਪਾਲ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ ਹੈ। ਪ੍ਰਤਾਪ ਬਾਜਵਾ ਨੇ ਕਿਹਾ ਕਿ ਰਾਜਪਾਲ ਨੇ ਸੁਖਪਾਲ ਸਿੰਘ ਖਹਿਰਾ ਦੀ ਸੁਰੱਖਿਆ ਦੀ ਮੰਗ ਮੰਨ ਲਈ ਹੈ। ਹਾਲ ਹੀ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਬਾਰੇ ਕੁਝ ਕਥਿਤ ਅਸ਼ਲੀਲ ਵੀਡੀਓ ਗਵਰਨਰ ਨੂੰ ਦਿੱਤੇ ਸਨ ਤਾਂ ਜੋ ਉਨ੍ਹਾਂ ਦੀ ਜਾਂਚ ਕਰਵਾਈ ਜਾ ਸਕੇ।
ਚੰਡੀਗੜ੍ਹ ਪੁਲਿਸ ਨੇ ਵੀਡੀਓ ਦੀ ਜਾਂਚ ਕਰਵਾਈ ਤਾਂ ਵੀਡੀਓ ਸਹੀ ਪਾਈ ਗਈ ਅਤੇ ਕਿਸੇ ਵੀ ਤਰ੍ਹਾਂ ਨਾਲ ਛੇੜਛਾੜ ਨਹੀਂ ਕੀਤੀ ਗਈ। ਪੰਜਾਬ ਰਾਜਪਾਲ ਨੇ ਮੁੜ ਡੀਜੀਪੀ ਪੰਜਾਬ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਸ.ਆਈ.ਟੀ. ਦਾ ਗਠਨ ਕੀਤਾ |
ਪ੍ਰਤਾਪ ਸਿੰਘ ਬਾਜਵਾ (Partap Singh Bajwa) ਨੇ ਮੰਗ ਕੀਤੀ ਸੀ ਕਿ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਗ੍ਰਿਫਤਾਰ ਕੀਤਾ ਜਾਵੇ, ਪੋਕਸੋ ਐਕਟ ਤਹਿਤ ਕੇਸ ਦਰਜ ਕੀਤਾ ਜਾਵੇ ਅਤੇ ਉਸ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕੀਤਾ ਜਾਵੇ। ਇਸ ਸਭ ਤੋਂ ਬਾਅਦ ਖਹਿਰਾ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਜਾਣ ਦਾ ਖਦਸ਼ਾ ਜਤਾਇਆ ਹੈ | ਰਾਜਪਾਲ ਨੇ ਭਰੋਸਾ ਦਿੱਤਾ ਹੈ ਕਿ ਉਹ ਡੀਜੀਪੀ ਨੂੰ ਪੱਤਰ ਲਿਖਣਗੇ ਕਿ ਕਿਸੇ ਵੀ ਹਾਲਤ ਵਿੱਚ ਲੋਕਤੰਤਰ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ।
ਇਸਦੇ ਨਾਲ ਹੀ ਉਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਅਦ ਮੁੜ ਹੋਏ ਬੰਬ ਧਮਾਕੇ ਨੂੰ ਲੈ ਕੇ ਕਿਹਾ ਕਿ, ਪੁਲਿਸ ਕੀ ਕਰ ਰਹੀ ਹੈ, ਜੇਕਰ ਅਸੀਂ ਦਰਬਾਰ ਸਾਹਿਬ ਦੀ ਸੁਰੱਖਿਆ ਨਹੀਂ ਕਰ ਸਕੇ ਤਾਂ ਕੀ ਇਹ ਪੁਲਿਸ ਦੀ ਨਾਕਾਮੀ ਨਹੀਂ ? | ਉਨ੍ਹਾਂ ਨੇ ਰਾਜਪਾਲ ਨੂੰ ਵੀ ਇਸ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ 13 ਨੂੰ ਜਲੰਧਰ ਦੇ ਲੋਕਾਂ ਦਾ ਫਤਵਾ ‘ਆਪ’ ਦੇ ਖਿਲਾਫ ਅਤੇ ਕਾਂਗਰਸ ਦੇ ਹੱਕ ‘ਚ ਆ ਰਿਹਾ ਹੈ।ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਰਾਜਪਾਲ ਨੇ ਪੁਸ਼ਟੀ ਕੀਤੀ ਹੈ ਕਿ ਲਾਲਚੰਦ ਕਟਾਰੂਚੱਕ ਦੀ ਵੀਡੀਓ ਅਸਲੀ ਹੈ ਅਤੇ ਇਸ ਵਿੱਚ ਕੋਈ ਛੇੜਛਾੜ ਨਹੀਂ ਕੀਤੀ ਗਈ, ਇਸਦੀ ਫੋਰੈਂਸਿਕ ਜਾਂਚ ਕਾਰਵਾਈ ਗਈ ਹੈ ।